Breaking News
Home / ਹਫ਼ਤਾਵਾਰੀ ਫੇਰੀ / ਮਜ਼ਦੂਰਾਂ ਦੀ ਤੋਟ : ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਲਈ ਸਹੂਲਤ, ‘ਰੋਟੀ, ਕੱਪੜਾ, ਰਿਹਾਇਸ਼ ਤੇ ਮੋਬਾਈਲ ਮੁਫਤ’

ਮਜ਼ਦੂਰਾਂ ਦੀ ਤੋਟ : ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਲਈ ਸਹੂਲਤ, ‘ਰੋਟੀ, ਕੱਪੜਾ, ਰਿਹਾਇਸ਼ ਤੇ ਮੋਬਾਈਲ ਮੁਫਤ’

ਰੇਲਵੇ ਸਟੇਸ਼ਨਾਂ ‘ਤੇ ਜਾ ਕੇ ਪਰਵਾਸੀ ਮਜ਼ਦੂਰਾਂ ਨੂੰ ਲੱਭਣ ਲੱਗੇ ਕਿਸਾਨ
ਫਿਰੋਜ਼ਪੁਰ : ਜ਼ਰੂਰਤ ਪੈਣ ‘ਤੇ ਪਰਵਾਸੀ ਮਜ਼ਦੂਰ ਕਿੰਨੇ ਅਹਿਮ ਹੁੰਦੇ ਹਨ, ਇਸਦਾ ਅੰਦਾਜ਼ਾ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਕਿਸਾਨਾਂ ਦੀ ਹਾਲਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ਜੋ ਸਵੇਰੇ ਤੋਂ ਹੀ ਬਿਹਾਰ, ਉਤਰ ਪ੍ਰਦੇਸ਼ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਦੇ ਇੰਤਜ਼ਾਰ ਵਿਚ ਬੈਠੇ ਰਹਿੰਦੇ ਹਨ। ਸਟੇਸ਼ਨ ‘ਤੇ ਗੱਡੀ ਦੇ ਰੁਕਦੇ ਹੀ ਜਨਰਲ ਕੋਚ ਵੱਲ ਇਸ ਤਰ੍ਹਾਂ ਭੱਜਦੇ ਹਨ ਜਿਵੇਂ ਕਿ ਉਹ ਪਹਿਲਾਂ ਨਾ ਪੁੱਜਦੇ ਤਾਂ ਉਨ੍ਹਾਂ ਦਾ ਹੱਕ ਹੀ ਉਨ੍ਹਾਂ ਤੋਂ ਕੋਈ ਖੋਹ ਕੇ ਲੈ ਜਾਵੇਗਾ। ਉਂਝ ਤਾਂ ਕਿਸਾਨਾਂ ਨੂੰ ਪੂਰੇ ਸਾਲ ਹੀ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਪਰ ਝੋਨੇ ਦੀ ਬਿਜਾਈ ਦਾ ਕੰਮ ਅਜਿਹਾ ਹੈ, ਜਿਸ ਵਿਚ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਮਜ਼ਦੂਰ ਨਾ ਮਿਲੇ ਤਾਂ ਉਨ੍ਹਾਂ ਦੀ ਫਸਲ ਲੇਟ ਹੋ ਸਕਦੀ ਹੈ।
ਇਸ ਨੂੰ ਵੇਖਦੇ ਹੋਏ ਕਿਸਾਨ ਹਰ ਹਾਲ ਵਿਚ ਮਜ਼ਦੂਰਾਂ ਨੂੰ ਆਪਣੇ ਖੇਤ ਤੱਕ ਪਹੁੰਚਾਉਣਾ ਚਾਹੁੰਦੇ ਹਨ। ਰੇਲਵੇ ਸਟੇਸ਼ਨ ‘ਤੇ ਮਜ਼ਦੂਰ ਲੈਣ ਪਹੁੰਚੇ ਕਿਸਾਨ ਝਿਰਮਲ ਸਿੰਘ, ਗੁਰਮੇਜ ਸਿੰਘ, ਰਣਬੀਰ ਸਿੰਘ, ਤਰਲੋਕ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਉਨ੍ਹਾਂ ਮਜ਼ਦੂਰਾਂ ਦੀ ਪਹਿਲੋਂ ਤੋਂ ਹੀ ਬੁਕਿੰਗ ਕਰਕੇ ਬੁਲਾਏ ਹੋਏ ਹਨ। ਜੇ ਉਹ ਮਜ਼ਦੂਰਾਂ ਨੂੰ ਪਲੇਟ ਫਾਰਮ ਤੋਂ ਨਾ ਲੈ ਕੇ ਜਾਂਦੇ ਤਾਂ ਹੋਰ ਕਿਸਾਨ ਉਨ੍ਹਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਲੈ ਜਾਂਦੇ ਹਨ।
ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਵਿਚ ਵੀ ਝੋਨੇ ਦੇ ਸੀਜ਼ਨ ਕਾਰਨ ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਦੀ ਭਾਲ ਲਈ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਝੋਨਾ ਲਾਉਣ ਲਈ ਮਾਲਵੇ ਦੇ ਇਲਾਕੇ ਵਿਚ ਮਜ਼ਦੂਰਾਂ ਦੀ ਕਿਸਾਨਾਂ ਨੂੰ ਹਾਲੇ ਕਾਫੀ ਘਾਟ ਰੜਕ ਰਹੀ ਹੈ। ਪਿੰਡਾਂ ਵਿਚ ਭਾਵੇਂ ਪੇਂਡੂ ਮਜ਼ਦੂਰ ਝੋਨਾ ਲਾਉਣ ਦਾ ਕੰਮ ਵੀ ਕਰਦੇ ਹਨ, ਪਰ ਕਿਸਾਨ ਬਿਹਾਰ ਤੇ ਯੂਪੀ ਦੇ ਮਜ਼ਦੂਰਾਂ ਤੋਂ ਹੀ ਝੋਨਾ ਲੁਆਉਣ ਨੂੰ ਹੀ ਤਰਜੀਹ ਦਿੰਦੇ ਹਨ, ਕਿਉਂਕਿ ਇਹ ਮਜ਼ਦੂਰਆਪਣੇ ਰੋਟੀ-ਟੁੱਕ ਦਾ ਪ੍ਰਬੰਧ ਆਪ ਕਰਦੇ ਹਨ ਅਤੇ ਝੋਨੇ ਦੀ ਲੁਆਈ ਬੜੀ ਤੇਜ਼ੀ ਨਾਲ ਕਰਦੇ ਹਨ।  ਇਸ ਕਾਰਨ ਪਰਵਾਸੀ ਮਜ਼ਦੂਰਾਂ ਦੀ ਮੰਗ ਵਧ ਰਹੀ ਹੈ। ਇਹ ਪਰਵਾਸੀ ਮਜ਼ਦੂਰ ਪੰਜਾਬ ਵਿਚ ਝੋਨੇ ਦੀ ਲੁਆਈ ਦਾ ਕੰਮ ਨਿਬੇੜ ਕੇ ਜੰਮੂ ਵੱਲ ਝੋਨਾ ਲਾਉਣ ਲਈ ਵਹੀਰਾਂ ਘੱਤ ਲੈਂਦੇ ਹਨ। ਇਸ ਮੌਕੇ ਕੁਝ ਕਿਸਾਨਾਂ ਨੇ ਕਿਹਾ ਕਿ ਦੇਸ਼ ਵਿਚ ਮਨਰੇਗਾ ਸਕੀਮ ਲਾਗੂ ਹੋਣ ਕਾਰਨ ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਦੀ ਆਮਦ ‘ਤੇ ਵੀ ਕਾਫੀ ਅਸਰ ਪਿਆ ਹੈ।
ਕਿਸਾਨ ਦਿੰਦੇ ਪਰਵਾਸੀ ਮਜ਼ਦੂਰਾਂਨੂੰ ਸਹੂਲਤਾਂ
{ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਪਰਵਾਸੀ ਮਜ਼ਦੂਰਾਂ ਦੀ ਭਾਲ ਵਿਚ ਆਏ ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਵੰਨ ਸੁਵੰਨੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ, ਜਿਸ ਵਿਚ ਕਿਸਾਨਾਂ ਵਲੋਂ ਮਜ਼ਦੂਰਾਂ ਨੂੰ ਰਹਿਣ ਲਈ ਮਕਾਨ, ਖਾਣ ਲਈ ਰੋਟੀ, ਪਹਿਨਣ ਲਈ ਕੱਪੜਾ ਅਤੇ ਮੋਬਾਇਲ ਦੀ ਸਹੂਲਤ ਹੈ।
ਮਜ਼ਦੂਰਾਂ ਨੂੰ ਲੈ ਕੇ ਭਿੜ ਚੁੱਕੇ ਹਨ ਜ਼ਿਮੀਂਦਾਰ
ਝੋਨੇ ਦੇ ਸੀਜ਼ਨ ਦੌਰਾਨ ਮਾਲਵਾ ਇਲਾਕੇ ਵਿਚ ਪਰਵਾਸੀ ਮਜ਼ਦੂਰਾਂ ਦੀ ਕਿੱਲਤ ਕਾਰਨ ਕਿਸਾਨ ਜਦੋਂ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ‘ਤੇ ਮਜ਼ਦੂਰਾਂ ਨੂੰ ਲੈਣ ਜਾਂਦੇ ਹਨ ਤਾਂ ਕਈ ਵਾਰ ਮਜ਼ਦੂਰਾਂ ਖਾਤਰ ਕਿਸਾਨ ਉਥੇ ਆਪਸ ਵਿਚ ਹੀ ਭਿੜ ਪੈਂਦੇ ਹਨ। ਪਿਛਲੇ ਸਾਲ ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਹੋਇਆ ਸੀ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …