ਅੰਮ੍ਰਿਤਸਰ/ਬਿਊਰੋ ਨਿਊਜ਼ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਅੱਜ ਅੰਮ੍ਰਿਤਸਰ ‘ਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਵੋਟਾਂ ਪਈਆਂ। ਇਸ ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਾਮੀ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਮਿੱਠੂ ਸਿੰਘ ਕਾਹਨਕੇ ਨੂੰ 99 ਵੋਟਾਂ ਨਾਲ ਹਰਾਇਆ। ਮਿਲੀ ਜਾਣਕਾਰੀ ਅਨੁਸਾਰ ਕੁੱਲ 136 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਧਾਮੀ ਨੂੰ 117 ਵੋਟਾਂ ਪਈਆਂ, ਜਦੋਂ ਕਿ ਮਿੱਠੂ ਸਿੰਘ ਕਾਹਨਕੇ ਨੂੰ ਸਿਰਫ 18 ਵੋਟਾਂ ਹੀ ਮਿਲੀਆਂ ਹਨ ਅਤੇ ਇਕ ਵੋਟ ਰੱਦ ਵੀ ਹੋ ਗਈ। ਇਸੇ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਬਣੇ ਹਨ। ਇਸਦੇ ਚੱਲਦਿਆਂ 11 ਮੈਂਬਰੀ ਅੰਤਰਿੰਗ ਕਮੇਟੀ ਵਿਚ ਸੁਰਜੀਤ ਸਿੰਘ ਗੜ੍ਹੀ, ਸੁਰਜੀਤ ਸਿੰਘ ਤੁਗਲਵਾਲਾ, ਸੁਰਜੀਤ ਸਿੰਘ ਕੰਗ, ਗੁਰਪ੍ਰੀਤ ਸਿੰਘ ਝੱਬਰ ਅਤੇ ਦਿਲਜੀਤ ਸਿੰਘ ਭਿੰਡਰ ਸ਼ਾਮਲ ਹਨ। ਇਸੇ ਤਰ੍ਹਾਂ ਬੀਬੀ ਹਰਜਿੰਦਰ ਸਿੰਘ, ਬਲਦੇਵ ਸਿੰਘ ਕੈਮਪੁਰੀ, ਮੇਜਰ ਸਿੰਘ ਢਿੱਲੋਂ, ਮੰਗਵਿੰਦਰ ਸਿੰਘ, ਜੰਗਬਹਾਦਰ ਸਿੰਘ ਰਾਏ ਅਤੇ ਮਿੱਠੂ ਸਿੰਘ ਕਾਹਨੇਕੇ ਵੀ 11 ਮੈਂਬਰੀ ਕਮੇਟੀ ਵਿਚ ਸ਼ਾਮਲ ਹਨ।

