Breaking News
Home / ਪੰਜਾਬ / ਪਾਠ-ਪੁਸਤਕ ਦੇ ਵਿਵਾਦ ‘ਤੇ ਕੈਪਟਨ ਨੇ ਵਿਰੋਧੀਆਂ ਨੂੰ ਲਿਆ ਕਰੜੇ ਹੱਥੀਂ

ਪਾਠ-ਪੁਸਤਕ ਦੇ ਵਿਵਾਦ ‘ਤੇ ਕੈਪਟਨ ਨੇ ਵਿਰੋਧੀਆਂ ਨੂੰ ਲਿਆ ਕਰੜੇ ਹੱਥੀਂ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਪਾਠ-ਪੁਸਤਕ ਦੇ ਵਿਵਾਦ ‘ਤੇ ਵਿਰੋਧੀ ਧਿਰ ਨੂੰ ਕਰੜੇ ઠਹੱਥੀਂ ਲੈਂਦਿਆਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ‘ਤੇ ਸਿਆਸਤ ਕਰ ਕੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਇਸ ਸਬੰਧੀ ਤੱਥਾਂ ਦੀ ਪੁਸ਼ਟੀ ਕੀਤੇ ਬਗ਼ੈਰ ਸਰਕਾਰ ਨੂੰ ਬਦਨਾਮ ਕਰਨ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ 2014 ਵਿੱਚ ਅਕਾਲੀ ਸਰਕਾਰ ਸਮੇਂ ਐਨਸੀਈਆਰਟੀ ਸਿਲੇਬਸ ਅਨੁਸਾਰ ਮੁੜ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਮੁੱਦੇ ‘ਤੇ ਚਰਚਾ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਾਮਲ ਕੀਤਾ ਸੀ, ਜਿਸ ਤਹਿਤ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਨੂੰ ਮੁੜ ਤਿਆਰ ਕਰਨ ਲਈ ਚਰਚਾ ਵਾਸਤੇ 9 ਜਨਵਰੀ 2014 ਨੂੰ ਮਾਹਿਰਾਂ ਦੀ ਇਕ ਕਮੇਟੀ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇਸ ਵਿਸ਼ੇ ‘ਤੇ ਚਰਚਾ ਲਈ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਡਾਇਰੈਕਟਰ (ਸਹਾਇਕ ਪ੍ਰੋਫੈਸਰ, ਐਨਸੀਈਆਰਟੀ) ਤੋਂ ਵੀ ਜਾਣਕਾਰੀ ਲਈ ਸੀ। ਮਾਰਚ 2014 ਵਿੱਚ ਇਹ ਸਿਲੇਬਸ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਸੀ। ਸਾਲ 2015 ਵਿੱਚ ਨੌਵੀਂ ਜਮਾਤ ਦੇ ਸਿਲੇਬਸ ਨੂੰ ਅੰਤਿਮ ਰੂਪ ਦਿੱਤੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਸੀ। ਸਿਲੇਬਸ ਨੂੰ ਮੁੜ ਵਿਉਂਤਣ ਬਾਅਦ 2016 ਵਿੱਚ ਬੋਰਡ ਵੱਲੋਂ 9ਵੀਂ ਅਤੇ 10ਵੀਂ ਜਮਾਤਾਂ ਲਈ ਕਿਤਾਬਾਂ ਪ੍ਰਕਾਸ਼ਿਤ ਕਰਾਈਆਂ ਸਨ ਅਤੇ 11ਵੀਂ-12ਵੀਂ ਜਮਾਤਾਂ ਲਈ ਕਿਤਾਬਾਂ 2018 ਵਿੱਚ ਛਪਾਉਣ ਬਾਰੇ ਫ਼ੈਸਲਾ ਕੀਤਾ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਸੱਤਾ ਸੰਭਾਲਣ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਤਿਹਾਸ ਦੇ ਵਿਸ਼ੇ ਨੂੰ ਮੁੜ ਤਿਆਰ ਲਈ ਵਿਚਾਰ-ਚਰਚਾ ਵਾਸਤੇ ਮਾਰਚ 2017 ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ। ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਪਰਮਵੀਰ ਸਿੰਘ ਨੂੰ ਜ਼ਿੰਮਾ ਦਿੱਤਾ ਸੀ, ਜਿਨ੍ਹਾਂ ਨੇ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ। ਕੈਪਟਨ ਨੇ ਭਾਈ ਲੌਂਗੋਵਾਲ ਦੀ ਆਪਣੇ ਰਾਜਸੀ ਹਿੱਤਾਂ ਲਈ ਇਸ ਮਸਲੇ ਬਾਰੇ ਜਾਣ-ਬੁੱਝ ਕੇ ਅਸਲ ਤੱਥ ਛੁਪਾਉਣ ਲਈ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਕਰਨ ਦੇ ਲਾਏ ਜਾ ਰਹੇ ਦੋਸ਼ ਕੋਰੇ ਝੂਠ ਹਨ।
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਮੁੜ ਤਿਆਰ ਕੀਤੇ ਸਿਲੇਬਸ ਵਿੱਚ ਸਿੱਖ ਗੁਰੂਆਂ ਬਾਰੇ ਮੁਕੰਮਲ ਇਤਿਹਾਸ ੂ ਬਗ਼ੈਰ ਕਿਸੇ ਕਾਂਟ-ਛਾਂਟ ਸ਼ਾਮਲ ਕੀਤਾ ਗਿਆ ਹੈ। ਸਿਲੇਬਸ ਨੂੰ ਮੁੜ ਤਿਆਰ ਕਰਨ ਬਾਅਦ ਹੁਣ 11ਵੀਂ ਜਮਾਤ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਕਾਲ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹਾਇਆ ਜਾ ਰਿਹਾ ਹੈ।
ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਉਨ੍ਹਾਂ ਦੀ ਨਿੱਜੀ ਸਿਫ਼ਾਰਸ਼ ‘ਤੇ ਸ਼ਾਮਲ ਕੀਤਾ ਗਿਆ ਹੈ। ਹੁਣ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ‘ਤੇ ਮੁਕੰਮਲ ਸਿੱਖ ਇਤਿਹਾਸ ਕਾਲ ਬਾਰੇ ਪੜ੍ਹਾਏ ਜਾਣ ਬਾਰੇ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕਿਸੇ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਕਿਸੇ ਵੀ ਸਿਲੇਬਸ ਦਾ ਖਾਕਾ ਵਿਸ਼ਾ-ਵਸਤੂ ਆਧਾਰ ‘ਤੇ ਤਿਆਰ ਕੀਤਾ ਜਾਂਦਾ ਹੈ, ਚੈਪਟਰਾਂ ਅਨੁਸਾਰ ਨਹੀਂ। ਉਨ੍ਹਾਂ ਕਿਹਾ ਕਿ ਅਧਿਆਏ (ਚੈਪਟਰ) ਪ੍ਰਕਾਸ਼ਕ ਅਤੇ ਪ੍ਰਿੰਟਰ ਵੱਲੋਂ ਆਪਣੀ ਪਸੰਦ ਤੇ ਸੌਖ ਮੁਤਾਬਕ ਤਿਆਰ ਕੀਤੇ ਜਾਂਦੇ ਹਨ।

Check Also

ਪੰਜਾਬ ਸਰਕਾਰ ਵੱਲੋਂ ਕਰਵਾਈ ਜਾਵੇਗੀ ਮਹਿਲਾਵਾਂ ਦੀ ਕੈਂਸਰ ਸਕਰੀਨਿੰਗ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ …