Breaking News
Home / ਮੁੱਖ ਲੇਖ / ਜਾਤੀਵਾਦੀ ਸੱਤਾ ਦੇ ਮਸਲੇ ਅਤੇ ਚੰਗਾਲੀਵਾਲਾ

ਜਾਤੀਵਾਦੀ ਸੱਤਾ ਦੇ ਮਸਲੇ ਅਤੇ ਚੰਗਾਲੀਵਾਲਾ

ਡਾ. ਕੁਲਦੀਪ ਕੌਰ
ਨਸਲਵਾਦ ਬਾਰੇ ਲਿਖੇ ਆਪਣੇ ਮਹੱਤਵਪੂਰਨ ਲੇਖ ਵਿਚ ਫ਼ਿਲਾਸਫ਼ਰ ਤੇ ਚਿੰਤਕ ਗੁਸਤਾਵੋ ਰਾਜ਼ੈਟੀ ਲਿਖਦਾ ਹੈ, ”ਨਸਲਵਾਦ ਤੁਹਾਡੀ ਚਮੜੀ ਦੇ ਰੰਗ ਵਿਚ ਨਹੀਂ, ਤੁਹਾਡੀ ਸੋਚ ਵਿਚ ਹੈ।”
ਆਲਮੀ ਪੱਧਰ ਉੱਤੇ ਨਸਲ, ਜਾਤ, ਵਰਗ, ਲਿੰਗ ਆਦਿ ਨਾਲ ਜੁੜੀ ਹਿੰਸਾ ਦੀਆਂ ਪਰਤਾਂ ਤੇ ਤੰਦਾਂ ਨੂੰ ਸਮਝਣ ਲਈ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਇਹ ਵਾਰ ਵਾਰ ਸਾਬਿਤ ਕੀਤਾ ਜਾ ਰਿਹਾ ਹੈ ਕਿ ਮਨੁੱਖੀ ਡੀਐੱਨਏ ਅਤੇ ਮਨੁੱਖੀ ਖੋਪੜੀ ਤੇ ਉਪਰੋਕਤ ਧਾਰਨਾਵਾਂ ਜਾਂ ਮਿੱਥਾਂ ਦਾ ਰੱਤੀ ਭਰ ਵੀ ਅਸਰ ਨਹੀਂ। ਮਸਲਨ, ਅਫਰੀਕਨ ਅਤੇ ਯੂਰੋਪੀਅਨ ਖੋਪੜੀ ਦੀ ਬਣਤਰ ਅਤੇ ਡੀਐੱਨਏ ਵਿਚ ਕਰੋਮੋਸੋਮਜ਼ ਦੀ ਗਿਣਤੀ ਬਰਾਬਰ ਹੈ। ਔਰਤ ਅਤੇ ਮਰਦ ਦੇ ਦਿਮਾਗ਼ ਦੀਆਂ ਕੋਸ਼ਿਕਾਵਾਂ ਦੀ ਬਣਤਰ ਇਕੋ ਜਿਹੀ ਹੈ, ਬੌਧਿਕ ਪੱਧਰ ਸਮਾਨ ਹੈ। ਬੌਧਿਕਤਾ ਅਤੇ ਸਿਰਜਣਾਤਮਿਕ ਅਮਲ ਦਾ ਤੁਹਾਡੀ ਚਮੜੀ ਦੇ ਰੰਗ, ਜਾਤੀ, ਪਛਾਣ, ਧਾਰਮਿਕ ਫ਼ਲਸਫ਼ੇ, ਮੁਲਕ, ਨਸਲੀ ਪਛਾਣ ਨਾਲ ਕੋਈ ਲੈਣਾ-ਦੇਣਾ ਨਹੀਂ।
ਤਰਕ, ਵਿਗਿਆਨ ਅਤੇ ਸੱਭਿਅਤਾ ਦੇ ਤਕਾਜ਼ੇ ਇਹ ਸਾਬਿਤ ਕਰ ਚੁੱਕੇ ਹਨ ਕਿ ਨਸਲਵਾਦੀ ਉੱਚਤਾ, ਧਾਰਮਿਕ ਸੁੱਚਤਾ, ਜਾਤੀ ਮਹਾਨਤਾ, ਉਚ ਲਿੰਗਕ ਕੰਪਲੈਕਸ ਆਦਿ ਸਮਾਜਿਕ, ਸਿਆਸੀ, ਆਰਥਿਕ, ਸੱਭਿਆਚਾਰਕ ਅਤੇ ਧਾਰਮਿਕ ਕਾਰਕਾਂ ਦੁਆਰਾ ਹਾਲਾਤ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਅਤੇ ਜਲ, ਜੰਗਲ, ਜ਼ਮੀਨ ਤੇ ਵਸੀਲਿਆਂ ਦੀ ਵਿਤਕਰੇ ਰਹਿਤ ਸਾਵੀਂ ਵੰਡ ਤੇ ਵਰਤੋਂ ਨੂੰ ਖ਼ਾਰਿਜ ਕਰਨ ਦੇ ਸੰਦ ਬਣ ਚੁੱਕੇ ਹਨ। ਆਪਣੀ ਅਹਿਮ ਕਿਤਾਬ ‘ਦਿ ਪੈਡਾਗੌਜੀ ਆਫ ਦੀ ਓਪਰੈਸਡ’ ਵਿਚ ਪਾਇਲੋ ਫਰੇਰੇ ਲਿਖਦਾ ਹੈ, ”ਗ਼ੈਰਮਨੁੱਖੀ ਬਣ ਜਾਣ ਦਾ ਅਮਲ ਬੇਸ਼ੱਕ ਇਤਿਹਾਸਕ ਮੰਨਿਆ ਜਾ ਸਕਦਾ ਹੈ ਪਰ ਇਸ ਨੂੰ ਜਨਮ ਦੇਣ ਵਾਲਾ ਤਾਂ ਉਹ ਕੁਪ੍ਰਬੰਧ ਹੈ, ਜਿਹੜਾ ਜਬਰ ਕਰਨ ਵਾਲੇ ਨੂੰ ਨੈਤਿਕ ਅਤੇ ਸਮਾਜਿਕ ਬਲ ਬਖ਼ਸ਼ਦਿਆਂ ਉਸ ਨੂੰ ਹਿੰਸਾ ਕਰਨ ਲਈ ਉਕਸਾਉਂਦਾ ਹੈ।” ਇਸੇ ਤਰਕ ਨੂੰ ਅੱਗੇ ਵਧਾਉਂਦਿਆਂ ਉਹਨੇ ਲਿਖਿਆ ਹੈ ਕਿ ਅਮਲੀ ਰੂਪ ਵਿਚ ਮਨੁੱਖ ਬਣਨ ਲਈ ਜ਼ਰੂਰੀ ਹੈ ਕਿ ਤੁਸੀਂ ਦੂਜਿਆਂ ਦੇ ਮਨੁੱਖ ਬਣਨ ਦਾ ਸਬੱਬ ਬਣ ਸਕਦੇ ਹੋ।
ਪਿੰਡ ਚੰਗਾਲੀਵਾਲਾ (ਜ਼ਿਲ੍ਹਾ ਸੰਗਰੂਰ) ਦੇ ਨੌਜਵਾਨ ਜਗਮੇਲ ਸਿੰਘ ਨਾਲ ਵਾਪਰਿਆ ਕਹਿਰ ਸਾਡੇ ਸਮਿਆਂ ਦੀ ਨਿਸ਼ਾਨਦੇਹੀ ਕਰਦਿਆਂ ਪੰਜਾਬੀ ਖਸਲਤ, ਧਾਰਮਿਕ-ਸਮਾਜਿਕ ਪਛਾਣ, ਸਿਆਸੀ ਧਿਰਾਂ ਦੇ ਚਲਨ ਅਤੇ ਸਮਾਜਿਕ ਅਰਾਜਕਤਾ ਦਾ ਰਿਸਦਾ ਜ਼ਖ਼ਮ ਬਣ ਕੇ ਉੱਭਰਿਆ ਹੈ। ਇਸ ਨੌਜਵਾਨ ਨਾਲ ਹੋਈ ਹਿੰਸਾ ਅਤੇ ਇਸ ਹਿੰਸਾ ਪਿੱਛੇ ਕੰਮ ਕਰਦੇ ਤੰਤਰ ਨੇ ਇੱਕੋ ਝਟਕੇ ਨਾਲ ਹੀਰਾਂ- ਰਾਂਝਿਆਂ, ਸੱਸੀਆਂ-ਪੰਨੂਆਂ, ਗੁਰੂਆਂ-ਪੀਰਾਂ-ਖ਼ਵਾਜਿਆਂ, ਫ਼ਰੀਦ-ਕਬੀਰ-ਨਾਨਕ, ਗੁਰੂ ਗੋਬਿੰਦ ਸਿੰਘ-ਗ਼ਦਰੀ ਬਾਬਿਆਂ-ਭਗਤ ਸਿੰਘਾਂ-ਪਾਸ਼-ਸਰਾਭਿਆਂ, ਲਿਖਰੀਆਂ-ਚਿੰਤਕਾਂ-ਸੂਝਵਾਨਾਂ-ਸਿਦਕਵਾਨਾਂ ਦੀਆਂ ਕੁਰਬਾਨੀਆਂ, ਉਪਦੇਸ਼ਾਂ ਅਤੇ ਦਾਰਸ਼ਨਿਕਤਾ ਨੂੰ ਸਲੀਬ ‘ਤੇ ਟੰਗ ਦਿੱਤਾ ਹੈ। ਜਲੂਰ ਵਿਚ ਬੀਬੀ ਗੁਰਦੇਵ ਕੌਰ ਦੀਆਂ ਵੱਢੀਆਂ ਲੱਤਾਂ ਅਤੇ ਧੀ ਨਾਲ ਵਧੀਕੀ ਕਰਨ ਵਾਲਿਆਂ ਵਿਰੁੱਧ ਡਟੇ ਬੰਤ ਸਿੰਘ ਝੱਬਰ ਦੀਆਂ ਲਟਕਦੀਆਂ ਬਾਹਾਂ ਦੇ ਟੁੰਡ ਰਾਹੀਂ ਦਿਸਦਾ ਪੰਜਾਬ, ਆਪਣੀ ਕਿਸ ‘ਅਣਖ’ ਜਾਂ ‘ਹਉਮੈ’ ਦੀ ਲੜਾਈ ਲੜ ਰਿਹਾ ਹੈ? ਜਗਮੇਲ ਦੇ ਕਾਤਲਾਂ ਦੀ ਪਛਾਣ ਕੀ ਹੈ?
ਗੱਲ ਇਹ ਵੀ ਸੋਚਣ ਵਾਲੀ ਹੈ ਕਿ ਕਿਸੇ ਮਨੁੱਖ ਨੂੰ ਪਲਾਸਾਂ-ਪੇਚਕਸਾਂ ਨਾਲ ਕੋਹਣ ਦੀ ਕਾਰਵਾਈ ਨੂੰ ਅਸੀਂ ਕਿਹੜੀ ਮਾਨਸਿਕਤਾ ਜਾਂ ਸਮਾਜਿਕ ਸਿੱਖਿਆ ਦੀ ਕਿਹੜੀ ਤਕਨੀਕ ਨਾਲ ਸਮਝਣ ਦੀ ਕੋਸ਼ੀਸ਼ ਕਰੀਏ? ਜੇਕਰ ਜਗਮੇਲ ਨੂੰ ਕੋਹਣ ਵਾਲੇ ਹੱਥਾਂ ਦੀ ਤਾਕਤ ਧਰਮ, ਜਾਤ, ਜ਼ਮੀਨ, ਜ਼ਰ, ਮਰਦਾਵੀਂ ਧੌਂਸ ਵਿਚੋਂ ਨਿਕਲੀ ਹੈ ਤਾਂ ਇਨ੍ਹਾਂ ਹੱਥਾਂ ਤੋਂ ਹਰ ਪੰਜਾਬੀ ਨੂੰ ਖ਼ਤਰਾ ਹੈ। ਜੇਕਰ ਜਗਮੇਲ ਦੇ ਕਾਤਲਾਂ ਨੂੰ ਬਚਾਉਣ ਵਾਲੀਆਂ ਆਵਾਜ਼ਾਂ ਵਿਚ ਸਿਆਸੀ, ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਧਿਰਾਂ ਆਪਣੇ ਪੰਜਾਬੀ ਖਾਸੇ ਦੀ ਹਉਮੈ ਕਾਰਨ ਸ਼ਾਮਿਲ ਹਨ ਤਾਂ ਸਾਨੂੰ ਇਨ੍ਹਾਂ ਸਭ ਗ਼ੈਰਮਾਨਵੀ ਧਿਰਾਂ ਤੋਂ ਖ਼ਤਰਾ ਹੈ।
ਜਗਮੇਲ ਸਿੰਘ ਦਾ ਕਤਲ ਸਿਆਸੀ ਕਤਲ ਵੀ ਹੈ ਅਤੇ ਸੰਸਥਾਈ ਢਾਂਚਿਆਂ ਦੀ ਅਸਫ਼ਲਤਾ ਦੁਆਰਾ ਕੀਤਾ ਗਿਆ ਕਤਲ ਵੀ ਹੈ। ਕਤਲ ਕਰਨ ਅਤੇ ਕਤਲ ਹੋਣ ਵਾਲਿਆਂ ਦੀ ਧਿਰ ਦਾ ਲੰਮਾ ਇਤਿਹਾਸਕ ਟਕਰਾਓ ਹੈ, ਪਿਛੋਕੜ ਹੈ। ਇਸ ਟਕਰਾਓ ਦਾ ਆਧਾਰ ਮਹਿਜ਼ ਸਮਾਜਿਕ ਵਿਤਕਰਾ ਜਾਂ ਅਣਹੋਈ ਕਹਿ ਕੇ ਨਹੀਂ ਸਮਝਿਆ ਜਾ ਸਕਦਾ। ਇਸ ਦੀਆਂ ਜ਼ਹਿਰਲੀਆਂ ਜੜ੍ਹਾਂ ਨਿੱਜੀ ਜਾਇਦਾਦ ਵਿਚੋਂ ਹਨ। ਇਸ ਦੇ ਕਾਰਨ ਅਤੇ ਬੀਜ ਜਮਹੂਰੀਅਤ ਦੇ ਅਮਲੀ ਜਾਮੇ ਦੀ ਅਸਫ਼ਲਤਾ ਵਿਚ ਪਏ ਹਨ। ਇਸ ਦਾ ਕੇਂਦਰੀ ਨੁਕਤਾ ਅਤੇ ਸੰਘਰਸ਼ੀ ਮੱਥਾ ਨਕਸਲਬਾੜੀ, ਬਿਰਸਾ ਮੁੰਡਾ ਵਰਗੀ ਲਲਕਾਰ ਅਤੇ ਰੋਹਿਤ ਵੇਮੁਲਾ, ਪਾਇਲ ਰਸਤੋਗੀ ਵਰਗੇ ਅਣਗਿਣਤ ਹਾਦਸਿਆਂ ਨਾਲ ਭਰਿਆ ਹੋਇਆ ਹੈ।
ਕਿਸੇ ਸਮੇਂ ਸਿਆਸੀ ਦਾਰਸ਼ਨਿਕ ਥੌਮਸ ਹੌਬਸ ਦਾ ਮੰਨਣਾ ਸੀ ਕਿ ਸੱਤਾ ਸਟੇਟ (ਜੋ ਸ਼ਖ਼ਸ ਤੇ ਸੱਤਾਧਾਰੀ ਧਿਰ ਵਿਚਕਾਰ ਸਮਝੌਤੇ ਦੀ ਨਿਆਈਂ ਹੈ) ਦੀ ਧੁਰੀ ਹੈ। ਮਿਸ਼ੇਲ ਫੂਕੋ ਸਟੇਟ ਦੀ ਸੱਤਾ ਤੋਂ ਅਗਾਂਹ ਉਨ੍ਹਾਂ ਤਾਕਤਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿਨ੍ਹਾਂ ਦੀ ਸੱਤਾ ਦਾ ਧੁਰਾ ਹਿੰਸਾ ਹੈ। ਉਸ ਅਨੁਸਾਰ, ਕਿਸੇ ਸਮੂਹ ਲਈ ਸੱਤਾ ਦਾ ਸਰੋਤ ਸਿਰਫ਼ ਪੂੰਜੀ ਵੀ ਤਾਂ ਹੋ ਸਕਦੀ ਹੈ। ਪਿਤਾ ਪੁਰਖੀ ਸਮਾਜ ਵਿਚ ਸੱਤਾ, ‘ਪੁਰਖ’ ਹੋਣ ਵਿਚ ਨਿਹਿਤ ਹੈ। ਚਿੱਟਾ ਰੰਗ ਨਸਲਵਾਦ ਵਿਚ ਸੱਤਾ ਦਾ ਸੋਮਾ ਬਣਿਆ ਹੈ। ਖੁਦ ਮਨੋਵਿਗਿਆਨੀ ਹੋਣ ਕਾਰਨ ਮਿਸ਼ੇਲ ਫੂਕੋ ਮਨੋਵਿਗਿਆਨੀ ਜਾਂ ਮਾਨਸਿਕ ਰੋਗਾਂ ਦੇ ਡਾਕਟਰ ਦੀ ਅਦਾਲਤ ਵਿਚ ਦਿੱਤੀ ਗਵਾਹੀ ਦੀ ਉਦਾਹਰਨ ਦਿੰਦਿਆਂ ਆਖਦਾ ਹੈ ਕਿ ਇੱਥੇ ‘ਗਵਾਹੀ’ ਦੀ ਸੱਤਾ ਅਦਾਲਤ ਦੀ ‘ਸੱਤਾ’ ਨਾਲ ਸਿੱਧੇ ਟਕਰਾਓ ਵਿਚ ਪੈਂਦੀ ਹੈ ਅਤੇ ਜਿੱਤ ਵੀ ਜਾਂਦੀ ਹੈ। ਅਦਾਲਤ ਮਨੋਵਿਗਿਆਨੀ ਦੁਆਰਾ ਪੇਸ਼ ਕੀਤੇ ਸਬੂਤਾਂ ਨੂੰ ‘ਅੰਤਿਮ ਸੱਚ’ ਵਾਂਗ ਮੰਨ ਲੈਂਦੀ ਹੈ, ਜਦਕਿ ਉਸ ਨੂੰ ਵੀ ਇਹ ਸਪੱਸ਼ਟ ਹੈ ਕਿ ਮਾਨਸਿਕ ਮਰੀਜ਼ ਜਾਂ ਕੈਦੀ ਤਾਂ ਆਪਣੀ ਪੈਰਵੀ ਕਰਨ ਵਿਚ ਸਮਰੱਥ ਹੀ ਨਹੀਂ।
ਹੁਣ ਇਸ ਤਰਕ ਨੂੰ ਜ਼ਰਾ ਜਗਮੇਲ ਦੇ ਕਤਲ ਨਾਲ ਜੋੜ ਕੇ ਸਮਝੀਏ। ਮਿਸ਼ੇਲ ਫੂਕੋ ਆਪਣੀ ਕਿਤਾਬ ‘ਡਿਸਿਪਲਿਨ ਅਤੇ ਪਨਿਸ਼’ ਵਿਚ ਸੱਤਾ ਦੀਆਂ ਅਗਲੇਰੀਆਂ ਧਾਰਨਾਵਾਂ ਨੂੰ ਸੰਬੋਧਿਤ ਹੁੰਿਦਆਂ ਆਖਦਾ ਹੈ ਕਿ ਸ਼ੋਸ਼ਿਤ ਨੂੰ ‘ਅਨੁਸ਼ਾਸਨ ਵਿਚ ਬੰਨ੍ਹਣਾ’ ਅਤੇ ਉਸ ਨੂੰ ‘ਸਾਧਾਰਨ’ ਬਣਾਈ ਰੱਖਣ ਦੀ ਪੂਰੀ ਪ੍ਰਕਿਰਿਆ ਇਤਿਹਾਸਕ, ਸੰਸਥਾਈ ਅਤੇ ਰਵਾਇਤਾਂ ਤੇ ਆਧਾਰਿਤ ਹੈ। ਇਹ ਇਕ ਤਰ੍ਹਾਂ ਨਾਲ ‘ਸਬਕ ਸਿਖਾਉਣ’ ਤੋਂ ਲੈ ਕੇ ‘ਘਰੇਲੂ ਜਾਂ ਪਾਲਤੂ ਬਣਾਉਣ’ ਦੀ ਪੀੜ੍ਹੀ-ਦਰ-ਪੀੜ੍ਹੀ ਸਦੀਆਂ ਤੱਕ ਚੱਲਣ ਵਾਲੀ ਲਗਾਤਾਰਤਾ ਹੈ।
ਉਦਾਹਰਨ ਵਜੋਂ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਦੇਖੋ, ਜਲਾਵਤਨੀ ਨੂੰ ਦੇਖੋ ਅਤੇ ਗ਼ੁਲਾਮੀ ਦੀ ਪ੍ਰਥਾ ਦੇ ਕਾਰਨਾਂ ਤੇ ਝਾਤ ਮਾਰੋ। ਦੂਜੇ ਮੁਲਕਾਂ ਦੇ ਕੈਦੀਆਂ ਨਾਲ ਹੁੰਦਾ ਵਰਤਾਓ ਤੱਕੋ। ਇਨ੍ਹਾਂ ਸਭ ਕਿਸਮਾਂ ਦੇ ਬਾਸ਼ਿੰਦਿਆਂ ਦਾ ਜਗਮੇਲ ਸਿੰਘ ਨਾਲ ਕੀ ਸਬੰਧ ਹੈ? ਜੇਕਰ ਤੁਸੀਂ ਇਨ੍ਹਾਂ ‘ਤੇ ਰੱਖੀ ਜਾਂਦੀ ਸਮਾਜਿਕ ਨਜ਼ਰ ਦੀਆਂ ਬਾਰੀਕੀਆਂ ਅਤੇ ਇਨ੍ਹਾਂ ਦੁਆਰਾ ਧੌਣ ਉੱਚੀ ਕਰਕੇ ਮਾਣ ਨਾਲ ਤੁਰਨ ਦੀ ਆਕੜ ਬਾਰੇ ਕੁਝ ਕੁ ਜ਼ਮੀਨੀ ਟਿੱਪਣੀਆਂ ਵੱਲ ਨਜ਼ਰ ਮਾਰੋ ਤਾਂ ਤੁਹਾਨੂੰ ਅਸਾਨੀ ਨਾਲ ਇਹ ਤੱਥ ਸਮਝ ਆ ਜਾਵੇਗਾ ਕਿ ਅਸਲ ਮਸਲਾ ਤਾਂ ਮਨੁੱਖ ਦੇ ਤੌਰ ‘ਤੇ ਇਨ੍ਹਾਂ ਦੀ ਹੋਂਦ ਨੂੰ ਰੱਦ ਕਰਨ ਦਾ ਹੈ, ਇਨ੍ਹਾਂ ਦੀ ਰੀੜ੍ਹ ਦੀ ਹੱਡੀ ਤੋੜਨ ਦਾ ਹੈ, ਇਨ੍ਹਾਂ ਨੂੰ ਇਹ ਅਹਿਸਾਸ ਕਰਵਾਉਣ ਦਾ ਹੈ ਕਿ ਸਾਡੀ ‘ਰਜ਼ਾ ਵਿਚ ਰਾਜ਼ੀ ਰਹੋ’।
ਪੰਜਾਬ ਦੇ ਪਿੰਡਾਂ ਦੇ ਸਕੂਲਾਂ, ਗੁਰਦੁਆਰਿਆਂ, ਸੜਕਾਂ, ਘਰਾਂ, ਮੈਦਾਨਾਂ, ਕਾਲਜਾਂ ਅਤੇ ਜਨਤਕ ਸਥਾਨਾਂ ਉਪਰ ਵਿਚਰਦੇ ਨੌਜਵਾਨਾਂ ਨੂੰ ਰਤਾ ਕੁ ਧਿਆਨ ਨਾਲ ਦੇਖੋ। ਕਿਤੇ ਨਾ ਕਿਤੇ ਸਕੂਲਾਂ, ਕਾਲਜਾਂ, ਫੈਕਟਰੀਆਂ, ਖੇਤਾਂ, ਘਰਾਂ ਵਿਚ ਹੀ ਜੇਲ੍ਹਾਂ, ਥਾਣੇ ਅਤੇ ਤਸ਼ੱਦਦਖ਼ਾਨੇ ਉੱਗ ਆਏ ਹਨ। ਇਨ੍ਹਾਂ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਸੰਕਲਪ ਉੱਪਰ ਮਣਾਂ-ਮੂੰਹੀਂ ਰੇਤ ਪਾ ਦਿੱਤੀ ਹੈ। ਤੱਥਾਂ ਅਤੇ ਅੰਕੜਿਆਂ ਦੀ ਸਹਾਇਤਾ ਨਾਲ ਇਹ ਸਾਬਤ ਕਰਨਾ ਬਹੁਤ ਅਸਾਨ ਹੈ ਕਿ ਕਿੰਨੇ ਕਤਲ ਹੋਏ, ਕਿੰਨੇ ਘਰ ਜਲੇ ਅਤੇ ਕਿੰਨਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਐਪਰ ਇਸ ਸੱਚ ਦੀ ਥਹੁ ਪਾਉਣੀ ਮੁਮਕਿਨ ਨਹੀਂ ਕਿ ਅਸੀਂ ਆਪਣੇ ਬਣਾਏ ਨਰਕਾਂ ਵਿਚ ਭੁੱਜਣ ਲਈ ਕਦੋਂ ਤੱਕ ਸਰਾਪੇ ਰਹਾਂਗੇ?

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …