Breaking News
Home / ਹਫ਼ਤਾਵਾਰੀ ਫੇਰੀ / ਹਿਮਾਚਲ ‘ਚ ਪੰਜ ਦਿਨ ਵਰ੍ਹੇ ਮੀਂਹ ਨੇ ਹਿਮਾਚਲ ਪ੍ਰਦੇਸ਼ ਸਣੇ ਪੰਜਾਬ ‘ਚ ਵੀ ਮਚਾਈ ਤਬਾਹੀ

ਹਿਮਾਚਲ ‘ਚ ਪੰਜ ਦਿਨ ਵਰ੍ਹੇ ਮੀਂਹ ਨੇ ਹਿਮਾਚਲ ਪ੍ਰਦੇਸ਼ ਸਣੇ ਪੰਜਾਬ ‘ਚ ਵੀ ਮਚਾਈ ਤਬਾਹੀ

ਪੰਜਾਬ ‘ਚ ਫਿਰ ਹੜ੍ਹ
ਭਾਖੜਾ ਤੇ ਪੌਂਗ ਡੈਮ ‘ਚੋਂ ਛੱਡੇ ਪਾਣੀ ਨੇ ਪੰਜਾਬ ਦੀਆਂ ਵਧਾਈਆਂ ਮੁਸ਼ਕਲਾਂ
ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਸਣੇ 8 ਜ਼ਿਲ੍ਹੇ ਪਾਣੀ ਦੀ ਮਾਰ ਹੇਠ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਕਈ ਪਿੰਡ ਇਕ ਵਾਰ ਫਿਰ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਗੁਰਦਾਸਪੁਰ ਵਿਚ ਤਾਂ ਦੋ ਬੱਚਿਆਂ ਦੀ ਪਾਣੀ ਵਿਚ ਰੁੜਨ ਕਰਕੇ ਜਾਨ ਵੀ ਚਲੇ ਗਈ ਹੈ। ਭਾਖੜਾ ਡੈਮ ਅਤੇ ਪੌਂਗ ਡੈਮ ਵਿਚੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਨਾਲ ਪੰਜਾਬ ਦੇ ਕੁਝ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ। ਧਿਆਨ ਰਹੇ ਕਿ ਪਿਛਲੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪਿਆ ਹੈ ਅਤੇ ਇਸ ਕਰਕੇ ਭਾਖੜਾ ਡੈਮ ਅਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ। ਜਿਸ ਕਰਕੇ ਡੈਮਾਂ ਵਿਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਕਰਕੇ ਸਤਲੁਜ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਕਰਕੇ ਰੂਪਨਗਰ ਜ਼ਿਲ੍ਹੇ ਦਾ ਨੰਗਲ ਅਤੇ ਨੂਰਪੁਰੀ ਬੇਦੀ ਖੇਤਰ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਉਧਰ ਦੂਜੇ ਪਾਸੇ ਪੌਂਗ ਡੈਮ ਵਿਚੋਂ ਛੱਡੇ ਜਾ ਰਹੇ ਪਾਣੀ ਨਾਲ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਰਕੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ।
ਬਿਆਸ ਦਰਿਆ ‘ਤੇ ਬਣੇ ਪੌਂਗ ਡੈਮ ਵਿਚੋਂ ਛੱਡੇ ਜਾ ਰਹੇ ਪਾਣੀ ਨਾਲ ਗੁਰਦਾਸਪੁਰ ਤੇ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿਚ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ। ਇਸੇ ਦੌਰਾਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਹੈ। ਉਥੇ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਪ੍ਰਸ਼ਾਸਨ ਵਲੋਂ ਖਾਲੀ ਕਰਵਾਇਆ ਜਾ ਚੁੱਕਾ ਹੈ। ਕਪੂਰਥਲਾ ਦੇ ਵਿਧਾਨ ਸਭਾ ਖੇਤਰ ਭੁਲੱਥ ਦੇ ਕਈ ਪਿੰਡਾਂ ਵਿਚ ਵੀ ਪਾਣੀ ਦਾਖਲ ਹੋ ਚੁੱਕਾ ਹੈ। ਇਸੇ ਦੌਰਾਨ ਬਿਆਸ ਦਰਿਆ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਵੀ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਸੂਬੇ ਵਿੱਚ ਹਾਲਾਤ ਕਾਬੂ ਹੇਠ: ਮੁੱਖ ਮੰਤਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਦੇ ਮੱਦੇਨਜ਼ਰ ਹਾਲਾਤ ਕਾਬੂ ਹੇਠ ਹਨ ਅਤੇ ਸੂਬਾ ਸਰਕਾਰ ਸਮੁੱਚੀ ਸਥਿਤੀ ਉੱਤੇ ਸਖ਼ਤੀ ਨਾਲ ਨਜ਼ਰ ਰੱਖ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਲੋਕਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਸੂਬੇ ਦੇ ਹਰ ਕੋਨੇ ਵਿਚ ਰਾਹਤ ਪਹੁੰਚਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ਵਿੱਚੋਂ ਵਾਧੂ ਪਾਣੀ ਛੱਡਣ ਕਾਰਨ ਸੂਬਾ ਸਰਕਾਰ ਲਗਾਤਾਰ ਹਿਮਾਚਲ ਸਰਕਾਰ ਤੇ ਬੀਬੀਐੱਮਬੀ ਦੇ ਸੰਪਰਕ ਵਿੱਚ ਹੈ।
ਉਨ੍ਹਾਂ ਕਿਹਾ ਕਿ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਵਿੱਚ ਹਾਲਾਤ ਕਾਬੂ ਹੇਠ ਹਨ। ਮੁੱਖ ਮੰਤਰੀ ਨੇ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹਿਰਾ ਦੇਣ ਦੇ ਹੁਕਮ ਜਾਰੀ ਕੀਤੇ ਹਨ।
35 ਸਾਲਾਂ ‘ਚ ਪਹਿਲੀ ਵਾਰ ਭਾਖੜਾ ਡੈਮ ਦੇ ਫਲੱਡ ਗੇਟ 12 ਫੁੱਟ ਤੱਕ ਖੋਲ੍ਹੇ ਗਏ
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਭਾਖੜਾ ਡੈਮ ਦੇ ਫਲੱਡ ਗੇਟ ਪੰਜ ਦਿਨ ਤੱਕ ਖੁੱਲ੍ਹੇ ਰਹਿਣਗੇ। ਭਾਖੜਾ ਡੈਮ ਦੇ ਫਲੱਡ ਗੇਟ 12 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਅਤੇ ਅਜਿਹਾ 35 ਸਾਲਾਂ ‘ਚ ਪਹਿਲੀ ਵਾਰ ਕਰਨਾ ਪਿਆ। ਉਧਰ ਬੀਬੀਐਮਬੀ ਦੇ ਮੁਖੀ ਅਭਿਯੰਤ ਏਕੇ ਸਿਡਾਨਾ ਨੇ ਦੱਸਿਆ ਕਿ ਪੌਂਗ ਡੈਮ ਦੇ ਪਾਣੀ ਦਾ ਪੱਧਰ 1397. 57 ਫੁੱਟ ਦਰਜ ਕੀਤਾ ਗਿਆ, ਜੋ ਕਿ ਖਤਰੇ ਦੇ ਨਿਸ਼ਾਨ 1395 ਤੋਂ 2. 57 ਫੁੱਟ ਉਪਰ ਹੈ। ਜ਼ਿਕਰਯੋਗ ਹੈ ਕਿ ਪਹਾੜੀ ਖੇਤਰ ਵਿਚ ਜ਼ਿਆਦਾ ਮੀਂਹ ਪੈਣ ਕਰਕੇ ਭਾਖੜਾ ਡੈਮ ਅਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵਧਿਆ ਹੈ, ਜਿਸ ਦੇ ਚਲਦਿਆਂ ਇਨ੍ਹਾਂ ਡੈਮਾਂ ਦੇ ਫਲੱਡ ਗੇਟ ਖੋਲ੍ਹਣੇ ਪਏ।
ਸ੍ਰੀ ਹਰਗੋਬਿੰਦਪੁਰ ਦੇ 2 ਬੱਚੇ ਬਰਸਾਤੀ ਨਾਲੇ ‘ਚ ਰੁੜ੍ਹੇ
ਗੁਰਦਾਸਪੁਰ : ਕਸਬਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਧੀਰੋਵਾਲ ਦੇ ਦੋ ਬੱਚੇ ਬਰਸਾਤੀ ਨਾਲੇ ‘ਚ ਰੁੜ੍ਹ ਗਏ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕ ਬੱਚਿਆਂ ਦੀ ਪਛਾਣ ਜਸਕਰਨ ਸਿੰਘ (14) ਅਤੇ ਦਿਲਪ੍ਰੀਤ ਸਿੰਘ (13) ਵਜੋਂ ਹੋਈ ਹੈ। ਇਹ ਦੋਵੇਂ ਨਾਲੇ ਦਾ ਵਹਿੰਦਾ ਪਾਣੀ ਵੇਖਣ ਗਏ ਸਨ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਡਰੇਨ ਵਿੱਚ ਰੁੜ੍ਹ ਗਏ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਹੈ।
ਹੁਸ਼ਿਆਰਪੁਰ : ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਪਹੁੰਚੇ। ਉਨ੍ਹਾਂ ਟਾਂਡਾ ਦੇ ਰੜਾ ਮੰਡ, ਫੱਤਾਕੁੱਲਾ, ਅਬਦੁਲਪੁਰਾ, ਮਿਆਣੀ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …