Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਬੀਤੇ ਸਾਲ ਦੌਰਾਨ 4,37,000 ਪਰਵਾਸੀ ਪੁੱਜੇ

ਕੈਨੇਡਾ ‘ਚ ਬੀਤੇ ਸਾਲ ਦੌਰਾਨ 4,37,000 ਪਰਵਾਸੀ ਪੁੱਜੇ

2022 ‘ਚ ਰਿਕਾਰਡ ਗਿਣਤੀ ‘ਚ ਵਿਅਕਤੀਆਂ ਨੂੰ ਪੀਆਰ ਦਿੱਤੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਹੈ ਕਿ ਬੀਤੇ ਸਾਲ ਦੌਰਾਨ ਪਰਵਾਸੀਆਂ ਦੀ ਆਮਦ ‘ਚ ਰਿਕਾਰਡ ਤੋੜ ਵਾਧਾ ਹੋਇਆ ਹੈ ਅਤੇ 4,37,000 ਵਿਦੇਸ਼ੀਆਂ ਨੂੰ ਦੇਸ਼ ‘ਚ ਪੱਕੇ ਤੌਰ ‘ਤੇ ਵਸੇਬਾ ਕਰਨ ਦਾ ਮੌਕਾ ਮਿਲਿਆ ਹੈ ਸਰਕਾਰ ਵਲੋਂ 2022 ਦਾ ਟੀਚਾ 4,31,645 ਪੱਕੇ ਪਰਵਾਸੀ ਲਿਆਉਣ ਦਾ ਮਿਥਿਆ ਗਿਆ ਸੀ ਪਰ ਮੰਤਰੀ ਫਰੇਜ਼ਰ ਨੇ ਕਿਹਾ ਕਿ ਪਿਛਲੇ ਸਾਲ ‘ਚ ਬੀਤੇ ਸਾਰੇ ਸਮਿਆਂ ਨਾਲੋਂ ਵੱਧ ਪਰਵਾਸੀ ਪੱਕੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 2023 ਦੌਰਾਨ ਵੀ ਵਿਦੇਸ਼ਾਂ ਤੋਂ ਲੋਕਾਂ ਦੀ ਆਮਦ ਜਾਰੀ ਰਹੇਗੀ ਅਤੇ ਅਗਲੇ ਸਾਲਾਂ ਦੇ ਪੱਕੇ ਵੀਜੇ ਜਾਰੀ ਕਰਨ ਦੇ ਟੀਚੇ ਹਾਸਲ ਕੀਤੇ ਜਾਣਗੇ। ਇਸੇ ਦੌਰਾਨ ਕੈਨੇਡਾ ‘ਚ ਵਿਦੇਸ਼ੀ ਨੌਜਵਾਨ ਪੜ੍ਹਾਈ ਕਰਨ ਵੀ ਪੁੱਜ ਰਹੇ ਹਨ। 2022 ‘ਚ 30 ਨਵੰਬਰ ਤੱਕ ਸਟੱਡੀ ਪਰਮਿਟ ਦੀਆਂ ਲਗਭਗ 6,70,000 ਅਰਜੀਆਂ ਨਿਪਟਾਈਆਂ ਗਈਆਂ ਸਨ, ਜਦਕਿ 2021 ‘ਚ ਇਸੇ ਸਮੇਂ ਦੌਰਾਨ 5 ਲੱਖ ਅਰਜ਼ੀਆਂ ਦਾ ਅੰਤਿਮ ਫੈਸਲਾ ਕੀਤਾ ਗਿਆ ਸੀ। ਇਹ ਵੀ ਕਿ ਵੱਡੀ ਗਿਣਤੀ ‘ਚ ਸਟੱਡੀ ਪਰਮਿਟ ਦੀ ਨਵੀਂ ਅਰਜ਼ੀ ਦਾ ਨਿਪਟਾਰਾ ਦੋ ਮਹੀਨਿਆਂ ਅੰਦਰ ਕਰ ਦਿੱਤਾ ਜਾਂਦਾ ਹੈ। ਮੰਤਰੀ ਫਰੇਜ਼ਰ ਨੇ ਆਖਿਆ ਹੈ ਕਿ 2022 ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਜਾਰੀ ਕਰਨ ਦਾ ਇਕ ਨਵਾਂ ਰਿਕਾਰਡ ਸਥਾਪਤ ਹੋਇਆ ਹੈ।
30 ਨਵੰਬਰ ਤੱਕ 700000 ਦੇ ਕਰੀਬ ਵਿਦੇਸ਼ੀ ਕਾਮਿਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਦਾ ਫੈਸਲਾ ਕੀਤਾ ਗਿਆ ਸੀ, ਜੋ ਕਿ ਬੀਤੇ ਤਿੰਨ ਸਾਲਾਂ ਦੌਰਾਨ ਲਗਭਗ ਤਿੰਨ ਗੁਣਾ ਵੱਧ ਹੈ। ਕੈਨੇਡਾ ‘ਚ ਇਸ ਸਮੇਂ 6,40,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਹਨ, ਜਿਨ੍ਹਾਂ ਕੋਲ ਵਰਕ ਪਰਮਿਟ ਹਨ ਇਸੇ ਦੌਰਾਨ ਕੈਨੇਡਾ ਦੇ ਸੈਲਾਨੀ ਵੀਜਾ ਦੀਆਂ ਅਰਜੀਆਂ ਦੇ ਨਿਪਟਾਰੇ ‘ਚ ਵੀ ਤੇਜ਼ੀ ਆਈ ਹੋਈ ਹੈ, ਜਿਸ ਤਹਿਤ ਹਰੇਕ ਮਹੀਨੇ ਦੋ ਲੱਖ ਤੋਂ ਵੱਧ ਅਰਜੀਆਂ ਦਾ ਫੈਸਲਾ ਕੀਤਾ ਜਾਂਦਾ ਹੈ। ਮੰਤਰੀ ਫਰੇਜ਼ਰ ਨੇ ਆਖਿਆ ਐਕਸਪ੍ਰੈਸ ਐਂਟਰੀ ਦੇ ਡਰਾਅ ਤੋਂ ਬਾਅਦ ਪੱਕੇ ਵੀਜੇ ਦੀ ਅਰਜ਼ੀ ਦਾ ਨਿਪਟਾਰਾ ਛੇ ਕੁ ਮਹੀਨਿਆਂ ‘ਚ ਅਤੇ ਵਿਆਹ ਦੇ ਕੇਸਾਂ ਦਾ ਨਿਪਟਾਰਾ ਇਕ ਸਾਲ ਦੇ ਸਮੇਂ ਦੌਰਾਨ ਕੀਤਾ ਜਾ ਰਿਹਾ ਹੈ। ਬੀਤੇ ਸੱਤ ਕੁ ਮਹੀਨਿਆਂ ਦੌਰਾਨ ਕਰੀਬ 2,51,000 ਵਿਦੇਸ਼ੀ ਨਾਗਰਿਕਾਂ ਵਲੋਂ ਕੈਨੇਡਾ ਦੀ ਨਾਗਰਿਕਤਾ ਵੀ ਪ੍ਰਾਪਤ ਕੀਤੀ ਗਈ ਹੈ ਅਤੇ ਨਾਗਰਿਕਤਾ ਦੀ ਨਵੀਂ ਅਰਜ਼ੀ ਦਾ ਨਿਪਟਾਰਾ ਕਰਨ ਨੂੰ ਲਗਭਗ ਦੋ ਸਾਲ ਲੱਗ ਰਹੇ ਹਨ। ਜਾਣਕਾਰੀ ਅਨੁਸਾਰ ਅਜੇ ਵੀ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਕੋਲ ਲਗਭਗ 22 ਲੱਖ ਅਰਜੀਆਂ ਪਈਆਂ ਹਨ, ਜਿਨ੍ਹਾਂ ਦਾ ਫੈਸਲਾ ਅਗਲੇ ਮਹੀਨਿਆਂ ਦੌਰਾਨ ਕੀਤਾ ਜਾਵੇਗਾ।

 

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …