Breaking News
Home / ਹਫ਼ਤਾਵਾਰੀ ਫੇਰੀ / ਬਠਿੰਡਾ ਦੇ 4 ਸਕੂਲ ਕੀਤੇ ਡਬਲ ਸਿਫ਼ਟ, ਫਾਜ਼ਿਲਕਾ ਵਿਚ ਰੋਟੇਸ਼ਨ ‘ਚ ਲੱਗਦੀਆਂ ਹਨ ਜਮਾਤਾਂ

ਬਠਿੰਡਾ ਦੇ 4 ਸਕੂਲ ਕੀਤੇ ਡਬਲ ਸਿਫ਼ਟ, ਫਾਜ਼ਿਲਕਾ ਵਿਚ ਰੋਟੇਸ਼ਨ ‘ਚ ਲੱਗਦੀਆਂ ਹਨ ਜਮਾਤਾਂ

ਕਿਸ ਤਰ੍ਹਾਂ ਪੜ੍ਹੇਗਾ ਪੰਜਾਬ-ਜਲੰਧਰ ‘ਚ ਸ਼ੈੱਡ ਹੇਠਾਂ ਚੱਲ ਰਿਹਾ ਹੈ ਸਕੂਲ
ਪੰਜਾਬ ਦੇ 47 ਸਕੂਲਾਂ ਵਿਚ ਚੱਲ ਰਹੀਆਂ ਹਨ ਡਬਲ ਸ਼ਿਫਟਾਂ
ਜਲੰਧਰ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸਦੇ ਮੱਦੇਨਜ਼ਰ ਸਰਕਾਰ ਨੇ ਵੱਖ-ਵੱਖ ਸਕੂਲਾਂ ਨੂੰ ਡਬਟ ਸ਼ਿਫਟ ਵਿਚ ਚਲਾਉਣ ਦੀ ਯੋਜਨਾ ਬਣਾਈ ਹੈ, ਜਦਕਿ ਪੰਜਾਬ ਭਰ ਵਿਚ 47 ਸਕੂਲ ਅਜਿਹੇ ਹਨ, ਜੋ ਪਹਿਲਾਂ ਹੀ ਡਬਲ ਸ਼ਿਫਟ ਵਿਚ ਚੱਲ ਰਹੇ ਹਨ।
ਕੋਵਿਡ ਤੋਂ ਬਾਅਦ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਤਾਂ ਵਧ ਗਈ, ਪਰ ਸਿੱਖਿਆ ਵਿਭਾਗ ਕੋਲ ਇਨਫਰਾਸਟਰੱਕਚਰ ਦੀ ਘਾਟ ਹੈ, ਜੋ ਇਨ੍ਹਾਂ ਸਕੂਲਾਂ ਵਿਚ ਸਾਫ ਦਿਖਾਈ ਦੇ ਰਹੀ ਹੈ।
ਇਨ੍ਹਾਂ 47 ਸਕੂਲਾਂ ਵਿਚ ਬਠਿੰਡਾ ਦੇ 4 ਸਕੂਲਾਂ ਨੂੰ ਕਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ ਵਧਣ ਕਰਕੇ ਡਬਲ ਸ਼ਿਫਟ ਵਿਚ ਚਲਾਉਣ ਦੀ ਵਿਵਸਥਾ ਕੀਤੀ ਗਈ, ਜਦਕਿ ਫਾਜ਼ਿਲਕਾ ਦੇ ਇਕ ਸਕੂਲ ਵਿਚ ਜਗ੍ਹਾ ਦੀ ਘਾਟ ਕਰਕੇ ਇਕ-ਇਕ ਦਿਨ ਬਾਅਦ ਕਲਾਸਾਂ ਰੋਟੇਸ਼ਨ ਵਿਚ ਲਗਾਉਣੀਆਂ ਪੈ ਰਹੀਆਂ ਹਨ। ਇਸੇ ਤਰ੍ਹਾਂ ਜਲੰਧਰ ਵਿਚ ਤਾਂ ਡਬਲ ਸ਼ਿਫਟ ਵਿਚ ਚੱਲ ਰਹੇ ਇਕ ਸਕੂਲ ਵਿਚ 43 ਡਿਗਰੀ ਤਾਪਮਾਨ ਦੇ ਚੱਲਦਿਆਂ ਸ਼ੈਡ ਦੇ ਹੇਠਾਂ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਹੀ ਹਾਲਾਤ ਸੂਬੇ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਹਨ। ਇਸੇ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਅਤੇ ਜਗ੍ਹਾ ਦੀ ਘਾਟ ਹੋਣ ਕਰਕੇ ਸਕੂਲ ਪ੍ਰਬੰਧਕਾਂ ਵਲੋਂ ਵਿਭਾਗ ਨੂੰ ਸੂਚਿਤ ਕਰਨ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਡਬਲ ਸ਼ਿਫਟ ਵਿਚ ਕਰਨ ਦੇ ਇਛੁਕ ਸਕੂਲ ਮੁਖੀਆਂ ਕੋਲੋਂ ਅਰਜ਼ੀਆਂ ਮੰਗੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਦੀ ਤਰਜ਼ ‘ਤੇ ਚਲਾਉਣਾ ਚਾਹੁੰਦੀ ਹੈ, ਪਰ ਪੰਜਾਬ ਦੇ ਸਕੂਲ ਵੱਡੇ ਪੱਧਰ ‘ਤੇ ਸੁਧਾਰਾਂ ਦੀ ਮੰਗ ਵੀ ਕਰਦੇ ਹਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ 21, ਜਲੰਧਰ ਵਿਚ 6, ਅੰਮ੍ਰਿਤਸਰ ਵਿਚ 5, ਬਠਿੰਡਾ ਵਿਚ 5, ਸ੍ਰੀ ਫਤਹਿਗੜ੍ਹ ਸਾਹਿਬ ‘ਚ 1, ਸ੍ਰੀ ਮੁਕਤਸਰ ਸਾਹਿਬ ‘ਚ 3, ਪਟਿਆਲਾ ਵਿਚ 2, ਮੋਹਾਲੀ ਵਿਚ 2, ਤਰਨਤਾਰਨ ਵਿਚ 2 ਅਤੇ ਫਾਜ਼ਿਲਕਾ ਦੇ 1 ਇਕ ਸਕੂਲ ਵਿਚ ਡਬਲ ਸਿਫ਼ਟ ਵਿਚ ਸਕੂਲ ਚੱਲ ਰਹੇ ਹਨ।
ਇਕ ਹਾਲ ਵਿਚਤਿੰਨ ਜਮਾਤਾਂ
ਜਲੰਧਰ ਵਿਚ ਡਬਲ ਸ਼ਿਫਟ ਵਿਚ ਚਲਾਏ ਜਾ ਰਹੇ ਸਰਕਾਰੀ ਮਿਡਲ ਸਕੂਲ ਕਬੀਰ ਨਗਰ ਦਾ ਮੀਡੀਆ ਕਰਮੀਆਂ ਨੇ ਦੌਰਾ ਕੀਤਾ। ਇੱਥੇ ਇਕ ਹਾਲ ਵਿਚ ਹੀ ਤਿੰਨ ਕਲਾਸਾਂ ਦੇ 100 ਤੋਂ ਜ਼ਿਆਦਾ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ ਅਤੇ ਇੱਥੇ ਹੀ ਮਿੱਡ ਡੇ ਮੀਲ ਦਾ ਸਮਾਨ ਵੀ ਰੱਖਿਆ ਹੋਇਆ ਸੀ। ਜਲੰਧਰ ਦੇ ਹੀ ਰਵਿਦਾਸ ਨਗਰ ਵਿਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਚ ਸਵੇਰ ਦੀ ਸ਼ਿਫਟ ਵਿਚ ਪ੍ਰਾਇਮਰੀ ਸਕੂਲ ਚੱਲਦਾ ਹੈ, ਦੁਪਹਿਰ ਦੀ ਸ਼ਿਫਟ ਵਿਚ ਸਰਕਾਰੀ ਮਿਡਲ ਸਕੂਲ ਚੱਲਦਾ ਹੈ। ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਅਤੇ ਕਮਰੇ ਛੋਟੇ ਹੋਣ ਕਰਕੇ ਇੱਥੇ ਛੱਤ ‘ਤੇ ਸ਼ੈਡ ਬਣਾ ਕੇ ਉਸ ਵਿਚ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਾਂਧੀ ਕੈਂਪ ਵਿਚ ਵੀ ਡਬਲ ਸ਼ਿਫਟ ਵਿਚ ਸਕੂਲ ਚੱਲ ਰਿਹਾ ਹੈ, ਇੱਥੇ ਕਮਰਿਆਂ ਦੀ ਘਾਟ ਹੋਣ ਕਰਕੇ ਇਕ ਜਮਾਤ ਵਿਚ ਦੋ ਸੈਕਸ਼ਨ ਚਲਾਉਣੇ ਪੈ ਰਹੇ ਹਨ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …