Home / ਮੁੱਖ ਲੇਖ / ਜੱਲ੍ਹਿਆਂਵਾਲੇ ਬਾਗ਼ ਦੇ ਨਾਂ ਇਕ ਖਤ

ਜੱਲ੍ਹਿਆਂਵਾਲੇ ਬਾਗ਼ ਦੇ ਨਾਂ ਇਕ ਖਤ

ਸਵਰਾਜਬੀਰ
ਮੇਰੇ ਪਿਆਰੇ ਜੱਲ੍ਹਿਆਂਵਾਲੇ ਬਾਗ਼, ਮੈਂ ਤੇਰੀ ਸੁੱਖ-ਸਾਂਦ ਮੰਗਦਾ ਹਾਂ। ਮੈਂ ਜਾਣਦਾ ਹਾਂ ਤੂੰ ਬੜੇ ਮੁਸ਼ਕਲ, ਖ਼ੂਨ ਵਿਚ ਡੁੱਬੇ, ਲਿੱਬੜੇ ਤੇ ਭਿਆਨਕ ਸਮੇਂ ਦੇਖੇ ਹਨ। ਤੂੰ 1919 ਦੇਖਿਆ, 1947 ਦੇਖਿਆ, 1984 ਦੇਖਿਆ ਤੇ ਹੋਰ ਕਈ ਕੁਝ, ਜਿਨ੍ਹਾਂ ਵਿਚੋਂ ਕੁਝ ਮੈਂ ਯਾਦ ਕਰ ਸਕਦਾ ਹਾਂ ਅਤੇ ਕੁਝ ਨਹੀਂ। ਅਸੀਂ 1970 ਵਿਚ ਅੰਮ੍ਰਿਤਸਰ ਆ ਵੱਸੇ ਸਾਂ ਤੇ ਮੈਨੂੰ ਯਾਦ ਹੈ ਜਦ ਮੈਂ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਹਾਇਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਚ ਪੜ੍ਹਦਾ ਸਾਂ ਤਾਂ ਹਰ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਸਕੂਲ ਦੇ ਸਭ ਵਿਦਿਆਰਥੀ ਉਸ ਮੌਕੇ ਨਿਕਲਣ ਵਾਲੇ ਨਗਰ ਕੀਰਤਨ ਅਤੇ ਜਲੂਸ ਵਿਚ ਸ਼ਾਮਲ ਹੁੰਦੇ; ਸ਼ਬਦਾਂ ਦਾ ਗਾਇਣ ਹੁੰਦਾ, ਢੋਲ ਵੱਜਦੇ, ਲੋਕ ਜਲੂਸ ਨੂੰ ਵੇਖਦੇ, ਪ੍ਰਸ਼ਾਦ ਵਰਤਾਉਂਦੇ ਅਤੇ ਅੰਮ੍ਰਿਤਸਰ ਦੇ ਵਾਸੀਆਂ ਦੇ ਮੂੰਹਾਂ ‘ਚੋਂ ਸ਼ਹਿਰ ਦੇ ਬਾਨੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ‘ਧੰਨ ਗੁਰੂ ਰਾਮਦਾਸ’ ਦੇ ਬੋਲ ਸੁਣਾਈ ਦਿੰਦੇ… ਤੇ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਸਾਰੇ ਵਿਦਿਆਰਥੀ ਖੱਬੇ ਪਾਸੇ ਤੱਕਦੇ ਜਿੱਥੇ ਮੇਰੇ ਜੱਲ੍ਹਿਆਂਵਾਲੇ ਬਾਗ਼! ਤੂੰ ਹਾਜ਼ਰ ਏਂ, ਅਸੀਂ ਉਸ ਸੁੰਨੀ ਗਲੀ ਵੱਲ ਤੱਕਦੇ, ਜੋ ਤੇਰੇ ਤਕ ਪਹੁੰਚਦੀ ਏ, ਤੇ ਉਹ ਸੁੰਨੀ ਗਲੀ ਹਰ ਇਕ ਦੀ ਹਿੱਕ ਵਿਚ ਸੁੰਞ ਪੈਦਾ ਕਰਦੀ।
ਪਿਆਰੇ ਜੱਲ੍ਹਿਆਂਵਾਲੇ ਬਾਗ਼! ਮੈਂ ਤੇ ਮੇਰੇ ਦੋਸਤਾਂ ਕਈ ਦੁਪਹਿਰਾਂ-ਸ਼ਾਮਾਂ ਤੇਰੇ ਰੁੱਖਾਂ ਹੇਠ ਬਿਤਾਈਆਂ ਅਤੇ ਫਿਰ 1983-84 ਦੇ ਔਖੇ ਸਮੇਂ ਆਏ ਜਦ ਪੰਜਾਬ ਦੀ ਆਤਮਾ ਵਲੂੰਧਰੀ ਗਈ; ਦਰਬਾਰ ਸਾਹਿਬ ‘ਤੇ ਫ਼ੌਜ ਦਾ ਹਮਲਾ ਹੋਇਆ, ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਤੇ ਬਾਅਦ ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਅਕਹਿ ਤਸ਼ੱਦਦ ਹੋਇਆ। ਇਕ ਪਾਸੇ ਅਤਿਵਾਦੀ ਤਸ਼ੱਦਦ ਸੀ ਤੇ ਦੂਸਰੇ ਪਾਸੇ ਸਰਕਾਰੀ। ਬੰਦੇ ਨੂੰ ਆਪਣੀ ਮਿੱਟੀ, ਆਪਣੇ ਸ਼ਹਿਰ, ਆਪਣੇ ਪਿੰਡ, ਆਪਣੀ ਰਹਿਤਲ ਦਾ ਸਹਾਰਾ ਹੁੰਦਾ ਏ ਤੇ ਓਦੋਂ ਮੈਂ ‘ਅੰਮ੍ਰਿਤਸਰ’ ਨਾਂ ਦੀ ਇਕ ਲੰਮੀ ਕਵਿਤਾ ਲਿਖੀ ਜੋ ਏਦਾਂ ਸ਼ੁਰੂ ਹੁੰਦੀ ਹੈ :
ਅੰਮ੍ਰਿਤਸਰ! ਦਿਲਾਂ ਨੂੰ ਧੜਕਣਾਂ ਦਾ
ਪਤਾ ਦੱਸਣ ਵਾਲੀਆਂ
ਤੇਰੀਆਂ ਇੱਛਾਧਾਰੀ ਸਵੇਰਾਂ ਕਿੱਥੇ ਨੇ?
ਅੰਮ੍ਰਿਤਸਰ !ਤੇਰੇ ਗੋਲੇ ਕਬੂਤਰ ਕਿੱਥੇ ਨੇ?
ਅੰਮ੍ਰਿਤਸਰ !ਤੇਰੀਆਂ ਅੱਖਾਂ ਕਿੱਥੇ ਨੇ?
ਮੈਨੂੰ ਉਨ੍ਹਾਂ ਵਿਚੋਂ ਹੰਝੂਆਂ ਦੀ ਢੂੰਡ ਹੈ
ਅੰਮ੍ਰਿਤਸਰ! ਤੈਨੂੰ ਪੋਟਾ ਪੋਟਾ ਕਰਕੇ
ਕਿਉਂ ਟੁੱਕਿਆ ਜਾ ਰਿਹੈ?
ਇਹ ਕਵਿਤਾ 1985 ਵਿਚ ਕਵਿਤਾ ਦੀ ਮੇਰੀ ਪਹਿਲੀ ਕਿਤਾਬ ‘ਆਪਣੀ ਆਪਣੀ ਰਾਤ’ ਵਿਚ ਛਪੀ। ਇਸ ਵਿਚ ਇਕ ਸਤਰ ਹੈ, ”ਅੰਮ੍ਰਿਤਸਰ! ਹੁਣ ਮੰਟੋ ਤੇਰੇ ‘ਤੇ ਕਿਹੜੀ ਕਹਾਣੀ ਲਿਖੇਗਾ?”
ਪਿਆਰੇ ਜੱਲ੍ਹਿਆਂਵਾਲੇ ਬਾਗ਼! ਤੇਰੇ ਸ਼ਹਿਰ ਦੇ ਝੱਲੇ ਪੁੱਤਰ, ਉਰਦੂ ਦੇ ਅਜ਼ੀਮ ਸਾਹਿਤਕਾਰ ਸਾਅਦਤ ਹਸਨ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਤੇਰੇ ਬਾਰੇ ਹੀ ਲਿਖੀ ਸੀ ਤੇ ਲਿਖੀ ਵੀ 13 ਅਪਰੈਲ 1919 ਦੇ ਦਿਨ ਬਾਰੇ (ਆਪਣੇ ਅੰਤਲੇ ਦਿਨਾਂ ਵਿਚ ਵੀ ਮੰਟੋ ਨੇ ਅੰਮ੍ਰਿਤਸਰ ਦੇ ਅਪਰੈਲ 1919 ਦੇ ਦਿਨਾਂ ਬਾਰੇ ਯਾਦਗਾਰੀ ਕਹਾਣੀ ‘1919 ਏਕ ਬਾਤ’ ਲਿਖੀ ਸੀ)। ‘ਤਮਾਸ਼ਾ’ ਕਹਾਣੀ ਅੰਮ੍ਰਿਤਸਰ ਵਿਚ ਰਹਿੰਦੇ ਤੇ ਸਕੂਲ ਵਿਚ ਪੜ੍ਹਦੇ ਛੋਟੀ ਉਮਰ ਦੇ ਬੱਚੇ ਖਾਲਿਦ ਦੀ ਕਹਾਣੀ ਹੈ। 13 ਅਪਰੈਲ 1919 ਦੀ ਸਵੇਰ ਜਦ ਉਸ ਨੂੰ ਦੱਸਿਆ ਜਾਂਦਾ ਹੈ ਕਿ ਸਕੂਲ ਬੰਦ ਹਨ ਤੇ ਉਸ ਨੇ ਘਰ ‘ਚੋਂ ਬਾਹਰ ਨਹੀਂ ਨਿਕਲਣਾ ਤਾਂ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਦਾ ਹੈ। ਅਸਮਾਨ ਵਿਚ ਉੱਡਦੇ ਹਵਾਈ ਜਹਾਜ਼ ਦੇਖ ਕੇ ਬੱਚਾ ਡਰ ਜਾਂਦਾ ਹੈ ਕਿਉਂਕਿ ਉਸ ਨੇ ਸੁਣ ਰੱਖਿਆ ਹੈ ਕਿ ਜਹਾਜ਼ ਬੰਬ ਸੁੱਟਦੇ ਹਨ ਜਿਨ੍ਹਾਂ ਕਾਰਨ ਲੋਕ ਮਰ ਜਾਂਦੇ ਹਨ। ਖਾਲਿਦ ਕਹਿੰਦਾ ਹੈ ਕਿ ਉਹ ਆਪਣੀ ਬੰਦੂਕ (ਖਿਡੌਣਾ, ਜਿਸ ਨੂੰ ਉਹ ਸੱਚਮੁੱਚ ਦੀ ਬੰਦੂਕ ਸਮਝਦਾ ਹੈ) ਨਾਲ ਜਹਾਜ਼ਾਂ ਨੂੰ ਹੇਠਾਂ ਸੁੱਟ ਲਵੇਗਾ ਤੇ ਫਿਰ ਜਹਾਜ਼ ਕੁਝ ਕਾਗਜ਼ ਸੁੱਟਦੇ ਹਨ; ਇਕ ਕਾਗਜ਼ ਖਾਲਿਦ ਦੇ ਘਰ ਡਿੱਗਦਾ ਹੈ ਜਿਸ ਨੂੰ ਪੜ੍ਹ ਕੇ ਖਾਲਿਦ ਦਾ ਪਿਉ ਡਰ ਜਾਂਦਾ ਹੈ। ਕਾਗਜ਼ ਸਰਕਾਰੀ ਇਸ਼ਤਿਹਾਰ ਹੈ ਜਿਸ ਵਿਚ ਲਿਖਿਆ ਹੈ ਕਿ ”ਬਾਦਸ਼ਾਹ (ਭਾਵ ਅੰਗਰੇਜ਼ ਹਕੂਮਤ) ਕੋਈ ਜਲਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਜੇ ਉਸ ਦੀ ਮਰਜ਼ੀ ਦੇ ਖਿਲਾਫ ਕੋਈ ਜਲਸਾ ਹੋਇਆ ਤਾਂ ਨਤੀਜਿਆਂ ਦੀ ਜ਼ਿੰਮੇਵਾਰ ਖ਼ੁਦ ਪਰਜਾ ਹੋਵੇਗੀ।” ਖਾਲਿਦ ਪਿਉ ਨੂੰ ਪੁੱਛਦਾ ਹੈ ਕਿ ਪਰਚੇ ਵਿਚ ਕੀ ਲਿਖਿਆ ਹੈ ਤਾਂ ਪਿਤਾ ਨੂੰ ਕੁਝ ਨਹੀਂ ਸੁੱਝਦਾ ਅਤੇ ਉਹ ਬੱਚੇ ਨੂੰ ਵਰਚਾਉਣ ਲਈ ਕਹਿੰਦਾ ਹੈ ਪਰਚੇ ਵਿਚ ਇਹ ਲਿਖਿਆ ਹੈ ਕਿ ”ਅੱਜ ਸ਼ਾਮ ਇਕ ਤਮਾਸ਼ਾ ਹੋਵੇਗਾ।”
ਗੱਲ ਉਲਟੀ ਪੈ ਜਾਂਦੀ ਹੈ ਤੇ ਬੱਚਾ ਕਹਿੰਦਾ ਹੈ ਕਿ ਪਿਉ ਉਸ ਨੂੰ ਤਮਾਸ਼ਾ ਦਿਖਾਉਣ ਲਈ ਲੈ ਕੇ ਜਾਵੇ। ਬੱਚੇ ਨੂੰ ਝਿੜਕ ਕੇ ਘਰ ਬਹਿਣ ਤੇ ਬਾਰੀ ਥਾਣੀਂ ਗਲੀ ਵੱਲ ਦੇਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ… ਤੇ ਫਿਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ… ਤੇ ਫਿਰ ਖਾਲਿਦ ਗਲੀ ਵਿਚ ਇਕ ਮੁੰਡੇ ਨੂੰ ਦੇਖਦਾ ਹੈ ਜਿਸ ਦੀ ਲੱਤ ‘ਚੋਂ ਖ਼ੂਨ ਵਗ ਰਿਹਾ ਹੈ ਤੇ ਉਹ ਮੁੰਡਾ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ।
ਖਾਲਿਦ ਪਿਉ ਨੂੰ ਪੁੱਛਦਾ ਹੈ ਕਿ ਬੱਚੇ ਦੀ ਲੱਤ ‘ਚੋਂ ਖ਼ੂਨ ਕਿਉਂ ਵਗ ਰਿਹਾ ਹੈ ਤਾਂ ਪਿਉ ਗੱਲ ਬਣਾਉਂਦਾ ਹੈ ਕਿ ਉਸ ਦੇ ਅਧਿਆਪਕ ਨੇ ਉਸ ਨੂੰ ਕੁੱਟਿਆ ਹੋਵੇਗਾ। ਖਾਲਿਦ ਚਾਹੁੰਦਾ ਹੈ ਕਿ ਅਜਿਹੇ ਅਧਿਆਪਕ ਨੂੰ ਸਜ਼ਾ ਮਿਲੇ। ਉਸ ਦੇ ਸਵਾਲਾਂ ਦਾ ਕਿਸੇ ਕੋਲ ਜਵਾਬ ਨਹੀਂ। ਉਹ ਬਹੁਤ ਡਰ ਜਾਂਦਾ ਹੈ ਤੇ ਸੌਣ ਲੱਗਿਆਂ ਅਰਦਾਸ ਕਰਦਾ ਹੈ, ”ਅੱਲ੍ਹਾ ਮੀਆਂ, ਮੈਂ ਦੁਆ ਕਰਦਾ ਹਾਂ ਕਿ ਤੂੰ ਉਸ ਮਾਸਟਰ, ਜਿਸ ਨੇ ਲੜਕੇ ਨੂੰ ਮਾਰਿਆ ਹੈ, ਅੱਛੀ ਤਰ੍ਹਾਂ ਸਜ਼ਾ ਦੇਵੇਂ… ਜੇ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਤਾਂ ਮੈਂ ਤੇਰੇ ਨਾਲ ਨਹੀਂ ਬੋਲਾਂਗਾ।” ਜੱਲ੍ਹਿਆਂਵਾਲੇ ਬਾਗ਼! ਤੂੰ ਜਾਣਦਾ ਏਂ ਕਿ ਮੁੰਡੇ ਦੀ ਲੱਤ ਨੂੰ ਜ਼ਖ਼ਮੀ ਕਰਨ ਵਾਲਾ ‘ਮਾਸਟਰ’ ਜਨਰਲ ਡਾਇਰ ਸੀ ਅਤੇ ਉਸ ਦਾ ਮਾਸਟਰ (ਭਾਵ ਮਾਲਕ) ਪੰਜਾਬ ਦਾ ਉਸ ਸਮੇਂ ਦਾ ਲੈਫ਼ਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਸੀ ਤੇ ਫਿਰ ਇਸ ਜ਼ਮੀਨ ਦੇ ਅਜ਼ੀਮ ਪੁੱਤਰ ਊਧਮ ਸਿੰਘ ਨੇ ਤੇਰੇ ਕੋਲ ਆ ਕੇ 13 ਅਪਰੈਲ 1919 ਵਾਲੇ ਦਿਨ ਹੋਏ ਜ਼ੁਲਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ ਤੇ ਫਿਰ ਊਧਮ ਸਿੰਘ ਨੇ 13 ਮਾਰਚ 1940 ਨੂੰ ਮਾਈਕਲ ਓ’ਡਵਾਇਰ ਨੂੰ ਕੈਕਸਟਨ ਹਾਲ ਲੰਡਨ ਵਿਚ ਸਜ਼ਾ ਦਿੱਤੀ ਸੀ।
ਪਿਆਰੇ ਜੱਲ੍ਹਿਆਂਵਾਲੇ ਬਾਗ਼! ਤੈਨੂੰ ਇਹ ਵੀ ਯਾਦ ਹੋਵੇਗਾ ਕਿ ਇਸ ਧਰਤੀ ਦਾ ਇਕ ਹੋਰ ਅਜ਼ੀਮ ਪੁੱਤਰ ਭਗਤ ਸਿੰਘ ਤੇਰੇ ਕੋਲ ਆਇਆ ਸੀ ਤੇ ਤੇਰੀ ਮਿੱਟੀ ਆਪਣੇ ਨਾਲ ਲੈ ਗਿਆ ਸੀ ਤਾਂ ਕਿ ਉਸ ਨੂੰ ਯਾਦ ਰਹੇ ਕਿ ਜੋ 13 ਅਪਰੈਲ 1919 ਨੂੰ ਹੋਇਆ, ਉਸ ਦਾ ਬਦਲਾ ਲੈਣਾ ਪੈਣਾ ਹੈ ਤੇ ਉਹ ਜ਼ੁਲਮ ਵਿਰੁੱਧ ਲੜਦਿਆਂ ਰਾਜਗੁਰੂ ਤੇ ਸੁਖਦੇਵ ਦੇ ਨਾਲ 23 ਮਾਰਚ 1931 ਨੂੰ ਫਾਂਸੀ ਚੜ੍ਹ ਗਿਆ ਸੀ।
… ਤੇ ਸਾਅਦਤ ਹਸਨ ਮੰਟੋ ਨੇ ਅੰਮ੍ਰਿਤਸਰ ਦੀ ਬਸਤੀ ਕੂਚਾ ਵਕੀਲਾਂ ਵਿਚ ਆਪਣੇ ਘਰ ਦੇ ਇਕ ਕਮਰੇ ਵਿਚ ਭਗਤ ਸਿੰਘ ਦੀ ਤਸਵੀਰ ਲਗਾ ਲਈ ਸੀ ਅਤੇ ਉਸ ਕਮਰੇ ਦਾ ਨਾਂ ਰੱਖਿਆ ਸੀ ”ਦਾਰੁਲ-ਅਹਿਮਰ (ਸੁਰਖ਼ ਕਮਰਾ ਭਾਵ ਇਨਕਲਾਬੀ ਕਮਰਾ)।” ਤੇ ਮੰਟੋ ਨੇ ਤੇਰਾ ਜ਼ਿਕਰ ਇਉਂ ਕੀਤਾ ਹੈ, ”ਮੈਂ ਤਕੀਆਂ ‘ਤੇ ਜਾਂਦਾ ਸੀ, ਕਬਰਸਤਾਨਾਂ ‘ਚ ਘੁੰਮਦਾ ਸੀ, ਜੱਲ੍ਹਿਆਂਵਾਲਾ ਬਾਗ਼ ਵਿਚ ਘੰਟਿਆਂਬੱਧੀ ਕਿਸੇ ਛਾਂਦਾਰ ਰੁੱਖ ਹੇਠਾਂ ਬੈਠ ਕੇ ਕਿਸੇ ਅਜਿਹੇ ਇਨਕਲਾਬ ਦੇ ਸੁਪਨੇ ਵੇਖਦਾ ਸਾਂ ਜੋ ਪਲਕ ਝਪਕਦੇ ਹੀ ਅੰਗਰੇਜ਼ਾਂ ਦੀ ਹਕੂਮਤ ਦਾ ਤਖ਼ਤਾ ਪਲਟ ਦੇਵੇ” (ਕਿਤਾਬ ‘ਲਾਊਡ ਸਪੀਕਰ’ ਦੇ ਲੇਖ ‘ਰਫ਼ੀਕ ਗਜ਼ਨਵੀ’ ਵਿਚ)।
ਹਾਂ, ਜੱਲ੍ਹਿਆਂਵਾਲੇ ਬਾਗ਼! ਇਹ ਹੈ ਤੇਰੀ ਮਿੱਟੀ ਦੀ ਤਾਸੀਰ, ਜਿਸ ‘ਤੇ ਬਹਿ ਕੇ, ਜਿਸ ਨੂੰ ਹੱਥ ਵਿਚ ਫੜ ਕੇ ਲੋਕ ਦੁਨੀਆਂ ਨੂੰ ਬਦਲ ਦੇਣ ਦੇ ਸੁਪਨੇ ਦੇਖਦੇ ਹਨ ਅਤੇ ਸੰਘਰਸ਼ ਕਰਨ ਦੇ ਅਹਿਦ ਕਰਦੇ ਹਨ, ਸਭ ਕੁਝ ਇਸ ਲਈ ਕਿ ਤੂੰ ਇਕ ਬਾਗ਼ ਈ ਨਹੀਂ ਏ ਤੂੰ ਇਕ ਪ੍ਰਤੀਕ ਏਂ ਉਨ੍ਹਾਂ ਪੰਜਾਬੀਆਂ ਦੇ ਸਿਦਕ ਦਾ, ਜਿਨ੍ਹਾਂ ਨੇ 13 ਅਪਰੈਲ 1919 ਵਾਲੇ ਦਿਨ ਇੱਥੇ ਜਨਰਲ ਡਾਇਰ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ ਤੇ ਜਾਨਾਂ ਕੁਰਬਾਨ ਕੀਤੀਆਂ; ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਲਹੂ ਇਕੱਠਾ ਵਗਿਆ ਜਿਸ ਬਾਰੇ ਬਾਬੂ ਫੀਰੋਜ਼ਦੀਨ ਸ਼ਰਫ਼ ਨੇ ਏਦਾਂ ਲਿਖਿਆ :
ਜ਼ਾਲਮ ਜਨਮ ਕਸਾਈਆਂ ਨੇ ਹਿੰਦੀਆਂ ਨੂੰ,
ਵਾਂਗ ਬੱਕਰੇ ਕੀਤਾ ਕੁਰਬਾਨ ਏਥੇ।
ਕਿਧਰੇ ਤੜਫਦੇ ਸਨ ਤੇ ਕਿਤੇ ਸੈਹਕਦੇ ਸਨ,
ਕਿਧਰੇ ਵਿਲਕਦੇ ਸਨ ਨੀਮ ਜਾਨ ਏਥੇ।
ਜ਼ਖਮੀ ਪਾਣੀ ਬਿਨ ਮੱਛੀਆਂ ਵਾਂਗ ਤੜਫੇ,
ਨਾਲ ਖ਼ੂਨ ਦੇ ਹੋਏ ਰਵਾਨ ਏਥੇ।
ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ,
ਓਮ ‘ਰਹੀਮ’ ‘ਕਰਤਾਰ’ ‘ਭਗਵਾਨ’ ਏਥੇ।
ਹਏ ‘ਜ਼ਮਜ਼ਮ’ ਤੇ ‘ਗੰਗਾ’ ਇਕ ਥਾਂ ‘ਕੱਠੇ’,
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
1919 ਵਿਚ ਰੌਲਟ ਐਕਟ ਵਿਰੁੱਧ ਅੰਦੋਲਨ ਚੱਲ ਰਿਹਾ ਸੀ। ਹਿੰਦੂ, ਸਿੱਖ ਤੇ ਮੁਸਲਮਾਨ ਸਭ ਇਕੱਠੇ ਹੋ ਕੇ ਅੰਗਰੇਜ਼ਾਂ ਖਿਲਾਫ ਲੜ ਰਹੇ ਸਨ। ਰਾਮਨੌਮੀ ਵਾਲੇ ਦਿਨ ਫਿਰਕੂ ਏਕਤਾ ਦਾ ਵੱਡਾ ਮੁਜ਼ਾਹਰਾ ਹੋਇਆ ਜਿਸ ਬਾਰੇ ਨਾਵਲਕਾਰ ਨਾਨਕ ਸਿੰਘ ਨੇ ਲਿਖਿਆ ਸੀ ”ਸਾਰੇ ਸਿੱਖ ਹਿੰਦੂ ਅਤੇ ਮੁਸਲਮਾਨਾਂ ਰਲ ਮਿਲ ਏਹ ਪੁਰਬ ਮਨਾਇਆ ਜੀ।” ਅੰਮ੍ਰਿਤਸਰ ਵਿਚ 10 ਅਪਰੈਲ 1919 ਡਾ. ਸੈਫੂਦੀਨ ਕਿਚਲੂ ਅਤੇ ਡਾ. ਸਤਪਾਲ ਨੂੰ ਗ੍ਰਿਫ਼ਤਾਰ ਕਰਕੇ ਅਣਜਾਣੀ ਥਾਂ ‘ਤੇ ਭੇਜ ਦਿੱਤਾ ਗਿਆ ਸੀ; ਲੋਕ-ਰੋਹ ਸਿਖ਼ਰਾਂ ‘ਤੇ ਸੀ।
ਗ੍ਰਿਫ਼ਤਾਰੀਆਂ ਦੇ ਬਾਅਦ ਸ਼ਹਿਰ ਵਿਚ ਨਿਕਲੇ ਜਲੂਸਾਂ ‘ਤੇ ਗੋਲੀ ਚੱਲੀ, ਲੋਕ ਮਾਰੇ ਗਏ, ਫੱਟੜ ਹੋਏ ਤੇ ਫਿਰ 13 ਅਪਰੈਲ 1919 ਨੂੰ ਪਿਆਰੇ ਜੱਲ੍ਹਿਆਂਵਾਲੇ ਬਾਗ਼! ਉਹ ਤੇਰੇ ਕੋਲ ਆ ਜੁੜੇ। ਨਾਨਕ ਸਿੰਘ ਅਨੁਸਾਰ:
ਪੰਜ ਬਜੇ ਅਪ੍ਰੈਲ ਦੀ ਤੇਹਰਵੀਂ ਨੂੰ,
ਲੋਕੀਂ ਬਾਗ਼ ਵੱਲ ਹੋਇ ਵੈਰਾਨ ਚੱਲੇ।
ਦਿਲਾਂ ਵਿਚ ਇਨਸਾਫ਼ ਦੀ ਆਸ ਰੱਖ ਕੇ,
ਸਾਰੇ ਸਿੱਖ ਹਿੰਦੂ ਮੁਸਲਮਾਨ ਚੱਲੇ।
ਵਿਰਲੇ ਆਦਮੀ ਸ਼ੈਹਰ ਵਿਚ ਰਹੇ ਬਾਕੀ,
ਸੱਭ ਬਾਲ ਤੇ ਬਿਰਧ ਜਵਾਨ ਚੱਲੇ।
ਜੱਲ੍ਹਿਆਂ ਵਾਲੜੇ ਉੱਜੜੇ ਬਾਗ਼ ਤਾਂਈ,
ਖ਼ੂਨ ਡੋਲ੍ਹ ਕੇ ਸਬਜ ਬਨਾਨ ਚੱਲੇ।
ਅਨਲਹੱਕ ਮਨਸੂਰ ਦੇ ਵਾਂਗ ਯਾਰੋ,
ਸੂਲੀ ਆਪਣੀ ਆਪ ਗਡਾਨ ਚੱਲੇ।
ਸੀਸ ਆਪਣੇ ਰੱਖ ਕੇ ਤਲੀ ਉੱਤੇ,
ਭਾਰਤ ਮਾਤਾ ਦੀ ਭੇਟ ਚੜ੍ਹਾਨ ਚੱਲੇ।
ਤੇ ਫਿਰ ਸਾਢੇ ਪੰਜ ਵਜੇ ਕੀ ਹੋਇਆ, ਜੱਲ੍ਹਿਆਂਵਾਲੇ ਬਾਗ਼ ! ਤੂੰ ਜਾਣਦਾ ਏਂ ਤੇ ਤੇਰੇ ਉਸ ਹਾਲ ਨੂੰ ਨਾਨਕ ਸਿੰਘ ਨੇ ਇਉਂ ਲਿਖਿਆ ਹੈ :
ਠੀਕ ਵਕਤ ਸਾਢੇ ਪੰਜ ਬਜੇ ਦਾ ਸੀ,
ਲੋਕ ਜਮਾਂ ਹੋਏ ਕਈ ਹਜ਼ਾਰ ਪਿਆਰੇ।
ਲੀਡਰ ਦੇਸ ਦਾ ਦੁੱਖ ਫਰੋਲਨੇ ਨੂੰ,
ਲੈਕਚਰ ਦੇਂਵਦੇ ਸਨ ਵਾਰੋ ਵਾਰ ਪਿਆਰੇ।
ਕੋਈ ਸੁੱਝਦੀ ਨਹੀਂ ਤਦਬੀਰ ਸਾਨੂੰ,
ਡਾਢੇ ਹੋਏ ਹਾਂ ਅਸੀਂ ਲਾਚਾਰ ਪਿਆਰੇ।
ਅਜੇ ਲਫਜ਼ ‘ਤਦਬੀਰ’ ਮੂੰਹ ਵਿਚ ਹੈਸੀ,
ਓਧਰ ਫੌਜ ਨੇ ਧੂੜ ਧੁਮਾ ਦਿੱਤੀ।
ਮਿੰਟਾਂ ਵਿਚ ਹੀ ਕਈ ਹਜ਼ਾਰ ਗੋਲੀ
ਓਹਨਾਂ ਜ਼ਾਲਮਾਂ ਖ਼ਤਮ ਕਰਾ ਦਿੱਤੀ।
ਗੋਲੀ ਕੀ ਏ ਗੜ੍ਹਾ ਸੀ ਕੈਹਰ ਵਾਲਾ
ਵਾਂਗ ਛੋਲਿਆਂ ਭੁੰਨੇ ਜਵਾਨ ਓਥੇ।
ਕਈ ਛਾਤੀਆਂ ਛਾਨਨੀ ਵਾਂਗ ਹੋਈਆਂ
ਐਸੇ ਜ਼ਾਲਮਾਂ ਮਾਰੇ ਨਿਸ਼ਾਨ ਓਥੇ।
ਇਕ ਪਲਕ ਦੇ ਵਿਚ ਕੁਰਲਾਟ ਮਚਿਆ
ਧੂੰਆਂਧਾਰ ਹੋ ਗਿਆ ਅਸਮਾਨ ਓਥੇ।
ਜੱਲ੍ਹਿਆਂਵਾਲੇ ਬਾਗ਼! ਤੇਰੀ ਪੂਰੀ ਕਹਾਣੀ ਤਾਂ ਕਦੀ ਵੀ ਲਿਖੀ/ਸੁਣਾਈ ਨਹੀਂ ਜਾ ਸਕਦੀ। ਵਿਧਾਤਾ ਸਿੰਘ ਤੀਰ, ਅਬਦੁੱਲ ਕਾਦਰ ਬੇਗ, ‘ਖੂਨ ਦੇ ਕਬਿਤ’ ਲਿਖਣ ਵਾਲੇ ਰਣਜੀਤ ਸਿੰਘ ਤਾਜਵਰ, ਹੋਰ ਅਨੇਕ ਕਵੀਆਂ, ਕਹਾਣੀਕਾਰਾਂ, ਨਾਵਲਕਾਰਾਂ, ਇਤਿਹਾਸਕਾਰਾਂ ਤੇ ਚਿੰਤਕਾਂ ਨੇ ਤੇਰੀ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ। ਅਬਦੁੱਲਾ ਹੁਸੈਨ ਦੇ ਨਾਵਲ ‘ਉਦਾਸ ਨਸਲੇਂ’ ਵਿਚ ਮੱਛੀਆਂ ਵੇਚਣ ਵਾਲਾ ਬੁੱਢਾ ਤੇਰੀ ਕਹਾਣੀ ਏਦਾਂ ਦੱਸਦਾ ਹੈ, ”ਓਸੇ ਵਕਤ ਗੋਲੀ ਚੱਲਣੀ ਸ਼ੁਰੂ ਹੋਈ।… ਫਿਰ ਉਹ ਮੰਜ਼ਰ ਸ਼ੁਰੂ ਹੋਇਆ ਜੋ ਜ਼ਿੰਦਗੀ ਵਿਚ ਬਹੁਤ ਘੱਟ ਦੇਖਣ ਲਈ ਮਿਲਦਾ ਹੈ। ਸਾਰੇ ਬਾਗ਼ ਵਿਚ ਅਫਰਾ-ਤਫਰੀ ਫੈਲ ਗਈ ਤੇ ਉਹ ਭਗਦੜ ਮਚੀ ਜੋ ਸਾਫ਼ ਪਾਣੀਆਂ ਵਿਚ ਜਾਲ ਸੁੱਟਣ ‘ਤੇ ਮੱਛੀਆਂ ‘ਚ ਮਚਦੀ ਹੈ। ਲੇਕਿਨ ਪਿੱਛਾ ਕਰਦੀਆਂ ਹੋਈਆਂ ਗੋਲੀਆਂ ਇਨਸਾਨਾਂ ਨਾਲੋਂ ਬਹੁਤ ਤੇਜ਼ ਭੱਜਦੀਆਂ ਨੇ… ਤੁਸੀਂ ਦੀਵਾਰਾਂ ‘ਚ ਹੋਏ ਸੁਰਾਖ ਵੇਖੇ ਨੇ? ਆਹ! ਤੁਸੀਂ ਜੋ ਲੋਕਾਂ ਨੂੰ ਪੁੱਛਦੇ ਫਿਰਦੇ ਹੋ, ਬੱਚਿਓ! ਤੁਸੀਂ ਕਦੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਬਾਗੀ ਸ਼ਹਿਰ ਨੂੰ ਕਿੰਨੀ ਵੱਡੀ ਸਜ਼ਾ ਮਿਲੀ…”
ਹਾਂ, ਮੇਰੇ ਪਿਆਰੇ ਜੱਲ੍ਹਿਆਂਵਾਲੇ ਬਾਗ਼! ਕੋਈ ਇਹ ਅੰਦਾਜ਼ਾ ਨਹੀਂ ਲਗਾ ਸਕਦਾ; ਕੋਈ ਤੇਰੇ ਦੁੱਖ-ਦਰਦ ਦੀ ਥਾਹ ਨਹੀਂ ਪਾ ਸਕਦਾ… ਪਰ ਕੁਝ ਲੋਕ ਤੇਰਾ ਰੂਪ ਬਦਲਣਾ ਚਾਹੁੰਦੇ ਨੇ ਤੇ ਉਨ੍ਹਾਂ ਨੇ ਬਦਲ ਵੀ ਦਿੱਤਾ ਹੈ; ਤੇਰੇ ਤਕ ਪਹੁੰਚਦੀ ਗਲੀ ‘ਚ ਮਿਊਰਲ ਬਣਾ ਦਿੱਤੇ ਗਏ ਨੇ… ਇਤਿਹਾਸ ‘ਤੇ ਪੋਚਾ ਮਾਰ ਦਿੱਤਾ ਗਿਐ। ਉਹ ਕਹਿੰਦੇ ਨੇ ਹੁਣ ਤੂੰ ਸੁਹਣਾ ਲੱਗਦਾ ਏਂ… ਉਨ੍ਹਾਂ ਨੇ ਤੇਰੇ ਤੋਂ ਤੇਰੇ ਦੁੱਖ ਖੋਹ ਲਏ ਨੇ ਜਾਂ ਤੇਰੇ ਦੁੱਖਾਂ ਦੇ ਨਿਸ਼ਾਨਾਂ/ਜ਼ਖ਼ਮਾਂ ‘ਤੇ ਕੂਚੀ ਫੇਰ ਦਿੱਤੀ ਏ… ਕੀ ਤੇਰੇ ਦੁੱਖ ਢਕੇ ਜਾ ਸਕਦੇ ਨੇ?ਕੀ ਦੁੱਖ-ਦਰਦ ‘ਤੇ ਸੁੰਦਰਤਾ/ਖ਼ੂਬਸੂਰਤੀ ਦਾ ਲੇਪ ਚੜ੍ਹਾਇਆ ਜਾ ਸਕਦੈ?ਕੀ ਕੋਈ ਕਿਸੇ ਮਨੁੱਖ ਜਾਂ ਧਰਤੀ ਤੋਂ ਉਸ ਦੇ ਦੁੱਖ-ਦਰਦ ਖੋਹ ਸਕਦਾ ਹੈ? ਨਹੀਂ, ਬਿਲਕੁਲ ਨਹੀਂ। ਦੁੱਖ-ਦਰਦ ਤੇ ਜ਼ਖ਼ਮ ਯਾਦਾਂ ਵਿਚ ਪਏ ਹੁੰਦੇ ਹਨ; ਲੋਕਾਂ ਦੇ ਮਨਾਂ ਦੀਆਂ ਗਹਿਰਾਈਆਂ ਵਿਚ ਤੇ ਓਥੋਂ ਤੀਕ ਹਾਕਮਾਂ ਦੇ ਹੱਥ ਨਹੀਂ ਪਹੁੰਚ ਸਕਦੇ। ਤੇਰੀ ਮਿੱਟੀ ਭਗਤ ਸਿੰਘ, ਊਧਮ ਸਿੰਘ ਅਤੇ ਉਨ੍ਹਾਂ ਦੇ ਵਾਰਸਾਂ ਦੇ ਹੱਥਾਂ ਵਿਚ ਸੁਰੱਖਿਅਤ ਹੈ ਤੇ ਮਿੱਟੀ ਦਾ ਰੂਪ ਨਹੀਂ ਬਦਲਿਆ ਜਾ ਸਕਦਾ। ਮੈਂ 1984-85 ਵਿਚ ਅੰਮ੍ਰਿਤਸਰ ਤੇ ਤੇਰੇ ਬਾਰੇ ਇਹ ਲਿਖਿਆ ਸੀ:
ਅੰਮ੍ਰਿਤਸਰ! ਮਨੁੱਖ ਨੂੰ ਕਦੋਂ ਮਿਲੇਗਾ :
ਤੇਰੇ ਇਕ ਛੋਟੇ ਜਿਹੇ ਬਾਗ਼ ਦਾ ਵਾਇਦਾ?
ਮੈਂ ਗ਼ਲਤ ਸੀ, ਤੂੰ ਛੋਟਾ ਜਿਹਾ ਬਾਗ਼ ਨਹੀਂ, ਤੂੰ ਬਹੁਤ ਵਿਰਾਟ, ਵਿਸ਼ਾਲ ਤੇ ਵਿਆਪਕ ਏਂ… ਤੂੰ ਹਰ ਪੰਜਾਬੀ, ਹਰ ਦੇਸ਼ ਵਾਸੀ ਅਤੇ ਇਨਸਾਫ਼ ਲਈ ਲੜਨ ਵਾਲੇ ਹਰ ਇਨਸਾਨ ਦੇ ਦਿਲ ਵਿਚ ਮੌਜੂਦ ਏਂ… ਮੈਂ ਸੁਣਿਆ ਹੈ ਕਿ ਹੁਣ ਪਾਬੰਦੀਆਂ ਲਗਾਈਆਂ ਗਈਆਂ ਹਨ ਕਿ ਤੇਰੀ ਧਰਤ ‘ਤੇ ਜਲੂਸ-ਜਲਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਕਮਾਂ ਅਨੁਸਾਰ ਤੂੰ ‘ਇਤਿਹਾਸਕ ਸਥਾਨ’ ਏਂ। ਹਾਕਮਾਂ ਦੀ ਖਸਲਤ ਨਹੀਂ ਬਦਲਦੀ ਪਰ ਉਹ ਨਹੀਂ ਜਾਣਦੇ ਆਪਣੇ ਹੱਕਾਂ ਲਈ ਲੜਨ ਵਾਲੇ ਕਿਸਾਨਾਂ, ਮਜ਼ਦੂਰਾਂ, ਔਰਤਾਂ, ਵਿਦਿਆਰਥੀਆਂ, ਨੌਜਵਾਨਾਂ, ਸਭ ਨੇ ਆਪਣੇ ਸੰਘਰਸ਼ਾਂ ਦੌਰਾਨ ਤੇਰੇ ਕੋਲ ਆਉਂਦੇ ਰਹਿਣਾ ਹੈ; ਤੂੰ ਸੰਘਰਸ਼ਸ਼ੀਲ ਲੋਕਾਂ ਦਾ ਸਾਥੀ ਏਂ; ਹਾਕਮਾਂ ਨਾਲ ਤੇਰਾ ਕੋਈ ਵਾਹ-ਵਾਸਤਾ ਨਹੀਂ।
ਰੀਂਗ ਕੇ ਲੰਘਣ ਦੇ ਹੁਕਮ ਦੀ ਤਾਮੀਲ ਕਰਵਾਉਂਦੇ ਗੋਰੇ ਸਿਪਾਹੀ। ਹਾਕਮਾਂ ਨੇ ਸ਼ਾਇਦ ਕ੍ਰਿਸ਼ਨ ਚੰਦਰ ਦੀ ਉਹ ਕਹਾਣੀ ‘ਅੰਮ੍ਰਿਤਸਰ : ਆਜ਼ਾਦੀ ਸੇ ਪਹਿਲੇ, ਆਜ਼ਾਦੀ ਕੇ ਬਾਅਦ’ ਪੜ੍ਹੀ ਹੋਵੇਗੀ ਜਿਸ ਵਿਚ 13 ਅਪਰੈਲ 1919 ਵਾਲੇ ਦਿਨ ਅੰਮ੍ਰਿਤਸਰ ਦੇ ਕੂਚਾ ਰਾਮਦਾਸ ਦੀਆਂ ਚਾਰ ਔਰਤਾਂ ਜ਼ੈਨਬ, ਪਾਰੋ, ਸ਼ਾਮ ਕੌਰ ਤੇ ਬੇਗਮ ਨੂੰ ਇਕ ਥਾਂ ਤੋਂ ਰੀਂਗ ਕੇ ਜਾਣ ਲਈ ਕਿਹਾ ਜਾਂਦਾ ਹੈ; ਪਾਰੋ ਤੋਂ ਬਿਨਾਂ ਬਾਕੀ ਤਿੰਨੋਂ ਇਨਕਾਰ ਕਰ ਦਿੰਦੀਆਂ ਹਨ; ਗੋਰੇ ਸਿਪਾਹੀ ਉਨ੍ਹਾਂ ਨੂੰ ਗੋਲੀ ਮਾਰ ਦਿੰਦੇ ਹਨ, ਪਾਰੋ ਜ਼ਮੀਨ ਤੋਂ (ਉਹ ਆਪਣੇ ਆਪ ਨੂੰ ਰੀਂਗਣ ਲਈ ਤਿਆਰ ਕਰ ਰਹੀ ਸੀ) ਉੱਠਦੀ ਏ ਤੇ ਗੋਰੇ ਸਿਪਾਹੀ ਦੇ ਮੂੰਹ ‘ਤੇ ਥੁੱਕਦੀ ਹੈ; ਗੋਰਾ ਉਹਨੂੰ ਗੋਲੀ ਮਾਰ ਦਿੰਦਾ ਏ। ਜੱਲ੍ਹਿਆਂਵਾਲੇ ਬਾਗ਼! ਸਾਡੀ ਧਰਤੀ ਅਜਿਹੀਆਂ ਕੁਰਬਾਨੀਆਂ ਨਾਲ ਭਰੀ ਹੋਈ ਹੈ। ਹਾਕਮ ਸਾਡੀ ਧਰਤੀ ਦਾ ਰੂਪ ਕਿੱਥੋਂ ਕਿੱਥੋਂ ਬਦਲਣਗੇ?
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ)

 

Check Also

ਪ੍ਰਿੰ. ਸਰਵਣ ਸਿੰਘ ਦੀ ਪੁਸਤਕ ઑਸ਼ਬਦਾਂ ਦੇ ਖਿਡਾਰੀ਼

ਪੂਰਨ ਸਿੰਘ ਪਾਂਧੀ ਪੰਜਾਬੀ ਖੇਡ ਸਾਹਿਤ ਵਿਚ ਪ੍ਰਿੰ. ਸਰਵਣ ਸਿੰਘ ਦਾ ਵੱਡਾ ਨਾਂ ਹੈ। ਉਹ …