ਜੀਟੀਏ ‘ਚ ਲਿਬਰਲਾਂ ਦੀ ਪਕੜ ਹੋਈ ਮਜ਼ਬੂਤ
ਕੰਸਰਵੇਟਿਵ ਦੇ ਰਹੀ ਟੱਕਰ, ਐਨਡੀਪੀ ਪਹਿਲਾਂ ਵਾਲੀ ਸਥਿਤੀ ‘ਤੇ ਹੈ ਕਾਇਮ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਵੋਟਾਂ ਪੈਣ ‘ਚ ਹੁਣ ਜਦੋਂ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ ਅਜਿਹੇ ਵਿੱਚ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਜੀਟੀਏ ਵਿੱਚ ਲਿਬਰਲ ਪਾਰਟੀ ਨੇ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਕਾਫੀ ਲੀਡ ਲੈ ਲਈ ਹੈ।
ਨੈਨੋਜ ਰਿਸਰਚ ਵੱਲੋਂ ਜਾਰੀ ਕੀਤੀ ਗਈ ਰਿਲੀਜ਼ ਵਿੱਚ ਆਖਿਆ ਗਿਆ ਕਿ 18 ਤੋਂ 22 ਅਗਸਤ ਦਰਮਿਆਨ ਪੰਜ ਦਿਨਾਂ ਲਈ ਕਰਵਾਏ ਗਏ ਸਰਵੇਖਣ ਤੋਂ ਸਪੱਸ਼ਟ ਹੋਇਆ ਹੈ ਕਿ ਜੀਟੀਏ ਵਿੱਚ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 44 ਫੀਸਦੀ ਨੇ ਲਿਬਰਲਾਂ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ। ਇਸ ਤੋਂ ਬਾਅਦ ਕੰਸਰਵੇਟਿਵਾਂ ਨੂੰ 34 ਫੀਸਦੀ ਸਮਰਥਨ ਹਾਸਲ ਹੁੰਦਾ ਨਜ਼ਰ ਆ ਰਿਹਾ ਹੈ ਤੇ ਐਨਡੀਪੀ ਦਾ ਸਮਰਥਨ 18 ਫੀਸਦੀ ਲੋਕਾਂ ਵੱਲੋਂ ਕੀਤਾ ਗਿਆ ਤੇ ਗ੍ਰੀਨ ਪਾਰਟੀ ਨੂੰ ਤਿੰਨ ਫੀਸਦੀ ਲੋਕਾਂ ਦੀ ਹਮਾਇਤ ਹਾਸਲ ਹੋਈ ਤੇ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਸਿਰਫ ਇੱਕ ਫੀਸਦੀ ਲੋਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ।
10 ਤੋਂ 14 ਸਤੰਬਰ ਨੂੰ ਕਰਵਾਏ ਗਏ ਪੰਜ ਦਿਨਾਂ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਹੁਣ ਲਿਬਰਲ 47 ਫੀਸਦੀ ਲੋਕਾਂ ਦਾ ਸਮਰਥਨ ਹਾਸਲ ਕਰ ਰਹੇ ਹਨ ਜਦਕਿ ਕੰਸਰਵੇਟਿਵਾਂ ਦੇ ਸਮਰਥਕਾਂ ਦੀ ਗਿਣਤੀ ਘਟ ਕੇ 27 ਫੀਸਦੀ ਰਹਿ ਗਈ ਹੈ। ਇਸ ਤੋਂ ਭਾਵ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੰਸਰਵੇਟਿਵਾਂ ਦੇ ਮੁਕਾਬਲੇ ਲਿਬਰਲ ਪਾਰਟੀ ਦੀ ਲੀਡ ਦੁੱਗਣੀ ਹੋ ਗਈ ਹੈ। ਐਨਡੀਪੀ ਦੇ ਸਮਰਥਨ ਵਿੱਚ ਕੋਈ ਫਰਕ ਨਹੀਂ ਆਇਆ, ਉਸ ਨੂੰ ਮਿਲਣ ਵਾਲਾ ਸਮਰਥਨ ਪਹਿਲਾਂ ਵੀ 18 ਫੀਸਦੀ ਸੀ ਤੇ ਹੁਣ ਵੀ ਓਨਾ ਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਸਰਵੇਟਿਵਾਂ ਦੇ ਸਮਰਥਨ ਵਿੱਚੋਂ ਸੱਜੇ ਪੱਖੀ ਪੀਪਲਜ ਪਾਰਟੀ ਆਫ ਕੈਨੇਡਾ ਨੂੰ ਕੁੱਝ ਸਮਰਥਨ ਹਾਸਲ ਹੋਇਆ ਹੈ, ਇਸ ਸਮੇਂ ਜੀਟੀਏ ਵਿੱਚ ਇਸ ਪਾਰਟੀ ਨੂੰ ਛੇ ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ। ਗ੍ਰੀਨ ਪਾਰਟੀ ਦੇ ਸਮਰਥਨ ਵਿੱਚ ਇੱਕ ਜਾਂ ਦੋ ਫੀਸਦੀ ਕਮੀ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਪ੍ਰੋਵਿੰਸ ਪੱਧਰ ਉੱਤੇ ਜੇ ਵੇਖਿਆ ਜਾਵੇ ਤਾਂ ਜੀਟੀਏ ਨਾਲੋਂ ਉਲਟ ਲਿਬਰਲਾਂ ਦੇ ਦੋ ਅੰਕਾਂ ਵਿੱਚ ਕਟੌਤੀ ਹੋਈ ਹੈ ਤੇ ਇਸ ਸਮੇਂ ਪਾਰਟੀ ਨੂੰ 40 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਕੰਸਰਵੇਟਿਵਾਂ ਦੇ ਸਮਰਥਨ ਵਿੱਚ ਪੰਜ ਅੰਕਾਂ ਦੀ ਕਮੀ ਦਰਜ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਇਸ ਸਮੇਂ 30 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ।
ਐਨਡੀਪੀ ਨੂੰ ਪ੍ਰੋਵਿੰਸ ਭਰ ਵਿੱਚ 2 ਫੀਸਦੀ ਅੰਕਾਂ ਦਾ ਫਾਇਦਾ ਹੋਇਆ ਹੈ ਤੇ ਪਾਰਟੀ ਨੂੰ 20 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਪੀਪਲਜ ਪਾਰਟੀ ਨੂੰ ਵੀ ਛੇ ਅੰਕ ਵੱਧ ਹਾਸਲ ਹੋਣ ਨਾਲ ਇਸ ਸਮੇਂ ਪਾਰਟੀ ਪ੍ਰੋਵਿੰਸੀਅਲ ਪੱਧਰ ਉੱਤੇ ਸੱਤ ਫੀਸਦੀ ਸਮਰਥਨ ਹਾਸਲ ਕਰ ਚੁੱਕੀ ਹੈ।
ਦੇਸ਼ ਭਰ ਵਿੱਚ ਲਿਬਰਲਾਂ ਤੇ ਕੰਸਰਵੇਟਿਵਾਂ ਦਰਮਿਆਨ ਤਕੜਾ ਮੁਕਾਬਲਾ ਚੱਲ ਰਿਹਾ ਹੈ। ਇਸ ਸਮੇਂ ਕੌਮੀ ਪੱਧਰ ਉੱਤੇ ਕੰਸਰਵੇਟਿਵਾਂ ਨੂੰ 31.2 ਫੀ ਸਦੀ ਜਦਕਿ ਲਿਬਰਲਾਂ ਨੂੰ 30.5 ਫੀ ਸਦੀ ਲੋਕਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਐਨਡੀਪੀ ਨੂੰ 21.4 ਫੀ ਸਦੀ ਜਦਕਿ ਬਲਾਕ ਕਿਊਬਿਕ ਤੇ ਪੀਪਲਜ ਪਾਰਟੀ ਨੂੰ ਛੇ ਫੀਸਦੀ ਦੇ ਨੇੜੇ ਤੇੜੇ ਸਮਰਥਨ ਹਾਸਲ ਹੋ ਰਿਹਾ ਹੈ, ਗ੍ਰੀਨਜ ਪਾਰਟੀ ਨੂੰ 3.7 ਫੀਸਦੀ ਸਮਰਥਨ ਮਿਲ ਰਿਹਾ ਹੈ।