ਅਕਾਲੀ ਦਲ ਦੇ ਵਿਧਾਇਕ ਡਾ. ਸੁੱਖੀ ਨੂੰ ਵੀ ‘ਆਪ’ ਵਿਚ ਜਾਣ ਕਰਕੇ ਦੇਣਾ ਪਵੇਗਾ ਅਸਤੀਫਾ
ਚੰਡੀਗੜ੍ਹ : ਪੰਜਾਬ ਵਿਚ ਹੁਣ 5 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਹੋਏਗੀ ਅਤੇ ਇਹ ਜ਼ਿਮਨੀ ਚੋਣਾਂ ਅਕਤੂਬਰ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਧਿਆਨ ਰਹੇ ਕਿ 4 ਵਿਧਾਇਕਾਂ ਨੇ ਲੋਕ ਸਭਾ ਦੀ ਚੋਣ ਜਿੱਤ ਲਈ ਸੀ ਅਤੇ ਉਨ੍ਹਾਂ ਨੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ ਵਿਚ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ, ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਅਤੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਸ਼ਾਮਲ ਸਨ। ਹੁਣ ਲੰਘੇ ਕੱਲ੍ਹ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਅਤੇ ਡਾ. ਸੁੱਖੀ ਨੂੰ ਵੀ ਹੁਣ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਇਸ ਦੇ ਚੱਲਦਿਆਂ ਹੁਣ ਪੰਜਾਬ ਵਿਚ 5 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣ ਹੋਵੇਗੀ। ਇਨ੍ਹਾਂ ਜ਼ਿਮਨੀ ਚੋਣਾਂ ਨੂੰ ਜਿੱਤਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪੂਰਾ ਜ਼ੋਰ ਲਗਾਇਆ ਜਾਵੇਗਾ ਅਤੇ ਦੇਖਣਾ ਹੋਵੇਗਾ ਕਿ ਕਿਹੜੇ ਨਵੇਂ 5 ਵਿਧਾਇਕ ਵਿਧਾਨ ਸਭਾ ਵਿਚ ਪਹੁੰਚਦੇ ਹਨ।