Breaking News
Home / ਹਫ਼ਤਾਵਾਰੀ ਫੇਰੀ / 9 ਸਾਲਾਂ ‘ਚ ਜਲੰਧਰ ‘ਚੋਂ 29 ਬੱਚਿਆਂ ਨੂੰ ਭਾਰਤ ‘ਚ ਗੋਦ ਲਿਆ ਗਿਆ, 20 ਵਿਦੇਸ਼ ਗਏ

9 ਸਾਲਾਂ ‘ਚ ਜਲੰਧਰ ‘ਚੋਂ 29 ਬੱਚਿਆਂ ਨੂੰ ਭਾਰਤ ‘ਚ ਗੋਦ ਲਿਆ ਗਿਆ, 20 ਵਿਦੇਸ਼ ਗਏ

ਕਿਸੇ ਨੂੰ ਖੇਤ ਤੇ ਕਿਸੇ ਨੂੰ ਦਰਗਾਹ ‘ਤੇ ਛੱਡਿਆ; ਕਿਸਮਤ ਬਦਲੀ ਤਾਂ ਅਮਰੀਕਾ ਅਤੇ ਕੈਨੇਡਾ ਦੇ ਪਰਿਵਾਰਾਂ ਨੇ ਗੋਦ ਲਿਆ
ਇਕ ਹੋਰ ਬੱਚੇ ਦੀ ਫਾਈਲ ਤਿਆਰ, ਉਹ ਵੀ ਵਿਦੇਸ਼ ਜਾਏਗੀ
ਜਲੰਧਰ/ਬਿਊਰੋ ਨਿਊਜ਼ : ਅਕਸਰ ਕੂੜੇ ਦੇ ਢੇਰ, ਖੇਤ ਜਾਂ ਹੋਰ ਥਾਵਾਂ ‘ਤੇ ਨਵਜੰਮੇ ਬੱਚਿਆਂ ਦੇ ਮਿਲਣ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਕਾਰਨ ਕੁਝ ਵੀ ਰਿਹਾ ਹੋਵੇ-ਚਾਹੇ ਲੋਕ ਬੱਚਿਆਂ ਨੂੰ ਪਾਲਣ ‘ਚ ਸਮਰੱਥ ਨਾ ਹੋਣ ਜਾਂ ਬਿਨ ਵਿਆਹੀ ਮਾਂ ਬਣਨ ‘ਤੇ ਅਜਿਹਾ ਕਾਰਾ ਕੀਤਾ ਜਾਂਦਾ ਹੈ, ਪਰ ਹਰ ਬੱਚਾ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਹੈ। ਪ੍ਰਮਾਤਮਾ ਨੇ ਜੋ ਉਨ੍ਹਾਂ ਦੀ ਕਿਸਮਤ ਵਿਚ ਲਿਖਿਆ ਹੈ, ਉਹ ਉਸ ਨੂੰ ਮਿਲ ਜਾਂਦਾ ਹੈ। ਕਈ ਬੱਚਿਆਂ ਨੂੰ ਜਨਮ ਤੋਂ ਬਾਅਦ ਚਾਹੇ ਕੂੜੇ ਦੇ ਢੇਰ ਜਾਂ ਖੇਤ-ਝਾੜੀਆਂ ਨਸੀਬ ਵਿਚ ਮਿਲੀਆਂ ਹੋਣ, ਬਾਅਦ ਵਿਚ ਉਹੀ ਬੱਚੇ ਯੂਕੇ, ਅਮਰੀਕਾ ਅਤੇ ਕੈਨੇਡਾ ਵਿਚ ਗੋਦ ਲਏ ਗਏ। ਪੰਜਾਬ ਦੇ ਬਾਹਰੀ ਜ਼ਿਲ੍ਹਿਆਂ ਵਿਚ ਵੀ ਜਿਨ੍ਹਾਂ ਦੀ ਔਲਾਦ ਨਹੀਂ ਹੈ, ਉਹ ਇਨ੍ਹਾਂ ਬੱਚਿਆਂ ਨੂੰ ਗੋਦ ਲੈ ਰਹੇ ਹਨ। ਜਲੰਧਰ ਵਿਚ ਪਿਛਲੇ ਹਫਤੇ ਇਕ ਬੱਚੇ ਦੀ ਫਾਈਲ ‘ਤੇ ਆਖਰੀ ਮੋਹਰ ਲੱਗ ਚੁੱਕੀ ਹੈ, ਜਿਸ ਨੂੰ ਵਿਦੇਸ਼ ਦੀ ਫੈਮਿਲੀ ਨੇ ਗੋਦ ਲਿਆ ਹੈ। ਤਿੰਨ ਅਜਿਹੀਆਂ ਫਾਈਲਾਂ ਤਿਆਰ ਹਨ, ਜੋ ਜਲਦ ਫਾਈਨਲ ਹੋ ਜਾਣਗੀਆਂ। ਇਨ੍ਹਾਂ ਬੱਚਿਆਂ ਨੂੰ ਵੀ ਵਿਦੇਸ਼ੀ ਪਰਿਵਾਰ ਗੋਦ ਲੈਣਗੇ।
ਪਿਛਲੇ ਸਾਲ ਇਕ ਬੱਚਾ ਮਹਿਤਪੁਰ ਕੋਲ ਖੇਤ ਵਿਚੋਂ ਮਿਲਿਆ ਸੀ, ਉਸ ਨੂੰ ਯੂਐਸਏ ਦੀ ਫੈਮਿਲੀ ਨੇ ਗੋਦ ਲਿਆ ਹੈ। ਸਾਲ 2023 ਵਿਚ ਹੀ ਨਕੋਦਰ ਵਿਚ ਪੀਰ ਦੀ ਦਰਗਾਹ ‘ਤੇ ਇਕ ਦਿਨ ਦੀ ਬੱਚੀ ਨੂੰ ਕੋਈ ਛੱਡ ਗਿਆ ਸੀ। ਜਲੰਧਰ ਵਿਚ ਅਜਿਹੇ 29 ਬੱਚੇ ਭਾਰਤ ਵਿਚ ਅਤੇ 20 ਬੱਚੇ ਵਿਦੇਸ਼ੀ ਪਰਿਵਾਰ ਗੋਦ ਲੈ ਚੁੱਕੇ ਹਨ। ਨਿਯਮਾਂ ਅਨੁਸਾਰ ਗੋਦ ਲੈਣ ਵਾਲੇ ਅਤੇ ਹੋਰ ਗੋਦ ਲਏ ਗਏ ਬੱਚਿਆਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।
ਬੱਚਾ ਗੋਦ ਲੈਣ ਲਈ ਔਨਲਾਈਨ ਵੀ ਕੀਤਾ ਜਾ ਸਕਦਾ ਹੈ ਅਪਲਾਈ : ਜੁਵੇਨਾਈਲ ਜਸਟਿਸ ਐਕਟ 2015 ਅਮੈਂਡਮੈਂਟ 2022 ਅਤੇ ਕਾਰਾ ਅਡੌਪਸ਼ਨ ਰੈਗੂਲੇਸ਼ਨ 2022 ਦੇ ਨਿਯਮਾਂ ਅਨੁਸਾਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਔਨਲਾਈਨ ਅਪਲਾਈ ਕਰ ਸਕਦਾ ਹੈ। ਜ਼ਰੂਰੀ ਪ੍ਰਕਿਰਿਆ ਪੂਰੀ ਕਰਨ ਦੇ 6 ਤੋਂ 8 ਮਹੀਨਿਆਂ ਤੋਂ ਬਾਅਦ ਹੀ ਬੱਚਾ ਗੋਦ ਲੈ ਸਕਦੇ ਹੋ। ਹਾਲਾਂਕਿ ਇਹ ਪ੍ਰਕਿਰਿਆ ਲੰਬੀ ਹੋ ਸਕਦੀ ਹੈ, ਕਿਉਂਕਿ ਪੂਰੇ ਦੇਸ਼ ਵਿਚ ਬੱਚਿਆਂ ਨੂੰ ਗੋਦ ਲੈਣ ਦੀ ਉਡੀਕ ਸੂਚੀ ਵਿਚ ਹਜ਼ਾਰਾਂ ਲੋਕ ਸ਼ਾਮਲ ਹਨ। ਸੈਂਟਰਲ ਅਡੌਪਸ਼ਨ ਰਿਸੋਰਸ ਅਥਾਰਿਟੀ (ਕਾਰਾ) ਦੀ ਵੈਬਸਾਈਟ cara,nic.in ‘ਤੇ ਇਸ ਸਬੰਧ ਵਿਚ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਇੱਥੇ ਬੱਚਿਆਂ ਦੀ ਮੈਡੀਕਲ ਰਿਪੋਰਟ ਸਹਿਤ ਹੋਰ ਤਮਾਮ ਜਾਣਕਾਰੀ ਉਪਲਬਧ ਰਹੇਗੀ। ਇਨ੍ਹਾਂ ਵਿਚ ਚਾਰ ਕੈਟੇਗਰੀ ਦੇ ਬੱਚੇ ਹੁੰਦੇ ਹਨ। ਬੱਚਿਆਂ ਦੀ ਪੂਰੀ ਮੈਡੀਕਲ ਰਿਪੋਰਟ ਦੇ ਨਾਲ ਹੀ ਉਸ ਵੈਬਸਾਈਟ ‘ਤੇ ਤਸਵੀਰ ਦੇ ਨਾਲ ਦਿਖਾਇਆ ਜਾਂਦਾ ਹੈ।
ਅਪੀਲ – ਬੱਚਿਆਂ ਨੂੰ ਸੁੱਟੋ ਨਾ, ਯੂਨੀਕ ਹੋਮ ਦੇ ਪੰਘੂੜੇ ‘ਚ ਛੱਡੋ, ਪਹਿਚਾਣ ਗੁਪਤ ਰੱਖੀ ਜਾਂਦੀ ਹੈ
ਜਲੰਧਰ ਦੇ ਯੂਨੀਕ ਹੋਮ ‘ਚ ਦੋ ਪੰਘੂੜੇ ; ਜਦੋਂ ਕੋਈ ਲੜਕੀ ਜਾਂ ਉਸਦਾ ਪਰਿਵਾਰ ਬੱਚਿਆਂ ਨੂੰ ਜਨਮ ਤੋਂ ਬਾਅਦ ਨਹੀਂ ਰੱਖਣਾ ਚਾਹੁੰਦਾ ਤਾਂ ਨਾਰੀ ਨਿਕੇਤਨ ਟਰੱਸਟ ਨਕੋਦਰ ਰੋਡ ਅਤੇ ਭਾਈ ਕਨੱਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਨਜ਼ਦੀਕ ਖਾਂਬਰਾ ਵਿਚ ਦੇ ਸਕਦੇ ਹੋ। ਇੱਥੇ ਦੋ ਪੰਘੂੜੇ ਲਗਾਏ ਗਏ ਹਨ, ਜਿੱਥੇ ਬੱਚਿਆਂ ਨੂੰ ਛੱਡਿਆ ਜਾ ਸਕਦਾ ਹੈ। ਬੱਚਾ ਛੱਡਣ ਵਾਲੇ ਨਾਲ ਕੋਈ ਸਵਾਲ ਨਹੀਂ ਹੁੰਦਾ ਅਤੇ ਉਸਦੀ ਪਹਿਚਾਣ ਵੀ ਕਿਸੇ ਨੂੰ ਨਹੀਂ ਦੱਸੀ ਜਾਂਦੀ। ਕਈ ਵਾਰ ਲੋਕ ਬੱਚਿਆਂ ਨੂੰ ਕੂੜੇ ਜਾਂ ਖੇਤ ਵਿਚ ਛੱਡ ਜਾਂਦੇ ਹਨ। ਇਸ ਤਰ੍ਹਾਂ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ। ਯੂਨੀਕ ਹੋਮ ਦੇ ਅਧਿਕਾਰੀ ਦੱਸਦੇ ਹਨ ਕਿ ਮਹਿਲਾਵਾਂ ਬੱਚਿਆਂ ਨੂੰ ਇਨ੍ਹਾਂ ਪੰਘੂੜਿਆਂ ਵਿਚ ਛੱਡ ਸਕਦੀਆਂ ਹਨ। ਅਜਿਹੇ ਬੱਚਿਆਂ ਦੀ ਬਾਲ ਭਲਾਈ ਕਮੇਟੀ ਵਲੋਂ ਪੂਰੀ ਦੇਖਭਾਲ ਕੀਤੀ ਜਾਂਦੀ ਹੈ। ਪੂਰੇ ਪੰਜਾਬ ਵਿਚ 9 ਅਡੌਪਸ਼ਨ ਏਜੰਸੀਆਂ ਹਨ।
ਹੁਣ ਤੱਕ 49 ਬੱਚਿਆਂ ਨੂੰ ਮਿਲ ਚੁੱਕਾ ਹੈ ਮਾਤਾ-ਪਿਤਾ ਦਾ ਪਿਆਰ : ਭਾਰਤ ਦੀ ਗੱਲ ਕਰੀਏ ਤਾਂ ਸਾਲ 2020 ਤੋਂ 2023 ਤੱਕ ਜਲੰਧਰ ਤੋਂ 29 ਬੱਚਿਆਂ ਨੂੰ ਪਰਿਵਾਰਾਂ ਨੇ ਗੋਦ ਲਿਆ ਹੈ। ਇਨ੍ਹਾਂ ਵਿਚ 9 ਲੜਕੇ ਅਤੇ 20 ਲੜਕੀਆਂ ਹਨ। ਇਸੇ ਦੌਰਾਨ 20 ਬੱਚਿਆਂ ਨੂੰ ਵਿਦੇਸ਼ ਵਿਚ ਮਾਤਾ-ਪਿਤਾ ਦਾ ਪਿਆਰ ਮਿਲਿਆ ਹੈ। 2015 ਤੋਂ ਲੈ ਕੇ 2021 ਤੱਕ 20 ਬੱਚੇ ਅਮਰੀਕਾ, ਇਟਲੀ, ਕੈਨੇਡਾ, ਸਪੇਨ, ਯੂਕੇ, ਯੂਏਈ ਵਿਚ ਪਰਿਵਾਰਾਂ ਵਲੋਂ ਗੋਦ ਲਏ ਗਏ ਹਨ। ਇਨ੍ਹਾਂ ਵਿਚ 1 ਮੇਲ ਅਤੇ 19 ਫੀਮੇਲ ਹਨ। 2021 ਤੋਂ ਬਾਅਦ ਹੁਣ ਬੱਚਿਆਂ ਨੂੰ ਦੁਬਾਰਾ ਵਿਦੇਸ਼ ਵਿਚ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਅਤੇ ਇਸ ਸਾਲ ਤਿੰਨ ਬੱਚਿਆਂ ਨੂੰ ਵਿਦੇਸ਼ਾਂ ਦੇ ਪਰਿਵਾਰ ਗੋਦ ਲੈਣਗੇ। ਇਨ੍ਹਾਂ ਵਿਚੋਂ ਇਕ ਬੱਚੀ ਅਮਰੀਕਾ ਜਾ ਰਹੀ ਹੈ।

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …