Breaking News
Home / ਮੁੱਖ ਲੇਖ / ਮਾਸੂਮਾਂ ਦੀ ਸ਼ਹਾਦਤ ਤੋਂ ਲਾਹਾ ਲੈਂਦੇ ਲੀਡਰ

ਮਾਸੂਮਾਂ ਦੀ ਸ਼ਹਾਦਤ ਤੋਂ ਲਾਹਾ ਲੈਂਦੇ ਲੀਡਰ

316844-1rz8qx1421419655-300x225ਇਕ ਜ਼ਮਾਨਾ ਹੰਢਾ ਚੁੱਕੀਆਂ ਉਸ ਬਜ਼ੁਰਗ ਅੱਖਾਂ ਵਿਚ ਆਪ ਮੁਹਾਰੇ ਅੱਥਰੂ ਵਹਿ ਤੁਰੇ ਅਤੇ ਬਜ਼ੁਰਗ ਸਿਸਕੀਆਂ ਭਰਦਾ ਕਹਿਣ ਲੱਗਾ ਕਿ ਸਿੱਖੀ ਤਾਂ ਜੇ ਅਜੇ ਜਿਊਂਦੀ ਹੈ ਤਾਂ ਸਿੱਖਾਂ ਕਾਰਨ ਹੀ ਹੈ। ਇਹ ਸ਼ਹਾਦਤ ਦਾ ਹੀ ਇੰਨਾ ਬਲ ਹੈ ਕਿ ਸਿੱਖੀ ਦੇ ਬੂਟੇ ਦੀ ਜੜ੍ਹ ਖਤਮ ਨਹੀਂ ਹੋ ਰਹੀ ਨਹੀਂ ਤਾਂ ਅੱਜ ਜਿਵੇਂ ਆਪਣੇ ਹੀ ਹਰ ਰੋਜ਼ ਸਿੱਖੀ ਦੇ ਦਰੱਖਤ ਨੂੰ ਵਾਰ ਵਾਰ ਆਪਣੀ ਕੁਰਸੀ ਬਣਾਉਣ ਲਈ ਵੱਢ ਰਹੇ ਹਨ ਤਾਂ ਕਦੋਂ ਦੀ ਸਿੱਖੀ ਖਤਮ ਹੋ ਜਾਂਦੀ।
ਅੱਜ ਜੇਕਰ ਦਸਮੇਸ਼ ਪਿਤਾ ਇਨ੍ਹਾਂ ਪੰਥ ਦੇ ਆਪ ਹੀ ਬਣੇ ਆਗੂਆਂ ਦਾ ਕਿਰਦਾਰ ਦੇਖਦੇ ਤਦ ਉਨ੍ਹਾਂ ਦਾ ਦਿਲ ਵੀ ਇਹੋ ਆਖਦਾ ਕਿ ਮੈਂ ਇਨ੍ਹਾਂ ਲਈ ਸਰਵੰਸ਼ ਵਾਰਿਆ, ਜੋ ਹਜ਼ਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਆਪਣੀਆਂ ਸਰਕਾਰਾਂ ਚਲਾਉਣ ਲਈ ਕਦਮ ਕਦਮ ‘ਤੇ ਵਾਰ-ਵਾਰ ਦਾਅ ‘ਤੇ ਲਾ ਦਿੰਦੇ ਹਨ।
ਹਰ ਸਾਲ ਚਮਕੌਰ ਦੀ ਗੜ੍ਹੀ ਤੇ ਫਤਹਿਗੜ੍ਹ ਸਾਹਿਬ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਇਨ੍ਹਾਂ ਸਥਾਨਾਂ ‘ਤੇ ਪਹੁੰਚ ਕੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਪਰੰਪਰਾ ਬਰਕਰਾਰ ਹੈ। ਪਿਛਲੇ ਸਮਿਆਂ ਵਿਚ ਲੱਗਣ ਵਾਲੇ ‘ਸ਼ਹੀਦੀ ਜੋੜ ਮੇਲ’ ਸ਼ਹਾਦਤ ਤੋਂ ਪ੍ਰੇਰਨਾ ਲੈਣ, ਸਿੱਖੀ ਨਾਲ ਜੋੜਨ ਵਿਚ ਮੁੱਖ ਭੂਮਿਕਾ ਨਿਭਾਉਂਦੇ ਸਨ, ਪਰ ਅਜੋਕੇ ਸਮੇਂ ਵਿਚ ਬਿਲਕੁਲ ਇਸਦੇ ਉਲਟ ਹੁਣ ਇਹ ਰਾਜਨੀਤੀ ਦਾ ਮੈਦਾਨ ਬਣ ਗਏ ਹਨ ।
ਗੁਰਦੁਆਰਾ ਭੱਠਾ ਸਾਹਿਬ, ਪਰਿਵਾਰ ਵਿਛੋੜਾ, ਮਾਛੀਵਾੜਾ ਸਮੇਤ ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਹਿਗੜ੍ਹ ਸਾਹਿਬ ਦੇ ਰਸਤੇ ਵਿਚ ਆਉਣ ਵਾਲੇ ਹਰ ਗੁਰਦੁਆਰੇ ਜਿਸ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ, ਉੱਥੇ ਸ਼ਰਧਾਂਜਲੀ ਸਮਾਗਮ ਹੁੰਦੇ ਹਨ, ਪਰ ਮੁੱਖ ਰੂਪ ਵਿਚ ਸਿੱਖੀ ਦੀ ਸ਼ਹਾਦਤ ਦਾ ਗੜ੍ਹ ਬਣੀ ”ਚਮਕੌਰ ਦੀ ਗੜ੍ਹੀ” ਨਾਮਕ ਥਾਂ ‘ਤੇ 22-23 ਅਤੇ 24 ਦਸੰਬਰ ਨੂੰ ਅਤੇ ਲਾਸਾਨੀ ਸ਼ਹਾਦਤ ਦੀ ਮਿਸਾਲ ਫਤਹਿਗੜ੍ਹ ਸਾਹਿਬ ਦੀ ਧਰਤੀ ‘ਤੇ 25, 26 ਅਤੇ 27 ਦਸੰਬਰ ਤਿੰਨ-ਤਿੰਨ ਰੋਜ਼ਾ ‘ਸ਼ਹੀਦੀ ਸਭਾ’ ਹੈ।
ਤਿੰਨ-ਤਿੰਨ ਦਿਨ ਚੱਲਣ ਵਾਲੀ ਇਸ ਸਭਾ ਦੇ ਦੂਜੇ ਦਿਨ, ਹਰ ਰਾਜਨੀਤਕ ਪਾਰਟੀ ਵਲੋਂ ਆਪਣਾ ਪੰਡਾਲ ਲਾ ਕੇ ਸ਼ਰਧਾਂਜਲੀ ਸਮਾਰੋਹ ਦਾ ਦਿਖਾਵਾ ਕਰਕੇ ਵੋਟਾਂ ਪੱਕੀਆਂ ਕਰਨ ਲਈ ਕਾਵਾਂ ਰੌਲੀ ਪਾਈ ਜਾਂਦੀ ਹੈ। ਇਕ ਪਾਸੇ ਪਿੰਡਾਂ ਸ਼ਹਿਰਾਂ ਦੇ ਲੋਕ ਥਾਂ-ਥਾਂ ਲੰਗਰ ਲਗਾ ਕੇ ਸਭਾ ਵਿਚ ਪਹੁੰਚਣ ਵਾਲੇ ਲੋਕਾਂ ਦੀ ਸੇਵਾ ਕਰਕੇ ਗੁਰੂ ਦਾ ਪਿਆਰ ਪਾਉਂਦੇ ਹਨ ਅਤੇ ਸੰਗਤਾਂ ਦੇ ਇਕੱਤਰ ਹੋਣ ਵਾਲੀ ਨਿਸ਼ਚਿਤ ਥਾਵਾਂ ‘ਤੇ ਵੀ ਵੱਖ-ਵੱਖ ਪੰਚਾਇਤਾਂ, ਸੰਸਥਾਵਾਂ ਲੰਗਰ ਲਗਾਉਂਦੀਆਂ ਹਨ, ਜੋੜੇ ਘਰ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾ ਨਿਭਾਉਂਦੀਆਂ ਹਨ, ਪਰ ਦੂਜੇ ਪਾਸੇ ਇਸ ਸਭ ਦੇ ਉਲਟ ਸ਼ਹਾਦਤ ਦੇ ਨਾਂ ‘ਤੇ ਲੀਡਰ ਲੋਕ ਆਮ ਜਨਤਾ ਨੂੰ ਇਕੱਠਾ ਕਰਨ ਲਈ ਵੱਖ-ਵੱਖ ਅਖਬਾਰਾਂ ਵਿਚ ਰਾਜਨੀਤਕ ਕਾਨਫ਼ਰੰਸਾਂ ਦੇ ਨਾਮ ਵੱਡੇ-ਵੱਡੇ ਇਸ਼ਤਿਹਾਰ ਦਿੰਦੇ ਹਨ ਤੇ ਫਿਰ ਇਨ੍ਹਾਂ ਕਾਨਫ਼ਰੰਸਾਂ ਵਿਚ ਸਿੱਖੀ-ਸਿੱਦਕ ਤੇ ਸ਼ਹਾਦਤ ਦੀ ਗੱਲ ਨਾ ਮਾਤਰ ਕਰਕੇ ਦੂਜੀਆਂ ਰਾਜਨੀਤਕ ਪਾਰਟੀਆਂ ਨੂੰ ਨਿੰਦਣ-ਭੰਡਣ ਤੋਂ ਇਲਾਵਾ ਚੋਪੜੀਆਂ-ਚੋਪੜੀਆਂ ਗੱਲਾਂ ਕਰਕੇ ਆਪਣੀਆਂ ਵੋਟਾਂ ਪੱਕੀਆਂ ਕਰਦੇ ਹਨ। ਜਦੋਂ ਕਿ ਹਰ ਪਾਰਟੀ ਦੀ ਨਿਗ੍ਹਾ ਵੀ ਦੂਸਰੀਆਂ ਪਾਰਟੀਆਂ ਦੇ ਪੰਡਾਲਾਂ ‘ਤੇ ਲੱਗੀ ਰਹਿੰਦੀ ਹੈ ਕਿ ਉਸ ਨੇ ਕਿੰਨਾ ਇਕੱਠਾ ਕੀਤਾ, ਜੇਕਰ ਇਹ ਕਿਹਾ ਜਾਵੇ ਕਿ ਹੁਣ ਇਹ ਮੌਕੇ ਵੱਡੀ ਤੇ ਮਜ਼ਬੂਤ ਰਾਜਨੀਤਕ ਪਾਰਟੀ ਦੇ ਕੱਦ ਨੂੰ ਮਾਪਣ ਦੇ ਪੈਮਾਨੇ ਬਣ ਗਏ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਇਕ ਬਜ਼ੁਰਗ ਤੇ ਸੂਝਵਾਨ ਸਿੱਖ ਸ਼ਖ਼ਸੀਅਤ ਨਾਲ ਇਸ ਸਬੰਧੀ ਚਰਚਾ ਚੱਲੀ ਤਾਂ ਇਕ ਜ਼ਮਾਨਾ ਹੰਢਾ ਚੁੱਕੀਆਂ ਉਸ ਬਜ਼ੁਰਗ ਅੱਖਾਂ ਵਿਚ ਆਪ ਮੁਹਾਰੇ ਅੱਥਰੂ ਵਹਿ ਤੁਰੇ ਅਤੇ ਬਜ਼ੁਰਗ ਸਿਸਕੀਆਂ ਭਰਦਾ ਕਹਿਣ ਲੱਗਾ ਕਿ ਸਿੱਖੀ ਤਾਂ ਜੇ ਅਜੇ ਜਿਉਂਦੀ ਹੈ ਤਾਂ ਸਿੱਖਾਂ ਕਾਰਨ ਹੀ ਹੈ।
ਇਹ ਸ਼ਹਾਦਤ ਦਾ ਹੀ ਇੰਨਾ ਬਲ ਹੈ ਕਿ ਸਿੱਖੀ ਦੇ ਬੂਟੇ ਦੀ ਜੜ੍ਹ ਖ਼ਤਮ ਨਹੀਂ ਹੋ ਰਹੀ ਨਹੀਂ ਤਾਂ ਅੱਜ ਜਿਵੇਂ ਆਪਣੇ ਹੀ ਹਰ ਰੋਜ਼ ਸਿੱਖੀ ਦੇ ਦਰੱਖਤ ਨੂੰ ਵਾਰ ਵਾਰ ਆਪਣੀ ਕੁਰਸੀ ਬਣਾਉਣ ਲਈ ਵੱਢ ਰਹੇ ਹਨ ਤਾਂ ਕਦੋਂ ਦੀ ਸਿੱਖੀ ਖਤਮ ਹੋ ਜਾਂਦੀ। ਅੱਜ ਜੇਕਰ ਦਸਮੇਸ਼ ਪਿਤਾ ਇਨ੍ਹਾਂ ਪੰਥ ਦੇ ਆਪ ਹੀ ਬਣੇ ਆਗੂਆਂ ਦਾ ਕਿਰਦਾਰ ਦੇਖਦੇ ਤਦ ਉਨ੍ਹਾਂ ਦਾ ਦਿਲ ਵੀ ਇਹੋ ਆਖਦਾ ਕਿ ਮੈਂ ਇਨ੍ਹਾਂ ਲਈ ਸਰਵੰਸ਼ ਵਾਰਿਆ, ਜੋ ਹਜ਼ਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਆਪਣੀ ਸਰਕਾਰ ਚਲਾਉਣ ਲਈ ਕਦਮ ਕਦਮ ‘ਤੇ ਵਾਰ-ਵਾਰ ਦਾਅ ‘ਤੇ ਲਾ ਦਿੰਦੇ ਹਨ।

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …