Breaking News
Home / ਮੁੱਖ ਲੇਖ / ਭ੍ਰਿਸ਼ਟ ਰਾਜਨੀਤਕ ਵਿਵਸਥਾ ਦੀ ਦੇਣ ਸੀ ਰਾਮ ਰਹੀਮ

ਭ੍ਰਿਸ਼ਟ ਰਾਜਨੀਤਕ ਵਿਵਸਥਾ ਦੀ ਦੇਣ ਸੀ ਰਾਮ ਰਹੀਮ

ਸਤਨਾਮ ਸਿੰਘ ਮਾਣਕ
17 ਜਨਵਰੀ ਨੂੰ ਸਿਰਸਾ ਦੇ ਪੱਤਰਕਾਰ ਅਤੇ ‘ਪੂਰਾ ਸੱਚ’ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਕ੍ਰਿਸ਼ਨ ਲਾਲ, ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਕ ਵਾਰ ਫਿਰ ਗੁਰਮੀਤ ਰਾਮ ਰਹੀਮ ਅਤੇ ਉਸ ਦਾ ਡੇਰਾ ਸਾਮਰਾਜ ਚਰਚਾ ਦਾ ਕੇਂਦਰ ਬਣ ਗਿਆ ਹੈ। ਉਂਜ ਤਾਂ 1991-92 ਵਿਚ ਡੇਰਾ ਸੱਚਾ ਸੌਦਾ ਦੀ ਵਾਗਡੋਰ ਸੰਭਾਲਣ ਤੋਂ ਲੈ ਕੇ 28 ਅਗਸਤ, 2017 ਨੂੰ ਦੋ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ 20 ਸਾਲ ਲਈ ਜੇਲ੍ਹ ਦਾ ਭਾਗੀ ਬਣਨ ਤੱਕ ਗੁਰਮੀਤ ਰਾਮ ਰਹੀਮ ਅਤੇ ਡੇਰਾ ਸਿਰਸਾ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਸਰਗਰਮੀਆਂ ਕਾਰਨ ਲਗਾਤਾਰ ਵਿਵਾਦਾਂ ਦਾ ਕੇਂਦਰ ਬਣਦੇ ਰਹੇ ਹਨ।
ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਭਾਰਤ ਵਿਚ ਫੈਲੀ ਜਹਾਲਤ, ਗ਼ਰੀਬੀ ਤੇ ਅਨਪੜ੍ਹਤਾ ਦਾ ਬੜੀ ਚੁਸਤੀ ਨਾਲ ਫਾਇਦਾ ਉਠਾ ਕੇ ਗੁਰਮੀਤ ਰਾਮ ਰਹੀਮ ਲੱਖਾਂ ਹੀ ਭੋਲੇ-ਭਾਲੇ ਲੋਕਾਂ ਨੂੰ ਮੁਕਤੀ ਅਤੇ ਸਵਰਗ ਦੇ ਸੁਪਨੇ ਦਿਖਾ ਕੇ ਆਪਣੇ ਭਰਮ ਜਾਲ ਵਿਚ ਫਸਾਉਣ ਵਿਚ ਸਫ਼ਲ ਰਿਹਾ ਹੈ। ਜਿਉਂ-ਜਿਉਂ ਉਸ ਦੇ ਡੇਰੇ ਵਿਚ ਭੀੜਾਂ ਵਧਦੀਆਂ ਗਈਆਂ, ਤਿਉਂ-ਤਿਉਂ ਉਸ ਦਾ ਹੰਕਾਰ ਵੀ ਨਵੇਂ ਤੋਂ ਨਵਾਂ ਰੂਪ ਲੈਂਦਾ ਰਿਹਾ। ਅੰਧ-ਵਿਸ਼ਵਾਸ ਫੈਲਾ ਕੇ ਅਤੇ ਆਪਣੇ ਸ਼ਰਧਾਲੂਆਂ ਦੀ ਧੌਂਸ ਦਿਖਾ ਕੇ ਲੋਕਾਂ ਤੋਂ ਜ਼ਮੀਨਾਂ ਅਤੇ ਧਨ-ਦੌਲਤ ਹਾਸਲ ਕਰਨਾ ਉਸ ਦਾ ਨਿੱਤ ਦਾ ਕਰਮ ਬਣ ਗਿਆ ਸੀ। ਇਸ ਦੇ ਨਾਲ ਹੀ ਉਹ ਇਹ ਵੀ ਸਮਝਣ ਲੱਗ ਪਿਆ ਸੀ ਕਿ ਉਹ ਕੋਈ ਦੈਵੀ ਸ਼ਖ਼ਸੀਅਤ ਹੈ ਅਤੇ ਆਪਣੇ ਸ਼ਰਧਾਲੂਆਂ ਦੇ ਤਨ, ਮਨ ਅਤੇ ਧਨ ‘ਤੇ ਉਸ ਦਾ ਪੂਰਾ-ਪੂਰਾ ਅਧਿਕਾਰ ਹੈ। ਇਸ ਸੰਦਰਭ ਵਿਚ ਹੀ ਉਹ ਆਪਣੀਆਂ ਸ਼ਰਧਾਲੂ ਸਾਧਵੀਆਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕਰਦਾ ਸੀ ਕਿ ਉਸ ਦੀ ਹਰ ਇੱਛਾ, ਜਿਸ ਵਿਚ ਸੈਕਸ ਵੀ ਸ਼ਾਮਿਲ ਹੈ, ਦੀ ਪੂਰਤੀ ਕਰਨਾ ਉਨ੍ਹਾਂ ਦਾ ਕਰਤੱਵ ਹੈ। ਉਸ ਦੀ ਰਚੀ ਗਈ ਇਸ ਵਿਊ ਰਚਨਾ ਵਿਚ ਪਤਾ ਨਹੀਂ ਕਿੰਨੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਅਤੇ ਧਨ-ਦੌਲਤ ਡੇਰੇ ਨੂੰ ਲੁਟਾਏ ਅਤੇ ਕਿੰਨੀਆਂ ਹੀ ਔਰਤਾਂ ਆਪਣੀ ਪੱਤ ਗੁਆ ਬੈਠੀਆਂ। ਉਸ ਦੀ ਇਸ ਗੰਦੀ ਅਤੇ ਨਾਪਾਕ ਖੇਡ ਦੇ ਖਿਲਾਫ਼ ਜਦੋਂ ਕੁਝ ਸਾਧਵੀਆਂ ਨੇ ਬਗ਼ਾਵਤ ਕੀਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਇਕ ਪੱਤਰ ਲਿਖਿਆ ਤਾਂ ਡੇਰੇ ਵਿਚ ਸ਼ਰਧਾਲੂ ਔਰਤਾਂ ਨਾਲ ਕੀ ਹੋ ਰਿਹਾ ਹੈ, ਦੀ ਜਾਣਕਾਰੀ ਲੋਕਾਂ ਸਾਹਮਣੇ ਆਉਣ ਲੱਗੀ। ਸਾਧਵੀਆਂ ਵਲੋਂ ਲਿਖੇ ਗਏ ਗੁੰਮਨਾਮ ਪੱਤਰ ਦੀ ਪ੍ਰਕਾਸ਼ਨਾ ਸਭ ਤੋਂ ਪਹਿਲਾਂ 30 ਮਈ, 2002 ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਨੇ ਹੀ ਆਪਣੇ ਅਖ਼ਬਾਰ ‘ਪੂਰਾ ਸੱਚ’ ਵਿਚ ਕੀਤੀ ਸੀ। ਇਸ ਸੱਚ ਨੂੰ ਉਜਾਗਰ ਕਰਨ ਬਦਲੇ ਹੀ ਡੇਰੇ ਦੇ ਪੈਰੋਕਾਰਾਂ ਵਲੋਂ ਰਾਮਚੰਦਰ ਛਤਰਪਤੀ ਨੂੰ ਧਮਕਾਉਣ ਦਾ ਸਿਲਸਿਲਾ ਆਰੰਭ ਹੋਇਆ ਸੀ। ਪਰ ਉਸ ਨੇ ਡੇਰੇ ਦੇ ਪੈਰੋਕਾਰਾਂ ਦੇ ਦਬਾਅ ਹੇਠ ਆਉਣ ਦੀ ਥਾਂ ‘ਤੇ ਡੇਰੇ ਅੰਦਰ ਹੁੰਦੀਆਂ ਅਨੈਤਿਕ ਕਾਰਵਾਈਆਂ ਨੂੰ ਉਜਾਗਰ ਕਰਨਾ ਜਾਰੀ ਰੱਖਿਆ ਅਤੇ ਡੇਰੇ ਵਲੋਂ ਮਿਲ ਰਹੀਆਂ ਧਮਕੀਆਂ ਬਾਰੇ ਸਿਰਸਾ ਦੀ ਪੁਲਿਸ ਨੂੰ ਵੀ ਜਾਣੂ ਕਰਵਾਇਆ। ਉਸ ਨੇ ਸਿਰਸਾ ਦੇ ਐਸ. ਪੀ. ਨੂੰ ਇਸ ਸਬੰਧੀ ਜੋ ਪੱਤਰ ਲਿਖਿਆ, ਉਸ ਵਿਚ ਵੀ ਉਸ ਨੇ ਸਾਫ਼-ਸਾਫ਼ ਇਹ ਕਿਹਾ ਸੀ ਕਿ ਉਹ ਇਕ ਪ੍ਰਤੀਬੱਧ ਪੱਤਰਕਾਰ ਹੈ ਅਤੇ ਆਪਣੇ ਪੱਤਰਕਾਰੀ ਦੇ ਪੇਸ਼ੇ ਨਾਲ ਜ਼ਰਾ ਵੀ ਸਮਝੌਤਾ ਨਹੀਂ ਕਰ ਸਕਦਾ। ਅਸਮਾਜਿਕ ਤੱਤਾਂ ਵਲੋਂ ਲਗਾਤਾਰ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ, ਇਸ ਲਈ ਉਸ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਏ। ਪਰ ਇਸ ਦੇ ਬਾਵਜੂਦ ਪੁਲਿਸ ਵਲੋਂ ਉਸ ਨੂੰ ਕੋਈ ਸੁਰੱਖਿਆ ਮੁਹੱਈਆ ਨਹੀਂ ਕੀਤੀ ਗਈ। 24 ਅਕਤੂਬਰ, 2002 ਨੂੰ ਰਾਮਚੰਦਰ ਛਤਰਪਤੀ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀਆਂ ਮਾਰੀਆਂ ਗਈਆਂ ਅਤੇ ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ 28 ਦਿਨ ਤੱਕ ਉਹ ਇਲਾਜ ਅਧੀਨ ਰਿਹਾ ਅਤੇ ਉਨ੍ਹਾਂ ਦਾ ਲੜਕਾ ਅੰਸ਼ੁਲ ਛਤਰਪਤੀ ਪੁਲਿਸ ਨੂੰ ਵਾਰ-ਵਾਰ ਬੇਨਤੀਆਂ ਕਰਦਾ ਰਿਹਾ ਕਿ ਉਨ੍ਹਾਂ ਦੇ ਪਿਤਾ ਰਾਮਚੰਦਰ ਛਤਰਪਤੀ ਆਪਣੇ ਕਾਤਲਾਂ ਬਾਰੇ ਜਾਣਕਾਰੀ ਰੱਖਦੇ ਹਨ, ਇਸ ਕਰਕੇ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ ਜਾਣ। ਪਰ ਇਸ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਦੇ ਬਿਆਨ ਤੱਕ ਦਰਜ ਨਹੀਂ ਕੀਤੇ ਅਤੇ ਦਿੱਲੀ ਦੇ ਇਕ ਹਸਪਤਾਲ ਵਿਚ 21 ਨਵੰਬਰ, 2002 ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਛਤਰਪਤੀ ਦੇ ਪਰਿਵਾਰ ਨੇ ਰਾਮਚੰਦਰ ਛਤਰਪਤੀ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰ ਕੇ ਸਜ਼ਾ ਦਿਵਾਉਣ ਲਈ ਸੰਘਰਸ਼ ਆਰੰਭ ਕੀਤਾ। ਇਹ ਉਹ ਸਮਾਂ ਸੀ ਜਦੋਂ ਪੰਜਾਬ, ਹਰਿਆਣਾ ਅਤੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਵਿਚ ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੇ ਡੇਰੇ ਦੀ ਤੂਤੀ ਬੋਲਦੀ ਸੀ। ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੇ ਡੇਰੇ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੇ ਖਿਲਾਫ਼ ਕੋਈ ਕਾਰਵਾਈ ਕਰਾਉਣਾ ਤਾਂ ਦੂਰ ਦੀ ਗੱਲ, ਕੋਈ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ ਅਤੇ ਪੁਲਿਸ ਅਧਿਕਾਰੀ ਉਨ੍ਹਾਂ ਦੇ ਖਿਲਾਫ਼ ਜ਼ਬਾਨ ਖੋਲ੍ਹਣ ਦੀ ਹਿੰਮਤ ਨਹੀਂ ਰੱਖਦਾ ਸੀ। ਰਾਮਚੰਦਰ ਛਤਰਪਤੀ ਦੇ ਲੜਕੇ ਅੰਸ਼ੁਲ ਛਤਰਪਤੀ ਨੇ ਗੁਰਮੀਤ ਰਾਮ ਰਹੀਮ ਨੂੰ ਉਨ੍ਹਾਂ ਦੇ ਪਿਤਾ ਦੇ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਮੀਡੀਏ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਅਤੇ ਪੰਜਾਬ ਦੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਵੀ ਉਨ੍ਹਾਂ ‘ਤੇ ਇਸ ਗੱਲ ਲਈ ਦਬਾਅ ਪਾਇਆ ਸੀ ਕਿ ਉਹ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਕਾਨੂੰਨੀ ਸੰਘਰਸ਼ ਬੰਦ ਕਰਕੇ ਸਮਝੌਤਾ ਕਰ ਲਵੇ, ਕਿਉਂਕਿ ਗੁਰਮੀਤ ਰਾਮ ਰਹੀਮ ਬਹੁਤ ਸ਼ਕਤੀਸ਼ਾਲੀ ਵਿਅਕਤੀ ਹੈ। ਉਸ ਦਾ ਕੁਝ ਵੀ ਨਹੀਂ ਵਿਗੜੇਗਾ। ਗੱਲ ਸਿਰਫ ਉਕਤ ਦੋ ਸਿਆਸਤਦਾਨਾਂ ਤੱਕ ਸੀਮਤ ਨਹੀਂ ਹੈ, ਦੇਸ਼ ਦੀ ਪੂਰੀ ਰਾਜਨੀਤਕ ਤੇ ਪ੍ਰਸ਼ਾਸਨਿਕ ਵਿਵਸਥਾ ਡੇਰਾ ਮੁਖੀ ਦੇ ਨਾਲ ਖੜ੍ਹੀ ਸੀ। ਛਤਰਪਤੀ ਕਤਲ ਕੇਸ ਦੇ ਮੁੱਖ ਗਵਾਹ ਅਤੇ ਗੁਰਮੀਤ ਰਾਮ ਰਹੀਮ ਦੇ ਡਰਾਈਵਰ ਖੱਟਾ ਸਿੰਘ ਨੇ ਵੀ ਇਹ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਡੇਰਾ ਮੁਖੀ ਦੇ ਖਿਲਾਫ਼ ਗਵਾਹੀ ਦੇਣ ਦਾ ਫ਼ੈਸਲਾ ਕੀਤਾ ਤਾਂ ਪੁਲਿਸ ਅਧਿਕਾਰੀਆਂ ਵਲੋਂ ਵੀ ਉਸ ਨੂੰ ਡਰਾਇਆ, ਧਮਕਾਇਆ ਜਾਂਦਾ ਰਿਹਾ ਕਿ ਉਹ ਡੇਰਾ ਮੁਖੀ ਵਿਰੁੱਧ ਗਵਾਹੀ ਦੇਣ ਦੀ ਥਾਂ ਆਪਣੀ ਜਾਨ ਬਚਾ ਕੇ ਆਪਣੇ ਬੱਚੇ ਪਾਲਣ ਦਾ ਕੰਮ ਕਰੇ।
ਇਸ ਸਮੇਂ ਦੌਰਾਨ ਇਕ ਪਾਸੇ ਤਾਂ ਪੀੜਤ ਸਾਧਵੀਆਂ, ਪੱਤਰਕਾਰ ਛਤਰਪਤੀ ਦਾ ਪਰਿਵਾਰ ਅਤੇ 400 ਤੋਂ ਵੱਧ ਨਿਪੁੰਸਕ ਬਣਾਏ ਗਏ ਸਾਧੂਆਂ ਵਿਚੋਂ ਅਨੇਕਾਂ ਨੌਜਵਾਨ ਲੜਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰਨ ਅਤੇ ਡੇਰੇ ਵਿਚ ਹੁੰਦੀਆਂ ਹੋਰ ਬਹੁਤ ਸਾਰੀਆਂ ਅਨੈਤਿਕ ਅਤੇ ਅਪਰਾਧੀ ਕਾਰਵਾਈਆਂ ਵਿਰੁੱਧ ਇਨਸਾਫ਼ ਹਾਸਲ ਕਰਨ ਲਈ ਮਾਰੇ-ਮਾਰੇ ਫਿਰ ਰਹੇ ਸਨ ਤਾਂ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ, ਕਾਂਗਰਸ, ਅਕਾਲੀ ਦਲ ਅਤੇ ਕਈ ਹੋਰ ਰਾਜਨੀਤਕ ਪਾਰਟੀਆਂ ਦੇ ਆਗੂ ਬੜੀ ਬੇਸ਼ਰਮੀ ਨਾਲ ਸੰਵਿਧਾਨ ਅਤੇ ਕਾਨੂੰਨ ਤੋਂ ਆਪਣੇ-ਆਪ ਨੂੰ ਉੱਪਰ ਸਮਝਣ ਵਾਲੇ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਡੇਰੇ ਦੀ ਪਰਿਕਰਮਾ ਕਰਦੇ ਹੋਏ ਉਸ ਦੇ ਅੱਗੇ ਵੋਟਾਂ ਲਈ ਨਤਮਸਤਕ ਹੋ ਰਹੇ ਸਨ। ਸਾਡੇ ਦੇਸ਼ ਦੇ ਲੋਕਾਂ ਨੇ ਆਜ਼ਾਦੀ ਦੇ ਲੰਮੇ ਸੰਘਰਸ਼ ਵਿਚ ਕੁਰਬਾਨੀਆਂ ਕਰਕੇ ਜੋ ਆਜ਼ਾਦੀ ਹਾਸਲ ਕੀਤੀ ਹੈ ਤੇ ਜੋ ਜਮਹੂਰੀ ਵਿਵਸਥਾ ਦੇਸ਼ ਵਿਚ ਸਥਾਪਤ ਕੀਤੀ ਹੈ ਅਤੇ ਇਸ ਜਮਹੂਰੀ ਵਿਵਸਥਾ ਨੂੰ ਚਲਾਉਣ ਲਈ 26 ਜਨਵਰੀ, 1950 ਨੂੰ ਜੋ ਸੰਵਿਧਾਨ ਆਪਣੇ ਉੱਪਰ ਲਾਗੂ ਕੀਤਾ ਹੈ, ਉਹ ਦੇਸ਼ ਦੇ ਹੁਕਮਰਾਨਾਂ ਤੋਂ ਮੰਗ ਕਰਦਾ ਹੈ ਕਿ ਉਹ ਆਪਣੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਅਤੇ ਕਿਸੇ ਵੀ ਵਿਅਕਤੀ ਨੂੰ ਅੰਧ-ਵਿਸ਼ਵਾਸ ਵਿਚ ਫਸਾ ਕੇ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨ ਦੀ ਆਗਿਆ ਨਾ ਦੇਣ। ਸੰਵਿਧਾਨ ਦੀ ਧਾਰਾ 51-ਏ (ਐਚ) ਕਹਿੰਦੀ ਹੈ ‘To develop the scientific temper, humanism and the spirit of inquiry and reform’ as a fundamental duty for every Indian citizen.ਭਾਵ ਵਿਗਿਆਨਕ ਸੋਚ ਪੈਦਾ ਕਰਨਾ ਹਰ ਭਾਰਤੀ ਨਾਗਰਿਕ ਦਾ ਫ਼ਰਜ਼ ਬਣਦਾ ਹੈ। ਇਸੇ ਤਰ੍ਹਾਂ ਆਈ.ਪੀ.ਸੀ. 295-ਏ ਦੇਸ਼ ਵਿਚ ਅੰਧ-ਵਿਸ਼ਵਾਸ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਵਿਵਸਥਾ ਕਰਦੀ ਹੈ। ਇਸ ਦੇ ਬਾਵਜੂਦ ਦਹਾਕਿਆਂ ਤੱਕ ਉੱਤਰੀ ਭਾਰਤ ਦੇ ਲੋਕਾਂ ਨੇ ਇਹ ਦੇਖਿਆ ਹੈ ਕਿ ਕਿਸ ਤਰ੍ਹਾਂ ਇਕ ਡੇਰਾ ਮੁਖੀ ਅਤੇ ਉਸ ਦਾ ਡੇਰਾ ਲੋਕਾਂ ਨੂੰ ਦਹਿਸ਼ਤਜ਼ਦਾ ਕਰਦਾ ਆਇਆ ਹੈ ਅਤੇ ਵੱਡੀ ਪੱਧਰ ‘ਤੇ ਲੋਕਾਂ ਵਿਚ ਰੱਬ ਅਤੇ ਮੁਕਤੀ ਦੇ ਨਾਂ ‘ਤੇ ਅੰਧ-ਵਿਸ਼ਵਾਸ ਫੈਲਾਉਂਦਾ ਆਇਆ ਹੈ। ਪੈਦਾ ਕੀਤੇ ਹੋਏ ਇਸ ਅੰਧ-ਵਿਸ਼ਵਾਸ ਦੇ ਸਿਰ ‘ਤੇ ਹੀ ਅੱਯਾਸ਼ੀ ਭਰਿਆ ਜੀਵਨ ਬਤੀਤ ਕਰਦਾ ਆਇਆ ਹੈ। ਦੇਸ਼ ਦੇ ਹੁਕਮਰਾਨਾਂ ਨੇ ਇਹ ਸਭ ਕੁਝ ਦੇਖਦਿਆਂ, ਸਮਝਦਿਆਂ ਹੋਇਆਂ ਵੀ ਵੋਟਾਂ ਦੇ ਲਾਲਚ ਵਿਚ ਆਪਣੀਆਂ ਅੱਖਾਂ ਬੰਦ ਰੱਖੀਆਂ ਸਨ ਅਤੇ ਅਸਹਾਏ ਲੋਕ ਡੇਰਾ ਮੁਖੀ ਅਤੇ ਉਸ ਦੇ ਡੇਰੇ ਦੇ ਜਬਰ-ਜ਼ੁਲਮ ਦਾ ਸ਼ਿਕਾਰ ਹੁੰਦੇ ਰਹੇ। ਗੱਲ ਸਿਰਫ ਗੁਰਮੀਤ ਰਾਮ ਰਹੀਮ ਅਤੇ ਡੇਰਾ ਸਿਰਸਾ ਤੱਕ ਹੀ ਸੀਮਤ ਨਹੀਂ ਹੈ। ਪਿਛਲੇ ਸਮੇਂ ਵਿਚ ਲੋਕਾਂ ਨੇ ਦੇਖਿਆ ਹੈ ਕਿ ਬਾਪੂ ਆਸਾਰਾਮ ਸਮੇਤ ਦਰਜਨਾਂ ਹੋਰ ਪਾਖੰਡੀ ਸਾਧੂ ਤੇ ਅਖੌਤੀ ਸੰਤ ਇਸ ਦੇਸ਼ ਦੇ ਭੋਲੇ-ਭਾਲੇ ਲੋਕਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਬੜੇ ਧੜੱਲੇ ਨਾਲ ਕਰਦੇ ਰਹੇ ਹਨ ਅਤੇ ਸੱਤਾ ਦੀ ਸਰਪ੍ਰਸਤੀ ਵੀ ਮਾਣਦੇ ਰਹੇ ਹਨ।
ਆਖਰ ਵਿਚ ਜਦੋਂ ਪੀੜਤ ਲੋਕਾਂ ਨੇ ਅਜਿਹੇ ਪਾਖੰਡੀਆਂ ਵਿਰੁੱਧ ਆਪਣੀਆਂ ਜ਼ਿੰਦਗੀਆਂ ਦੀ ਪਰਵਾਹ ਨਾ ਕਰਦਿਆਂ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਅਤੇ ਨਿਆਂ ਹਾਸਲ ਕਰਨ ਲਈ ਅਦਾਲਤਾਂ ਦਾ ਰੁਖ਼ ਅਖ਼ਤਿਆਰ ਕੀਤਾ ਤਾਂ ਅਦਾਲਤਾਂ ਨੇ ਹੀ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਜੁਰਅਤ ਵਿਖਾਈ ਹੈ। ਪਹਿਲਾਂ ਬਾਪੂ ਆਸਾਰਾਮ ਤੇ ਹੁਣ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿਚ ਵੀ ਨਿਆਂਪਾਲਿਕਾ ਨੇ ਹੀ ਪੀੜਤ ਲੋਕਾਂ ਦੀ ਬਾਂਹ ਫੜੀ ਹੈ। ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਸਾਧਵੀਆਂ ਦੇ ਸ਼ੋਸ਼ਣ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਇਨਕੁਆਰੀ ਕਰਨ ਦੇ ਆਦੇਸ਼ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਹੀ ਦਿੱਤੇ ਗਏ ਸਨ ਅਤੇ ਇਸ ਵਿਰੁੱਧ ਡੇਰਾ ਮੁਖੀ ਨੇ ਸੁਪਰੀਮ ਕੋਰਟ ਵਿਚ ਅਪੀਲ ਵੀ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਨਾਲ ਹੀ ਸਾਧਵੀਆਂ ਦੇ ਸ਼ੋਸ਼ਣ ਦਾ ਮਾਮਲਾ, ਰਣਜੀਤ ਸਿੰਘ ਕਤਲ ਕੇਸ ਅਤੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਕੇਸ ਜਾਂਚ ਲਈ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ। ਬਿਨਾ ਸ਼ੱਕ ਹਰ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰਦਿਆਂ ਸੀ.ਬੀ.ਆਈ.ਦੇ ਸਬੰਧਿਤ ਅਧਿਕਾਰੀਆਂ ਨੇ ਇਨ੍ਹਾਂ ਕੇਸਾਂ ਦੀ ਪ੍ਰਤੀਬੱਧਤਾ ਨਾਲ ਜਾਂਚ ਕੀਤੀ ਅਤੇ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਸਾਹਮਣੇ ਠੋਸ ਸਬੂਤ ਪੇਸ਼ ਕੀਤੇ, ਜਿਸ ਦੇ ਸਿੱਟੇ ਵਜੋਂ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਕੇਸ ਵਿਚ ਅਤੇ ਹੁਣ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਵਿਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਹੈ ਅਤੇ ਰਣਜੀਤ ਸਿੰਘ ਦਾ ਕਤਲ ਕੇਸ ਅਤੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਸਬੰਧੀ ਕੇਸ ਅਜੇ ਇਸੇ ਅਦਾਲਤ ਵਿਚ ਚੱਲ ਰਹੇ ਹਨ, ਜਿਨ੍ਹਾਂ ਸਬੰਧੀ ਫ਼ੈਸਲੇ ਆਉਣ ਵਾਲੇ ਸਮੇਂ ਵਿਚ ਆ ਸਕਦੇ ਹਨ।
ਸਵਾਲਾਂ ਦਾ ਸਵਾਲ ਇਹ ਹੈ ਕਿ ਗੁਰਮੀਤ ਰਾਮ ਰਹੀਮ ਦੀ ਏਨੀ ਜ਼ਿਆਦਾ ਸ਼ਕਤੀ ਕਿਵੇਂ ਵਧੀ ਅਤੇ ਉਹ ਦੇਸ਼ ਦੀ ਸਮੁੱਚੀ ਰਾਜਨੀਤਕ ਵਿਵਸਥਾ ਨੂੰ ਆਪਣੇ ਹੱਥਾਂ ‘ਤੇ ਨਚਾਉਣ ਵਿਚ ਕਾਮਯਾਬ ਕਿਵੇਂ ਹੋਇਆ? ਇਸ ਦਾ ਸਿੱਧਾ ਤੇ ਸਪੱਸ਼ਟ ਜਵਾਬ ਇਹ ਹੈ ਕਿ ਸਾਡੇ ਅਜੋਕੇ ਬਹੁਤੇ ਸਿਆਸਤਦਾਨਾਂ ਦੀ ਦੇਸ਼, ਦੇਸ਼ ਦੇ ਲੋਕਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਮਾਨਵੀ ਸਿਧਾਂਤਾਂ ਪ੍ਰਤੀ ਰੱਤੀ ਭਰ ਵੀ ਪ੍ਰਤੀਬੱਧਤਾ ਨਹੀਂ ਰਹੀ। ਉਹ ਹਰ ਜਾਇਜ਼-ਨਾਜਾਇਜ਼ ਢੰਗ ਨਾਲ ਸੱਤਾ ਹਾਸਲ ਕਰਨਾ ਚਾਹੁੰਦੇ ਹਨ ਅਤੇ ਸੱਤਾ ਹਾਸਲ ਕਰ ਕੇ ਲੋਕਾਂ ਦੀ ਲੁੱਟ-ਖਸੁੱਟ ਕਰ ਕੇ ਆਪਣੇ ਖਜ਼ਾਨੇ ਭਰਨੇ ਚਾਹੁੰਦੇ ਹਨ। ਇਸ ਸਾਰੇ ਅਮਲ ਵਿਚ ਲੋਕ ਅਤੇ ਸਿਧਾਂਤ ਉਨ੍ਹਾਂ ਲਈ ਪਹਿਨਣ ਅਤੇ ਉਤਾਰਨ ਵਾਲੇ ਕੱਪੜਿਆਂ ਤੋਂ ਵੱਧ ਕੋਈ ਮਹੱਤਵ ਨਹੀਂ ਰੱਖਦੇ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਜੋ ਦਹਾਕਿਆਂ ਤੱਕ ਸਿੱਖ ਸਿਧਾਂਤਾਂ ਨੂੰ ਪ੍ਰਣਾਏ ਹੋਣ ਦਾ ਦਾਅਵਾ ਕਰਦੀ ਰਹੀ ਹੈ, ਉਹ ਵੀ ਇਸ ਇਮਤਿਹਾਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਨਜ਼ਰ ਆਈ। ਇਸ ਦੇ ਆਗੂ ਵੀ ਉਕਤ ਡੇਰੇ ਦੇ ਮੁਖੀ ਅੱਗੇ ਜਾ ਕੇ ਵੋਟਾਂ ਲਈ ਨਤਮਸਤਕ ਹੁੰਦੇ ਰਹੇ ਅਤੇ ਗੁਰੂ ਸਾਹਿਬਾਨ ਅਤੇ ਸਿੱਖ ਸਿਧਾਂਤਾਂ ਦਾ ਮਜ਼ਾਕ ਉਡਾਉਣ ਵਰਗੀਆਂ ਹਰਕਤਾਂ ਤੋਂ ਬਾਅਦ ਵੀ ਉਹ ਡੇਰਾ ਮੁਖੀ ਦੇ ਖਿਲਾਫ਼ ਦਰਜ ਕਈ ਗੰਭੀਰ ਕੇਸਾਂ ਨੂੰ ਵਾਪਸ ਲੈਣ ਦੀ ਹਿਮਾਕਤ ਕਰਦੇ ਰਹੇ, ਜਦੋਂ ਕਿ ਦੂਜੇ ਪਾਸੇ ਸਿੱਖ ਸੰਗਤਾਂ ਇਸ ਸਭ ਕੁਝ ਵਿਰੁੱਧ ਰੋਸ ਪ੍ਰਗਟ ਕਰਦੀਆਂ ਹੋਈਆਂ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਦੀਆਂ ਰਹੀਆਂ। ਹੋਰ ਤਾਂ ਹੋਰ ਅਕਾਲੀ ਲੀਡਰਸ਼ਿਪ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਲਈ ਰਾਹ ਪੱਧਰਾ ਕਰਨ ਤੱਕ ਵੀ ਚਲੇ ਗਈ। ਸਿਆਸੀ ਆਗੂਆਂ ਦੀ ਜ਼ਮੀਰ ਏਨੀ ਮਰ ਚੁੱਕੀ ਹੈ ਕਿ ਡੇਰਾ ਮੁਖੀ ਨੂੰ ਦੋ ਕੇਸਾਂ ਵਿਚ ਸਖ਼ਤ ਸਜ਼ਾ ਹੋਣ ਤੋਂ ਬਾਅਦ ਵੀ ਉਹ ਇਨ੍ਹਾਂ ਫ਼ੈਸਲਿਆਂ ਦਾ ਸਵਾਗਤ ਕਰਨ ਲਈ ਆਪਣੀ ਜ਼ਬਾਨ ਤੱਕ ਨਹੀਂ ਖੋਲ੍ਹ ਸਕੇ।
ਬਿਨਾਂ ਸ਼ੱਕ ਦੇਸ਼ ਦੀ ਰਾਜਨੀਤੀ ਵਿਚ ਇਸ ਸਮੇਂ ਨੈਤਿਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੇ ਪੱਖ ਤੋਂ ਇਕ ਵੱਡਾ ਖਲਾਅ ਪੈਦਾ ਹੋਇਆ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਚੇਤੰਨ ਅਤੇ ਜਾਗਰੂਕ ਲੋਕ ਹੀ ਦੇਸ਼ ਨੂੰ ਅਤੇ ਦੇਸ਼ ਦੀ ਰਾਜਨੀਤਕ ਵਿਵਸਥਾ ਨੂੰ ਬਚਾਉਣ ਲਈ ਕੁਝ ਕਰ ਸਕਦੇ ਹਨ। ਵੱਡੇ ਆਗੂਆਂ ਤੇ ਵੱਡੀਆਂ ਰਾਜਨੀਤਕ ਪਾਰਟੀਆਂ ਤੋਂ ਇਸ ਸਬੰਧੀ ਕੋਈ ਜ਼ਿਆਦਾ ਆਸ ਨਜ਼ਰ ਨਹੀਂ ਆ ਰਹੀ। ਇਹ ਰਾਮਚੰਦਰ ਛਤਰਪਤੀ ਵਰਗੇ ਪੱਤਰਕਾਰ ਅਤੇ ਪੀੜਤ ਸਾਧਵੀਆਂ ਵਰਗੇ ਆਮ ਪਰ ਸੁਚੇਤ ਲੋਕ ਹੀ ਹੁੰਦੇ ਹਨ, ਜੋ ਆਪਣੀਆਂ ਕੁਰਬਾਨੀਆਂ ਦੇ ਕੇ ਸਮੇਂ ਦੀ ਧਾਰਾ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਦੇਸ਼ ਦਾ ਭਵਿੱਖ ਵੱਡੇ ਰਾਜਨੀਤਕ ਆਗੂਆਂ ਅਤੇ ਪਾਖੰਡੀ ਸਾਧੂਆਂ ਦੇ ਡੇਰਿਆਂ ਵਿਚ ਭੇਡਾਂ ਬਣ ਕੇ ਘੁੰਮਦੀਆਂ ਭੀੜਾਂ ਦੇ ਹੱਥਾਂ ਵਿਚ ਕਤਈ ਸੁਰੱਖਿਅਤ ਨਹੀਂ ਹੈ ਪਰ ਇਹ ਸੁਚੇਤ ਨਾਗਰਿਕਾਂ ਦੇ ਹੱਥਾਂ ਵਿਚ ਸੁਚੇਤ ਹੋ ਸਕਦਾ ਹੈ, ਭਾਵੇਂ ਉਨ੍ਹਾਂ ਦੀ ਗਿਣਤੀ ਕਿੰਨੀ ਥੋੜ੍ਹੀ ਵੀ ਕਿਉਂ ਨਾ ਹੋਵੇ। (‘ਅਜੀਤ’ ਵਿਚੋਂ ਧੰਨਵਾਦ ਸਹਿਤ)

Check Also

ਭਾਰਤ ‘ਚ ਲੋਕ ਸਭਾ ਚੋਣਾਂ ਦੇ ਫਤਵੇ ਦੇ ਸਬਕ

ਅਸ਼ਵਨੀ ਕੁਮਾਰ ਭਾਰਤ ‘ਚ ਲੋਕ ਸਭਾ ਚੋਣਾਂ ਦਾ ਫਤਵਾ ਲੋਕਰਾਜ, ਗੈਰਤ ਅਤੇ ਨਿਆਂ ਦੇ ਹੱਕ …