ਕੈਨੇਡਾ ਦੀ ਵਾਗਡੋਰ ਮੁੜ ਟਰੂਡੋ ਹੱਥ
ਹਰਜੀਤ ਸੱਜਣ, ਨਵਦੀਪ ਬੈਂਸ ਮੁੜ ਬਣੇ ਮੰਤਰੀ, ਅਨੀਤਾ ਆਨੰਦ ਤੇ ਬਰਦੀਸ਼ ਚੱਗਰ ਵੀ ਕੈਬਨਿਟ ‘ਚ ਸ਼ਾਮਲ
ਓਟਾਵਾ/ ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਲੰਘੀ 11 ਸਤੰਬਰ ਨੂੰ ਬਕਾਇਦਾ ਸ਼ੁਰੂ ਹੋਇਆ ਚੋਣ ਅਮਲ 20 ਨਵੰਬਰ ਉਦੋਂ ਮੁਕੰਮਲ ਹੋਇਆ ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ‘ਚ ਲਿਬਰਲ ਪਾਰਟੀ ਦੀ ਅਗਲੀ ਕੇਂਦਰ ਸਰਕਾਰ ਦੇ ਗਠਨ ਦੀ ਕਾਰਵਾਈ ਮੁਕੰਮਲ ਹੋਈ ਅਤੇ ਨਵੀਂ ਕੈਬਨਿਟ ਦਾ ਸਹੁੰ-ਚੁੱਕ ਸਮਾਗਮ ਰਾਜਧਾਨੀ ਓਟਾਵਾ ਵਿਖੇ ਹੋਇਆ। ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਇਟ ਦੀ ਅਗਵਾਈ ‘ਚ ਰਿਡੋ ਹਾਲ ਅੰਦਰ ਕਰਵਾਏ ਗਏ ਸਾਦਾ ਰਸਮ ਮੌਕੇ ਵਾਰੀ ਅਨੁਸਾਰ ਨਵੇਂ ਮੰਤਰੀਆਂ ਨੇ ਹਲਫ਼ ਲਿਆ ਅਤੇ ਪਹਿਲਾਂ ਤੋਂ ਹੀ ਕੈਬਨਿਟ ਮੰਤਰੀਆਂ ਨੂੰ ਗਵਰਨਰ ਜਨਰਲ ਨਾਲ ਮਿਲਾਇਆ ਗਿਆ। ਟਰੂਡੋ ਵਲੋਂ ਗਠਿਤ ਕੀਤੀ ਗਈ ਨਵੀਂ ਕੈਬਨਿਟ ‘ਚ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਤੇ 37 ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਹ ਵੀ ਕਿ ਕੈਬਨਿਟ ‘ਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਰੱਖੀ ਗਈ ਹੈ। ਜਸਟਿਨ ਟਰੂਡੋ ਨੂੰ ਮਿਲਾ ਕੇ 38 ਮੈਂਬਰੀ ਮੰਤਰੀ ਮੰਡਲ ਵਿਚ 19 ਮਰਦ ਤੇ 19 ਔਰਤਾਂ ਨੂੰ ਥਾਂ ਦਿੱਤੀ ਗਈ ਹੈ। ਟਰੂਡੋ ਨੇ ਡਿਪਟੀ ਪੀਐਮ ਦਾ ਅਹੁਦਾ ਵੀ ਮਹਿਲਾਵਾਂ ਲਈ ਛੱਡਦਿਆਂ ਕ੍ਰਿਸਟੀਆ ਫ੍ਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ।
ਭਾਰਤੀ ਮੂਲ ਦੇ ਮੰਤਰੀਆਂ ਵਜੋਂ ਦੋ ਪੁਰਸ਼ ਅਤੇ ਦੋ ਔਰਤਾਂ ਹਨ, ਜਿਨ੍ਹਾਂ ਦੇ ਨਾਂਅ ਨਵਦੀਪ ਸਿੰਘ ਬੈਂਸ (ਕਾਢ, ਵਿਗਿਆਨ ਅਤੇ ਉਦਯੋਗ ਮੰਤਰੀ), ਹਰਜੀਤ ਸਿੰਘ ਸੱਜਣ (ਰੱਖਿਆ ਮੰਤਰੀ), ਬਰਦੀਸ਼ ਚੱਗਰ (ਵਿਭਿੰਨਤਾ ਅਤੇ ਯੂਥ ਮੰਤਰੀ) ਅਤੇ ਪ੍ਰੋ. ਅਨੀਤਾ ਆਨੰਦ (ਲੋਕ ਸੇਵਾ ਮੰਤਰੀ) ਹਨ। ਸ. ਸੱਜਣ ਅਤੇ ਸ. ਬੈਂਸ ਦੋਵੇਂ ਅੰਮ੍ਰਿਤਧਾਰੀ ਹਨ ਅਤੇ ਉਨ੍ਹਾਂ ਦੇ ਮੰਤਰਾਲੇ ਨਹੀਂ ਬਦਲੇ ਗਏ। ਕੈਬਨਿਟ ‘ਚ ਨਵੇਂ ਚਿਹਰਿਆਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ। ਸੰਸਦੀ ਚੋਣ ਹਾਰ ਗਏ 2 ਮੰਤਰੀਆਂ (ਅਮਰਜੀਤ ਸੋਹੀ ਤੇ ਰਾਲਫ ਗੁਡੇਲ) ਅਤੇ ਬਿਮਾਰੀ ਕਾਰਨ ਅਸਮਰੱਥ ਹੋਏ ਮੰਤਰੀ ਜਿਮ ਕਾਰ ਦੀ ਜਗ੍ਹਾ ਨਵੇਂ ਮੰਤਰੀ ਨਿਯੁਕਤ ਕੀਤੇ ਗਏ ਹਨ। ਇਸ ਵਾਰ ਚੁਣੌਤੀਆਂ ਵੱਖਰੀਆਂ ਹੋਣ ਕਾਰਨ ਮੰਤਰੀਆਂ ਦੀ ਯੋਗਤਾ ਅਤੇ ਸਮਰੱਥਾ ਨੂੰ ਵੱਧ ਮਹੱਤਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਸਦ ‘ਚ ਬਲਾਕ ਕਿਊਬਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਉੱਭਰੀ ਹੋਣ ਕਾਰਨ ਉਸ ਪਾਰਟੀ ਦੇ ਆਗੂਆਂ ਨਾਲ ਸਦਭਾਵਨਾ ਵਾਲਾ ਮਾਹੌਲ ਬਣਾ ਕੇ ਰੱਖਣ ਵਾਸਤੇ ਸੱਤਾਧਾਰੀ ਲਿਰਬਲ ਪਾਰਟੀ ਵਲੋਂ ਦੁਭਾਸ਼ੀਏ (ਅੰਗਰੇਜ਼ੀ ਅਤੇ ਫਰੈਂਚ ਬੋਲ ਸਕਣ ਵਾਲੇ) ਸੰਸਦ ਮੈਂਬਰਾਂ ਨੂੰ ਮੰਤਰੀ ਅਤੇ ਹੋਰ ਅਹਿਮ ਅਹੁਦੇ ਦਿੱਤੇ ਜਾ ਰਹੇ ਹਨ। ਅਜਿਹੇ ‘ਚ ਲਿਬਰਲ ਪਾਰਟੀ ਦੇ ਕਿਊਬਕ ਤੋਂ ਸੰਸਦ ਮੈਂਬਰਾਂ ਦੀ ਕੈਬਨਿਟ ‘ਚ ਅਹਿਮੀਅਤ ਨਾਲ ਸ਼ਮੂਲੀਅਤ ਕੀਤੀ ਗਈ ਹੈ। ਇਸੇ ਤਰ੍ਹਾਂ ਪੱਛਮੀ ਕੈਨੇਡਾ, ਖਾਸ ਤੌਰ ‘ਤੇ ਅਲਬਰਟਾ ਅਤੇ ਸਸਕਾਚਵਨ (ਜਿੱਥੇ ਚੋਣਾਂ ‘ਚ ਲਿਬਰਲ ਪਾਰਟੀ ਦਾ ਸਫਾਇਆ ਹੋ ਗਿਆ) ਦੇ ਲੋਕਾਂ ਦੀ ਸੰਤੁਸ਼ਟੀ ਲਈ ਕ੍ਰਿਸਟੀਆ ਫਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਬਣਾ ਕੇ ਸਰਕਾਰ ‘ਚ ਅਹਿਮ ਸਥਾਨ ਦਿੱਤਾ ਗਿਆ ਹੈ। ਫਰੀਲੈਂਡ ਭਾਵੇਂ ਟੋਰਾਂਟੋ ਤੋਂ ਸੰਸਦ ਮੈਂਬਰ ਹਨ ਪਰ ਉਨ੍ਹਾਂ ਦਾ ਜਨਮ ਅਲਬਰਟਾ ਵਿਚ ਹੋਇਆ ਸੀ। ਫਰੀਲੈਂਡ ਅਤੇ ਮੰਤਰੀ ਕੈਦਰੀਨ ਮਕੈਨਾ ਦੇ ਵਿਭਾਗ ਬਦਲੇ ਗਏ ਹਨ, ਜਿਨ੍ਹਾਂ ਦੀ ਜਗ੍ਹਾ ਫਰਾਂਸੁਆ ਫਿਲਿਪ ਸ਼ੈਂਪੇਨ ਨੂੰ ਵਿਦੇਸ਼ ਮੰਤਰੀ, ਜੋਨਾਥਨ ਵਿਲਕਨਸਨ ਨੂੰ ਵਾਤਾਵਰਨ ਮੰਤਰਾਲਾ ਦਿੱਤਾ ਗਿਆ ਹੈ। ਬਿੱਲ ਮੋਰਨੋ ਵਿੱਤ ਮੰਤਰੀ, ਡੇਵਿਡ ਲਮੇਟੀ ਨਿਆਂ ਮੰਤਰੀ ਅਤੇ ਮਾਰਕ ਗਾਰਨੋ ਆਵਾਜਾਈ ਮੰਤਰੀ ਬਣੇ ਰਹਿਣਗੇ। ਸਟੀਵਨ ਜਿਲਬੋਲਟ ਵਿਰਾਸਤ ਮੰਤਰੀ, ਪੈਰੀਸ਼ੀਆ ਹਾਈਡੂ ਨੂੰ ਸਿਹਤ ਮੰਤਰੀ ਅਤੇ ਸੀਮਸ ਓਰੀਗਨ ਨੂੰ ਕੁਦਰਤੀ ਸਾਧਨ ਮੰਤਰੀ ਬਣਾਇਆ ਗਿਆ ਹੈ। ਕੁਝ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਅਤੇ ਕੁਝ ਨਵੇਂ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਇਆ ਗਿਆ ਹੈ। ਅਹਿਮਦ ਹੁਸੈਨ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਨਹੀਂ ਬਣੇ ਤੇ ਉਨ੍ਹਾਂ ਨੂੰ ਸਮਾਜਿਕ ਵਿਕਾਸ ਮੰਤਰੀ ਬਣਾਇਆ ਗਿਆ ਹੈ। ਨਵਾਂ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਬਣਾਇਆ ਗਿਆ ਹੈ। ਇਸ ਵਾਰ ਟਰੂਡੋ ਨੂੰ ਘੱਟ-ਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ ਜਿਸ ਕਰਕੇ ਕੈਬਨਿਟ ਗਠਿਤ ਕਰਨ ਨੂੰ ਉਨ੍ਹਾਂ ਨੇ ਆਮ ਨਾਲੋਂ ਵੱਧ ਸਮਾਂ ਵੀ ਲਿਆ ਹੈ। ਮੰਤਰੀ ਮੰਡਲ ‘ਚ 35 ਮੰਤਰੀ (2015 ‘ਚ 31) ਸ਼ਾਮਿਲ ਹਨ। 2015 ਦੇ ਮੁਕਾਬਲੇ ਇਸ ਵਾਰੀ ਟਰੂਡੋ ਨੂੰ ਵਧੇਰੇ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰ ਵੀ ਵਿਰੋਧੀਆਂ ਨੂੰ ਸ਼ਾਂਤ ਰੱਖਣ ਪ੍ਰਤੀ ਵੱਧ ਸੁਚੇਤ ਰਹਿਣ ਦੀ ਲੋੜ ਹੋਵੇਗੀ। ਟਰੂਡੋ ਨੂੰ ਹਰੇਕ ਨੂੰ ਖੁਸ਼ ਰੱਖਣ ਲਈ ਪਹਿਲੀ ਵਾਰ ਮਜਬੂਰ ਰਹਿਣਾ ਪੈ ਸਕਦਾ ਹੈ। ਰਾਜਨੀਤਕ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਨ ਮਗਰੋਂ ਟਰੂਡੋ ਨੇ ਸੰਕੇਤ ਦਿੱਤਾ ਸੀ ਕਿ ਉਹ ਹਰੇਕ ਪਾਰਟੀ ਦੇ ਆਗੂ ਦੇ ਸਹਿਯੋਗ ਨਾਲ ਚੱਲਣ ਦੀ ਕੋਸ਼ਿਸ਼ ਕਰਨਗੇ। ਇਹ ਵੀ ਕਿ ਉਹ ਸਿਰਫ਼ ਆਪਣੀ ਲਿਬਰਲ ਪਾਰਟੀ ਦੀ ਸਰਕਾਰ ਹੀ ਬਣਾਉਣਗੇ ਅਤੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾ ਰਿਹਾ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ ਕੁਲ 338 ‘ਚੋਂ ਲਿਬਰਲ ਪਾਰਟੀ ਕੋਲ 157 ਸੀਟਾਂ ਹਨ, ਜਿਨ੍ਹਾਂ ‘ਚੋਂ 50 ਔਰਤ ਸੰਸਦ ਮੈਂਬਰ ਹਨ।
ਕ੍ਰਿਸਟੀਆ ਫ੍ਰੀਲੈਂਡ ਨੂੰ ਮਿਲਿਆ ਡਿਪਟੀ ਪੀ ਐਮ ਦਾ ਅਹੁਦਾ
ਮਾਰਕੋ ਮੈਂਡੀਸੀਨੋ ਬਣੇ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਉਪ ਪ੍ਰਧਾਨ ਮੰਤਰੀ ਵਜੋਂ ਕ੍ਰਿਸਟੀਆ ਫਰੀਲੈਂਡ ਦਾ ਨਾਮ ਐਲਾਨਿਆ ਗਿਆ। ਫਰੀਲੈਂਡ ਸਬੰਧੀ ਟਰੂਡੋ ਨੇ ਆਖਿਆ ਕਿ ਇਹ ਭੂਮਿਕਾ ਫਰੀਲੈਂਡ ਦੇ ਕੱਦ ਜਿੱਡਾ ਕੋਈ ਇਨਸਾਨ ਹੀ ਨਿਭਾਅ ਸਕਦਾ ਹੈ। ਟਰੂਡੋ ਨੇ ਆਖਿਆ ਕਿ ਉਨ੍ਹਾਂ ਕ੍ਰਿਸਟੀਆ ਨਾਲ ਕਾਫੀ ਨੇੜਿਓਂ ਕੰਮ ਕੀਤਾ ਹੈ ਤੇ ਕਈ ਮੁੱਦਿਆਂ ਜਿਵੇਂ ਕਿ ਕੌਮੀ ਏਕਤਾ, ਊਰਜਾ, ਐਨਵਾਇਰਮੈਂਟ ਤੋਂ ਇਲਾਵਾ ਸਾਰੇ ਪ੍ਰੋਵਿੰਸਾਂ ਨਾਲ ਆਪਣੇ ਸਬੰਧਾਂ ਨੂੰ ਮਜਬੂਤ ਬਣਾਉਣ ਬਾਰੇ ਉਨ੍ਹਾਂ ਦੀ ਰਾਇ ਬਹੁਤ ਰਲਦੀ ਹੈ। ਇਸੇ ਤਰ੍ਹਾਂ ਮਾਰਕੋ ਮੈਂਡੀਸੀਨੋ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਬਣੇ ਹਨ। ਉਹ ਓਨਟਾਰੀਓ ਦੇ ਇਗਲਿੰਟਨ ਲਾਰੇਂਸ ਤੋਂ ਚੁਣੇ ਗਏ ਸਨ। ਯਾਦ ਰਹੇ ਪਹਿਲਾਂ ਟਰੂਡੋ ਸਰਕਾਰ ਦੀ ਜ਼ਿਆਦਾ ਕਿਰਕਿਰੀ ਇਮੀਗ੍ਰੇਸ਼ਨ ਸਬੰਧੀ ਨੀਤੀਆਂ ਕਰਕੇ ਹੀ ਹੋ ਰਹੀ ਸੀ। ਇਸੇ ਲਈ ਇਸ ਵਿਭਾਗ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਕੈਨੇਡਾ ਦੇ ਇਮੀਗਰੇਸ਼ਨ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ।
ਪੰਜਾਬਣ ਮਾਂ ਦੀ ਜਾਈ ਅਨੀਤਾ ਆਨੰਦ ਕੈਨੇਡਾ ‘ਚ ਬਣੀ ਪਹਿਲੀ ਹਿੰਦੂ ਮੰਤਰੀ
ਓਟਵਾ: ਅਨੀਤਾ ਇੰਦਰਾ ਆਨੰਦ ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਹਿੰਦੂ ਫੈਡਰਲ ਮੰਤਰੀ ਬਣ ਗਏ ਹਨ। ਆਨੰਦ ਅਕਤੂਬਰ ਵਿਚ ਹੋਈਆਂ ਚੋਣਾਂ ਦੌਰਾਨ ਉਨਟਾਰੀਓ ਦੇ ਓਕਵਿਲੇ ਤੋਂ ਚੋਣ ਜਿੱਤੇ ਸਨ। ਯੂਨੀਵਰਸਿਟੀ ਆਫ ਯੂਨੀਵਰਸਿਟੀ ਵਿਚ ਲਾਅ ਦੀ ਪ੍ਰੋਫੈਸਰ ਵਜੋਂ ਕੰਮ ਕਰਨ ਵਾਲੀ ਅਨੀਤਾ ਆਨੰਦ ਦਾ ਜਨਮ ਨੋਵਾ ਸਕੋਟੀਆ ਦੇ ਕੈਂਟਵਿਲੇ ਵਿਖੇ ਹੋਇਆ ਸੀ। ਉਹਨਾਂ ਦੀ ਮਾਤਾ ਸਰੋਜ ਰਾਮ ਅੰਮ੍ਰਿਤਸਰ ਦੀ ਪੰਜਾਬਣ ਸੀ ਜਦਕਿ ਪਿਤਾ ਐਸ ਵੀ ਆਨੰਦ ਤਾਮਿਲ ਹਨ। ਆਨੰਦ ਦੇ ਚਾਰ ਬੱਚੇ ਹਨ ਤੇ ਉਹ ਕੈਨੇਡੀਅਨ ਮਿਊਜ਼ੀਅਮ ਆਫ ਹਿੰਦੂ ਸਿਵਲਾਈਜੇਸ਼ਨ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ।
ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ‘ਚ ਡਰੈੱਸ ਕੋਡ ਬਦਲਿਆ
ਹਿਊਸਟਨ : ਭਾਰਤੀ ਮੂਲ ਦੇ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਦੇ ਸਨਮਾਨ ਵਿੱਚ ਹਿਊਸਟਨ ਪੁਲਿਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਬਦਲ ਦਿੱਤੀ ਹੈ, ਜਿਸ ਤਹਿਤ ਘੱਟ ਗਿਣਤੀ ਫਿਰਕੇ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਰਿਸ ਕਾਊਂਟੀ ਸ਼ੇਰਿਫ ਦਫ਼ਤਰ ਵਿੱਚ ਦਸ ਸਾਲਾਂ ਤੋਂ ਕੰਮ ਕਰ ਰਹੇ ਧਾਲੀਵਾਲ ਦੀ ਹਿਊਸਟਨ ਵਿੱਚ ਟਰੈਫਿਕ ਡਿਊਟੀ ਦੌਰਾਨ 28 ਸਤੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 42 ਸਾਲਾ ਪੁਲਿਸ ਅਧਿਕਾਰੀ ਉਦੋਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸ ਨੂੰ ਕੰਮ ਦੌਰਾਨ ਦਾੜ੍ਹੀ ਰੱਖਣ ਅਤੇ ਪਗੜੀ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਸਿਟੀ ਆਫ ਹਿਊਸਟਨ ਨੇ ਸੋਮਵਾਰ ਨੂੰ ਟਵੀਟ ਕੀਤਾ ,”ਹਿਊਸਟਨ ਪੁਲਿਸ ਟੈਕਸਾਸ ਵਿੱਚ ਕਾਨੂੰਨ ਲਾਗੂ ਕਰਨ ਵਾਲੀ ਸਭ ਤੋਂ ਵੱਡੀ ਏਜੰਸੀ ਹੈ, ਜਿਸਨੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਆਪਣੀ ਆਸਥਾ ਦੀਆਂ ਚੀਜ਼ਾਂ ਪਹਿਨਣ ਦੀ ਇਜਾਜ਼ਤ ਦਿੱਤੀ ਹੈ।” ਰਿਪੋਰਟ ਅਨੁਸਾਰ ਧਾਲੀਵਾਲ ਦੇ ਪਿਤਾ ਨੇ ਕਿਹਾ, ”ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।”
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …