Breaking News
Home / ਮੁੱਖ ਲੇਖ / ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ

ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ

ਗੁਰਮੀਤ ਸਿੰਘ ਪਲਾਹੀ
ਪੰਜਾਬ ‘ਚ ਸਿਆਸਤ ਨਿੱਤ ਪ੍ਰਤੀ ਕਰਵਟ ਬਦਲ ਰਹੀ ਹੈ। ਨਿੱਤ ਨਵੀਆਂ ਸਿਆਸੀ ਸਮੀਕਰਣਾਂ ਬਣ ਰਹੀਆਂ ਹਨ। ਨਿੱਤ ਨਵੇਂ ਸਿਆਸੀ ਫੈਸਲੇ ਹੋ ਰਹੇ ਹਨ। ਸਿਆਸੀ ਜੋੜ-ਤੋੜ ਤੇ ਸਿਆਸੀ ਘਟਨਾਵਾਂ ਦੇ ਪਿੱਛੇ 2019 ਦੀਆਂ ਦੇਸ਼ ਦੀਆਂ ਆਮ ਚੋਣਾਂ ਹਨ, ਜਿਹਨਾ ਨੇ ਅਗਲੇ ਪੰਜ ਸਾਲਾਂ ਲਈ ਦੇਸ਼ ਦਾ ਭਵਿੱਖ ਤਹਿ ਕਰਨਾ ਹੈ। ਦੇਸ਼ ਦੀ ਰਾਸ਼ਟਰੀ ਸਿਆਸੀ ਤਸਵੀਰ ਜਿਵੇਂ ਜਿਵੇਂ ਬਦਲ ਰਹੀ ਹੈ, ਨਵੇਂ ਗੱਠਜੋੜ ਬਣ ਅਤੇ ਟੁੱਟ ਰਹੇ ਹਨ, ਤਿਵੇਂ ਤਿਵੇਂ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਦਾ ਅੰਦਰਲਾ ਡਰ ਵੱਧ ਰਿਹਾ ਹੈ। ਇਸ ਡਰ ਕਾਰਨ ਦੇਸ਼ ਦੇ ਸੂਬਿਆਂ ‘ਚ ਇਹ ਸਿਆਸੀ ਪਾਰਟੀਆਂ ਨਵੇਂ ਪੈਂਤੜੇ ਅਖਤਿਆਰ ਕਰ ਰਹੀਆਂ ਹਨ। ਅਤੇ ਇੱਕ ਦੂਜੇ ਦੇ ਰਾਜ ਕਰਦੇ ਸੂਬਿਆਂ ‘ਚ ਸਰਕਾਰਾਂ ਸੁੱਟਣ, ਸਿਆਸੀ ਬੰਦੇ ਖਰੀਦਣ, ਸਰਕਾਰਾਂ ‘ਚ ਉੱਥਲ-ਪੁੱਥਲ ਮਚਾਉਣ ਲਈ ਵਾਹ ਲਾ ਰਹੀਆਂ ਹਨ। ਕਰਨਾਟਕ ਦੀ ਕਾਂਗਰਸ ਨਾਲ ਸਾਂਝੀ ਸਰਕਾਰ ਤੋੜਨ ਲਈ ਭਾਜਪਾ ਨੇ ਇਹਨੀ ਦਿਨੀਂ ਕਾਂਗਰਸ ਦੇ ਚਾਰ ਐਮ.ਐਲ. ਏ. ਇਧਰ ਉਧਰ ਕਰ ਦਿੱਤੇ ਹਨ। ਪੰਜਾਬ ਵਿਚਲੀ ਕਾਂਗਰਸ ਅਮਰਿੰਦਰ ਸਿੰਘ ਸਰਕਾਰ ਨੂੰ ਵੀ ਅਸਥਿਰ ਕਰਨ ਲਈ ਅੰਦਰੋ-ਗਤੀ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਦੇ ਪਾਰਟੀ ਨੇਤਾ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ।
ਪਿਛਲੇ ਦਿਨੀਂ ਨੌਜਵਾਨ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਚਾਂ, ਸਰਪੰਚਾਂ ਨੂੰ ਸਹੁੰ ਚੁੱਕ ਸਮਾਗਮ ਸਮੇਂ ਪੰਜਾਬ ਦੇ ਸੀਨੀਅਰ ਪੁਲਿਸ ਅਫਸਰ ਮੁਖਵਿੰਦਰ ਸਿੰਘ ਛੀਨਾ ਵਿਰੁੱਧ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਦੇ ਸ਼ਰੇਆਮ ਇਲਜ਼ਾਮ ਲਗਾਉਣਾ, ਅਮਰਿੰਦਰ ਸਰਕਾਰ ਦੀ ਢਿੱਲੀ ਕਾਰਜਗੁਜਾਰੀ ‘ਤੇ ਸਵਾਲ ਉਠਾਉਣਾ ਮੰਨਿਆ ਜਾ ਰਿਹਾ ਹੈ। ਕੁਲਬੀਰ ਸਿੰਘ ਜ਼ੀਰਾ ਦੀ ਕਾਂਗਰਸ ਤੋਂ ਮੁਅੱਤਲੀ , ਫਿਰ ਕਿਸੇ ਸਮਝੌਤੇ ਤਹਿਤ ਮੁੜ ਬਹਾਲੀ ਅਤੇ ਜ਼ਿਲਾ ਗੁਰਦਾਸਪੁਰ ਦੇ ਸ੍ਰੀ ਹਰਿਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਜਨਤਕ ਪ੍ਰੋਗਰਾਮ ‘ਚ ਪ੍ਰਤਾਪ ਸਿੰਘ ਬਾਜਵਾ ਸਾਬਕਾ ਕਾਂਗਰਸ ਪ੍ਰਧਾਨ ਨੂੰ ਪੰਜਾਬ ਦਾ ਮੁੱਖਮੰਤਰੀ ਬਨਾਉਣ ਦੀ ਇੱਛਾ ਜ਼ਾਹਿਰ ਕਰਨਾ, ਕਾਂਗਰਸ ਪਾਰਟੀ ‘ਚ ਟੁੱਟ ਭੁੱਜ ਦਾ ਵੱਡਾ ਸੰਕੇਤ ਗਿਣਿਆ ਜਾ ਰਿਹਾ ਹੈ। ਇਸ ਤੋਂ ਵੀ ਮਹੱਤਵਪੂਰਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਨਾਉਣ ਦੀ ਚਰਚਾ ਅਤੇ ਕਿਧਰੇ ਕਿਧਰੇ ਉਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਕੀਤੀ ਜਾਂਦੀ ਖਾਮੋਸ਼ ਜਿਹੀ ਬੱਲੇਬਾਜੀ ਵੀ ਇਹੋ ਦਰਸਾਉਂਦੀ ਹੈ ਕਿ ਪੰਜਾਬ ਕਾਂਗਰਸ ‘ਚ ਸਭ ਕੁਝ ਅੱਛਾ ਨਹੀਂ ਅਤੇ ਇਸੇ ਕਰਕੇ ਕਾਂਗਰਸ ਦੇ ਵੱਡੀ ਗਿਣਤੀ ਵਿਧਾਇਕ ਕਾਂਗਰਸੀ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਇਹ ਇਲਜ਼ਾਮ ਲਗਾਉਣ ਤੋਂ ਸੰਕੋਚ ਨਹੀਂ ਕਰਦੇ ਕਿ ਇਹ ਸਰਕਾਰ ਅਸਲ ਵਿੱਚ ਪੁਲਿਸ ਅਫ਼ਸਰਾਂ ਅਤੇ ਨੌਕਰਸ਼ਾਹੀ ਵਲੋਂ ਚਲਾਈ ਜਾ ਰਹੀ ਹੈ, ਜਿਸ ਉਤੇ ਕੋਈ ਸਿਆਸੀ ਕੁੰਡਾ ਨਹੀਂ ਹੈ। ਇਸ ਵੱਧਦੀ ਹੋਈ ਅਸੰਤੁਸ਼ਟੀ ਦੇ ਮੱਦੇ ਨਜ਼ਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਾਝਾ, ਮਾਲਵਾ, ਦੁਆਬਾ ਦੇ ਵਿਧਾਇਕਾਂ ਦੀਆਂ ਮੀਟਿੰਗਾਂ ਲਗਾਕੇ ਉਹਨਾ ਦੇ ਗਿੱਲੇ-ਸ਼ਿਕਵੇਂ ਸੁਣੇ ਹਨ, ਉਹਨਾ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਅਤੇ 2019 ਦੀਆਂ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਹਰ ਵਿਧਾਇਕ ਹਲਕੇ ਲਈ ਪੰਜ ਪੰਜ ਕਰੋੜ ਦੀਆਂ ਵਿਕਾਸ ਗ੍ਰਾਂਟਾਂ ਦੇਣ ਲਈ ਤੁਰੰਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ, ਭਾਵੇਂ ਕਿ ਵਿਧਾਇਕਾਂ ਦੀ ਮੰਗ ਸੀ ਕਿ ਐਮ ਪੀ ਲੈਡ ਸਕੀਮ ਵਾਂਗਰ ਇਹ ਰਕਮ ਐਮ ਐਲ ਏ ਲੈਡ ਬਣਾਕੇ ਇਹ ਰਕਮ ਉਹਨਾ ਦੇ ਸਪੁੱਰਦ ਕੀਤੀ ਜਾਵੇ।
ਪੰਜਾਬ ਕਾਂਗਰਸ ਸੂਬੇ ਭਰ ‘ਚ ਬਲਾਕ ਸੰਮਤੀਆਂ, ਜ਼ਿਲਾ ਪ੍ਰੀਸ਼ਦਾਂ ਅਤੇ ਪਿੰਡ ਪੰਚਾਇਤਾਂ ‘ਚ ਆਪਣੇ ਪੱਖੀ ਵੱਡੀ ਗਿਣਤੀ ‘ਚ ਜਿੱਤਾਂ ਉਤੇ ਭਾਵੇਂ ਵੱਡੀ ਖੁਸ਼ੀ ਅਤੇ ਸੰਤੁਸ਼ਟਤਾ ਜ਼ਾਹਿਰ ਕਰਦੀ ਹੈ, ਪਰ ਇਹਨਾ ਚੋਣਾਂ ‘ਚ ਕੀਤੀ ਗਈ ਹੁਲੜਬਾਜੀ, ਧੱਕੇਸ਼ਾਹੀ ਨੇ ਕਾਂਗਰਸ ਦੇ ਅਕਸ ਨੂੰ ਵੱਡਾ ਧੱਕਾ ਵੀ ਲਾਇਆ ਹੈ। ਉਪਰੋਂ ਕਾਂਗਰਸ ਸਰਕਾਰ ਵਲੋਂ ਆਪਣੇ ਵਰਕਰਾਂ ਨੂੰ ਵੱਖੋ-ਵੱਖਰੇ ਬੋਰਡਾਂ, ਕਾਰਪੋਰੇਸ਼ਨਾਂ ਜਾਂ ਹੋਰ ਲਾਭ ਵਾਲੇ ਅਹੁਦਿਆਂ ਉਤੇ ਨਾ ਬਿਠਾਕੇ ਉਹਨਾ ਦੇ ਮਨੋਂਬਲ ‘ਚ ਕਮੀ ਕਰਨ ਵਾਲਾ ਕੰਮ ਕੀਤਾ ਹੋਇਆ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਵੀ ਕਾਂਗਰਸ ਨੂੰ ਇਸ ਗੱਲ ਦਾ ਲਾਭ ਹੈ ਕਿ ਪੂਰੇ ਪੰਜਾਬ ਵਿੱਚ ਉਸਦੇ ਵਿਰੋਧੀ ਖਿੱਲਰੇ-ਪੁੱਲਰੇ ਨਜ਼ਰ ਆ ਰਹੇ ਹਨ। ਪਿਛਲੇ ਦਿਨਾਂ ‘ਚ ਪੰਜਾਬ ਦੀ ਵਿਰੋਧੀ ਧਿਰ ‘ਚ ਬੈਠੀ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਗਿਆ ਹੈ। ਕੁਝ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨਾਲ ਜਾ ਜੁੜੇ ਹਨ। ਉਹਨਾ ਦੀ ਗਿਣਤੀ ਇਤਨੀ ਨਹੀਂ ਕਿ ਉਹ ਆਪਣਾ ਵੱਖਰਾ ਗਰੁੱਪ ਬਣਾਕੇ ਆਪਣੀ ਵਿਧਾਇਕੀ ਕਾਇਮ ਰੱਖ ਸਕਣ। ਦੇਰ ਸਵੇਰ ਉਹਨਾਂ ਨੂੰ ਆਮ ਆਦਮੀ ਪਾਰਟੀ ਆਪਣੇ ਦਲ ਵਿੱਚੋਂ ਕੱਢ ਦੇਵੇਗੀ ਜਾਂ ਉਹ ਮਾਸਟਰ ਬਲਦੇਵ ਸਿੰਘ ਵਿਧਾਇਕ ਵਾਂਗਰ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇਣਗੇ ।
ਜੇਕਰ ਆਮ ਆਦਮੀ ਵਿਧਾਇਕਾਂ ਦੀ ਇਹ ਗਿਣਤੀ ਘੱਟਦੀ ਗਈ ਤੇ ਅਕਾਲੀ ਦਲ ਦੇ ਵਿਧਾਇਕਾਂ ਤੋਂ ਥੱਲੇ ਚਲੇ ਗਈ ਤਾਂ ਅਸੰਬਲੀ ਦੇ ਵਿਰੋਧੀ ਦਲ ਦੇ ਨੇਤਾ ਦੀ ਕੁਰਸੀ ਵੀ ਆਮ ਆਦਮੀ ਪਾਰਟੀ ਹੱਥੋਂ ਜਾਂਦੀ ਰਹੇਗੀ। ਇਸ ਵੇਲੇ ਅਸੰਬਲੀ ਵਿੱਚ ਕੁਲ 117 ਮੈਂਬਰ ਹਨ। ਜਿਹਨਾ ਵਿਚੋਂ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ 20 ਅਤੇ ਅਕਾਲੀ ਦਲ ਭਾਜਪਾ ਦੇ 18 ਵਿਧਾਇਕ ਹਨ। ਸੁਖਪਾਲ ਖਹਿਰਾ, ਐਚ ਐਸ ਫੂਲਕਾ ਅਤੇ ਮਾਸਟਰ ਬਲਦੇਵ ਸਿੰਘ ਨੇ ਵਿਧਾਇਕ ਵਜੋਂ ਅਸਤੀਫੇ ਦੇ ਦਿੱਤੇ ਹਨ। ਇਸ ਸਭ ਕੁਝ ਦੇ ਚਲਦਿਆਂ ਵੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਅਧਾਰ ਵਿਖਰ ਗਿਆ ਹੈ, ਸੁੱਚਾ ਸਿੰਘ ਛੁਟੇਪੁਰ, ਧਰਮਵੀਰ ਗਾਂਧੀ ਐਮ.ਪੀ.,ਹਰਿੰਦਰ ਸਿੰਘ ਖਾਲਸਾ ਐਮ.ਪੀ., ਆਮ ਆਦਮੀ ਪਾਰਟੀ ਦਾ ਖਹਿੜਾ ਛੱਡ ਚੁੱਕੇ ਹਨ, ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਇੱਕਲਿਆਂ ਹੀ ਲੜਨ ਦਾ ਫੈਸਲਾ ਕਰ ਲਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਕਾਂਗਰਸ ਨਾਲ ਸਮਝੌਤਾ ਕਰਨ ਤਿਆਰ ਸੀ ਲੇਕਿਨ ਕਾਂਗਰਸ ਵਿੱਚ ਹੰਕਾਰ ਹਾਵੀ ਹੈ। ਇੰਜ ਆਮ ਆਦਮੀ ਪਾਰਟੀ ਪੰਜਾਬ ‘ਚ ਇੱਕਲਿਆਂ ਚੋਣ ਲੜੇਗੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਖੇਮੇ ਨੂੰ ਅਸੰਬਲੀ ਚੋਣਾਂ ‘ਚ ਹਾਰ ਮਿਲੀ। ਨਸ਼ਾ ਤੱਸਕਰੀ, ਮਾਫੀਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੇ ਮੁੱਦੇ ਉਸਦੀ ਹਾਰ ਦਾ ਕਾਰਨ ਬਣੇ। ਭਾਜਪਾ ਨੂੰ ਵੀ ਇਸ ਚੋਣ ‘ਚ ਵੱਡਾ ਖਮਿਆਜਾ ਭੁਗਤਣਾ ਪਿਆ ਕਿਉਂਕਿ ਅਕਾਲੀ-ਭਾਜਪਾ ਦੇ ਸੂਬੇ ‘ਚ ਰਾਜ ਅਤੇ ਕੇਂਦਰ ‘ਚ ਮੋਦੀ ਸਰਕਾਰ ਦੇ ਰਾਜ ਦੇ ਦੌਰਾਨ ਉਹ ਪੰਜਾਬ ਦੇ ਕਿਸੇ ਮੁੱਦੇ, ਜਾਂ ਸਮੱਸਿਆ ਦਾ ਹੱਲ ਕਰਵਾਉਣ ‘ਚ ਨਾਕਾਮਯਾਬ ਰਹੀ। ਭਾਵੇਂ ਕਿ ਪਿਛਲੇ ਸਾਲ ਡੇਢ ਸਾਲ ਦੇ ਸਮੇਂ ਦੌਰਾਨ ਅਕਲੀ ਦਲ ਨੇ ਆਪਣਾ ਖੁਸਿਆ ਪੇਂਡੂ ਅਧਾਰ ਮੁੜ ਸੰਭਾਲਣ ਦਾ ਯਤਨ ਕੀਤਾ ਪਰ ਪੰਜਾਬੀਆਂ ਦੀ ਨਰਾਜ਼ਗੀ ਜੋ ਉਸਨੇ 10 ਸਾਲ ਸਹੇੜੀ, ਉਸ ਕਾਰਨ ਉਹ ਆਪਣੀ ਕਾਰਗੁਜ਼ਾਰੀ ‘ਚ ਕੋਈ ਸੁਧਾਰ ਨਹੀਂ ਕਰ ਸਕੀ। ਉਲਟਾ ਪਾਰਟੀ ‘ਚ ਸਿਆਸੀ ਭੱਨਤੋੜ ਹੋਈ ਹੈ ਅਤੇ ਮਾਝੇ ਦੇ ਟਕਸਾਲੀ ਆਗੂ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ ਕਾਰਨ ਵੱਖਰਾ ਅਕਾਲੀ ਦਲ ਬਣਾਕੇ ਬੈਠ ਗਏ ਹਨ।
ਰੁਸੇ ਟਕਸਾਲੀ ਆਗੂ, ਆਪਣੀ ਹੋਂਦ ਬਣਾਈ ਰੱਖਣ ਲਈ ਕਦੇ ਆਮ ਆਦਮੀ ਪਾਰਟੀ ਨਾਲ ਸਾਂਝ ਬਣਾਉਣ ਦੇ ਯਤਨ ‘ਚ ਹਨ ਅਤੇ ਕਦੇ ਸੁਖਪਾਲ ਖਹਿਰਾ ਦੀ ਪਾਰਟੀ ਨਾਲ ਭਾਈਵਾਲੀ ਕਰਦੇ ਦਿਸਦੇ ਹਨ। ਬਹੁਜਨ ਸਮਾਜਵਾਦੀ ਪਾਰਟੀ ਅਤੇ ਖੱਬੀਆਂ ਧਿਰਾਂ ਵੀ 2019 ਦੀਆਂ ਚੋਣਾਂ ‘ਚ ਕਿਸ ਧਿਰ ਨਾਲ ਖੜਨਗੀਆਂ ਜਾਂ ਆਪਣੇ ਤੌਰ ਤੇ ਚੋਣ ਲੜਨਗੀਆਂ, ਇਸ ਬਾਰੇ ਸਪਸ਼ਟ ਤੌਰ ਤੇ ਕੁਝ ਵੀ ਕਿਹਾ ਨਹੀਂ ਜਾ ਸਕਦਾ।
ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ‘ਚ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਵਿਸ਼ਵਾਸ ਡਗਮਗਾ ਚੁੱਕਾ ਹੈ। ਉਹ ਵੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਰਿਵਾਇਤੀ ਪਾਰਟੀਆਂ ਦੀ ਕਤਾਰ ਵਿੱਚ ਖੜੀ ਹੋ ਚੁੱਕੀ ਹੈ। ਕਾਂਗਰਸੀ ਸਰਕਾਰ ਦੀ ਨਾਕਾਮੀ ਤੋਂ ਲੋਕ ਪ੍ਰੇਸ਼ਾਨ ਦਿੱਖ ਰਹੇ ਹਨ। ਅਕਾਲੀਆਂ ਤੇ ਲੋਕਾਂ ਦਾ ਵਿਸ਼ਵਾਸ ਬੱਝ ਨਹੀਂ ਰਿਹਾ। ਖੱਬੇ ਪੱਖੀ ਧਿਰਾਂ ਵਲੋਂ ਇੱਕਠਿਆਂ ਹੋਕੇ ਹੰਭਲਾ ਨਾ ਮਾਰੇ ਜਾਣ ਕਾਰਨ, ਲੋਕ ਉਹਨਾ ਨਾਲ ਜੁੜ ਨਹੀਂ ਰਹੇ। ਪੰਜਾਬ ਦੇ ਲੋਕਾਂ ਦੀ ਕਿਸੇ ਸਿਆਸੀ ਧਿਰ ਪ੍ਰਤੀ ਉਮੀਦ ਨਹੀਂ ਬੱਝ ਰਹੀ। ਤਦ ਵੀ 2019 ਦੀਆਂ ਚੋਣਾਂ ‘ਚ ਉਹਨਾ ਹਿੱਸਾ ਤਾਂ ਲੈਣਾ ਹੀ ਹੈ ਇਸ ਆਸ ਨਾਲ ਕਿ ਦੇਰ-ਸਵੇਰ ਉਹਨਾ ਦੇ ਮੁੱਦਿਆਂ, ਮਸਲਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਜਾਂ ਘਟੋ-ਘੱਟ ਸੁਨਣ ਵਾਲਾ ਕੋਈ ਸਿਆਸਤਦਾਨ ਜਾਂ ਸਿਆਸੀ ਪਾਰਟੀ ਤਾਂ ਪੰਜਾਬ ‘ਚ ਆਵੇਗੀ ਹੀ, ਜੋ ਉਹਨਾ ਦੀ ਸੁਣਵਾਈ ਕਰੇਗੀ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …