ਪਾਠੀ ਸਿੰਘਾਂ ਨੇ ਦਰਬਾਰ ਸਾਹਿਬ
‘ਚ ਕੀਤੀ ਹੜਤਾਲ
ਮੰਗ : ਸੇਵਾ ਫ਼ਲ 600 ਤੋਂ ਵਧਾ ਕੇ 1000 ਰੁਪਏ ਕਰਨ ਦੀ ਮੰਗ ਲੈ ਕੇ ਪਾਠੀ ਸਿੰਘਾਂ ਨੇ ਕੀਤੀ ਹੜਤਾਲ।
ਅੜ : ਸ਼੍ਰੋਮਣੀ ਕਮੇਟੀ ਨੇ ਜ਼ਿੱਦੀਪਣ ਦਿਖਾਉਂਦਿਆਂ ਪਾਠੀ ਸਿੰਘਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਕੀਤਾ ਇਨਕਾਰ।
ਨਾਂਹ : ਕਿਸੇ ਦਾ ਵੀ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਤੋਂ ਇਨਕਾਰੀ ਹੋਏ ਪਾਠੀ ਸਿੰਘਾਂ ਨੇ ਸੁਖਬੀਰ ਬਾਦਲ ਲਈ ਵੀ ਅਖੰਡ ਪਾਠ ਆਰੰਭ ਕਰਨੋਂ ਕਰ ਦਿੱਤੀ ਨਾਂਹ।
ਭਾਜੜ : ਸੁਖਬੀਰ ਬਾਦਲ ਤੇ ਬੀਬੀ ਹਰਸਿਮਰਤ ਕੌਰ ਨੂੰ ਪਾਠੀ ਸਿੰਘਾਂ ਵੱਲੋਂ ਅੱਖਾਂ ਦਿਖਾਉਣ ‘ਤੇ ਸ਼੍ਰੋਮਣੀ ਕਮੇਟੀ ਨੂੰ ਪਈ ਹੱਥਾਂ ਪੈਰਾਂ ਦੀ, ਹੈਡਗ੍ਰੰਥੀ ਨੇ ਸ਼ੁਰੂ ਕਰਵਾਇਆ ਅਖੰਡ ਪਾਠ।
ਸਮਝੌਤਾ : ਪਾਠੀ ਸਿੰਘਾਂ ਦਾ ਸਿਹਤ ਬੀਮਾ ਕਰਵਾਉਣ ਦੇ ਨਾਲ ਸੇਵਾ ਫਲ 600 ਤੋਂ ਵਧਾ ਕੇ 800 ਕਰਨ ‘ਤੇ ਹੋਇਆ ਸਮਝੌਤਾ।
ਅੰਮ੍ਰਿਤਸਰ : ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਖਿਲਾਫ਼ ਰੋਸ ਪ੍ਰਦਰਸ਼ਨ ‘ਤੇ ਡਟੇ ਪਾਠੀ ਸਿੰਘਾਂ ਨੇ ਸੁਖਬੀਰ ਬਾਦਲ ਨੂੰ ਵੀ ਅੱਖਾਂ ਵਿਖਾਉਂਦਿਆਂ ਉਨ੍ਹਾਂ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਆਰੰਭ ਕਰਨੋਂ ਇਨਕਾਰ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਇਤਿਹਾਸ ‘ਚ ਸ਼ਾਇਦ ਇਹ ਪਹਿਲਾ ਮੌਕਾ ਹੋਵੇ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਖਿਲਾਫ਼ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ‘ਚ ਪ੍ਰਦਰਸ਼ਨ ਕੀਤਾ ਹੋਵੇ। ਵੱਡੀ ਗਿਣਤੀ ‘ਚ ਪਾਠੀ ਸਿੰਘਾਂ ਨੇ ਇਕਜੁੱਟ ਹੋ ਕੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਦਿਆਂ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਦਰਬਾਰ ਸਾਹਿਬ ਪਹੁੰਚੇ ਹੋਏ ਸਨ ਤੇ ਪਾਠੀ ਸਿੰਘਾਂ ਨੇ ਉਨ੍ਹਾਂ ਨੂੰ ਕੋਰੀ ਨਾਂਹ ਕਰ ਦਿੱਤੀ। ਪਾਠੀ ਸਿੰਘ 600 ਰੁਪਏ ਤੋਂ ਵਧਾ ਕੇ 1000 ਰੁਪਏ ਸੇਵਾ ਫ਼ਲ ਕੀਤੇ ਜਾਣ ਦੀ ਮੰਗ ਦੇ ਨਾਲ-ਨਾਲ ਹੈਲਥ ਬੀਮਾ ਆਦਿ ਵਰਗੀਆਂ ਕੁਝ ਹੋਰ ਆਪਣੀਆਂ ਜਾਇਜ਼ ਮੰਗਾਂ ‘ਤੇ ਅੜੇ ਹੋਏ ਸਨ ਪਰ ਸ਼੍ਰੋਮਣੀ ਕਮੇਟੀ ਵੀ ਜ਼ਿੱਦੀ ਰੁਖ ਅਖਤਿਆਰੀ ਕਰੀ ਬੈਠੀ ਸੀ। ਪਰ ਜਦੋਂ ਪਾਠੀ ਸਿੰਘ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਦੇ ਕਹਿਣ ‘ਤੇ ਵੀ ਨਾ ਮੰਨੇ ਤਾਂ ਐਸਜੀਪੀਸੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਹੈਡਗ੍ਰੰਥੀ ਸਾਹਿਬ ਨੇ ਬਾਦਲ ਪਰਿਵਾਰ ਵੱਲੋਂ ਰਖਵਾਏ ਜਾਣ ਵਾਲੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ। ਆਖਰ ਕੁੱਝ ਮੰਗਾਂ ਮੰਨਦਿਆਂ ਸੇਵਾ ਫ਼ਲ਼ 600 ਤੋਂ ਵਧਾ ਕੇ 800 ਰੁਪਏ ਕਰਨ ‘ਤੇ ਸਮਝੌਤਾ ਹੋ ਗਿਆ।