Breaking News
Home / ਹਫ਼ਤਾਵਾਰੀ ਫੇਰੀ / ਚੋਣਾਂ ਦੌਰਾਨ ਮਰਯਾਦਾ ਦੀ ਪਾਲਣਾ ਨਹੀਂ ਕੀਤੀ ਗਈ : ਮੋਹਨ ਭਾਗਵਤ

ਚੋਣਾਂ ਦੌਰਾਨ ਮਰਯਾਦਾ ਦੀ ਪਾਲਣਾ ਨਹੀਂ ਕੀਤੀ ਗਈ : ਮੋਹਨ ਭਾਗਵਤ

ਵਿਰੋਧੀ ਧਿਰਾਂ ਨੂੰ ਮਹਿਜ਼ ‘ਵਿਰੋਧੀ’ ਨਾ ਸਮਝਣ ਲਈ ਕਿਹਾ
ਨਾਗਪੁਰ/ਬਿਊਰੋ ਨਿਊਜ਼ : ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੀਆਂ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਕਈ ਸਿਆਸੀ ਪਾਰਟੀਆਂ ਨੇ ‘ਆਦਰਸ਼ ਚੋਣ ਜ਼ਾਬਤੇ’ ਦੀ ਉਲੰਘਣਾ ਕੀਤੀ। ਭਾਗਵਤ ਨੇ ਕਿਹਾ ਕਿ ਜਮਹੂਰੀਅਤ ਵਿਚ ਵਿਰੋਧੀ ਧਿਰਾਂ ਨੂੰ ਸਿਰਫ ‘ਵਿਰੋਧੀ’ ਨਾ ਸਮਝਿਆ ਜਾਵੇ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ। ਭਾਗਵਤ ਆਰਐੱਸਐੱਸ ਵਰਕਰਾਂ ਦੀ ਡਿਵੈਲਪਮੈਂਟ ਕਲਾਸ ਦੇ ਸਮਾਪਤੀ ਸਮਾਗਮ ਨੂੰ ਨਾਗਪੁਰ ‘ਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ”ਚੋਣਾਂ ਜਮਹੂਰੀਅਤ ਦਾ ਜ਼ਰੂਰੀ ਅਮਲ ਹਨ। ਚੋਣ ਲੜਨ ਦੀ ਵੀ ਇਕ ਮਾਣ-ਮਰਯਾਦਾ ਹੁੰਦੀ ਹੈ, ਜਿਸ ਦਾ ਇਨ੍ਹਾਂ ਚੋਣਾਂ ਵਿਚ ਸਤਿਕਾਰ ਨਹੀਂ ਕੀਤਾ ਗਿਆ। ਸਾਡੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਅਜੇ ਖ਼ਤਮ ਨਹੀਂ ਹੋਈਆਂ।”
ਆਰਐੱਸਐੱਸ ਮੁਖੀ ਨੇ ਸਰਬਸੰਮਤੀ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਮਹੂਰੀਅਤ ਵਿਚ ਮੁਕਾਬਲੇਬਾਜ਼ੀ ਹੁੰਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਦੂਜਿਆਂ ਨੂੰ ਪਿਛਾਂਹ ਧੱਕੀਏ। ਉਨ੍ਹਾਂ ਕਿਹਾ, ”ਹਰੇਕ ਵਿਅਕਤੀ ਦੀ ਵਿਚਾਰਧਾਰਾ ਤੇ ਅੰਤ੍ਵਾਕਰਨ ਵੱਖੋ ਵੱਖਰਾ ਹੈ, ਜਿਸ ਕਰਕੇ ਇਕ ਦੂਜੇ ਨਾਲ ਵਿਚਾਰ ਮੇਲ ਨਹੀਂ ਖਾ ਸਕਦੇ। ਪਰ ਜਦੋਂ ਸਮਾਜ ਦੇ ਲੋਕ ਵੱਖੋ ਵੱਖਰੀ ਵਿਚਾਰਧਾਰਾ ਦੇ ਬਾਵਜੂਦ ਮਿਲ ਕੇ ਅੱਗੇ ਵਧਣ ਦਾ ਫੈਸਲਾ ਕਰਦੇ ਹਨ ਤਾਂ ਫਿਰ ਪਰਸਪਰ ਸਹਿਮਤੀ ਬਣਦੀ ਹੈ। ਸੰਸਦ ਵਿਚ ਦੋ ਧਿਰਾਂ ਹਨ ਤੇ ਇਨ੍ਹਾਂ ਦੋਵਾਂ ਤੋਂ ਪਰਦਾ ਉੱਠ ਗਿਆ ਹੈ। ਜਦੋਂ ਦੋ ਵਿਅਕਤੀ ਮੁਕਾਬਲੇ ਵਿਚ ਹੋਣ ਤਾਂ ਉਨ੍ਹਾਂ ਵਿਚ ਸਹਿਮਤੀ ਬਣਾਉਣਾ ਥੋੜ੍ਹਾ ਮੁਸ਼ਕਲ ਹੈ। ਇਹੀ ਵਜ੍ਹਾ ਹੈ ਕਿ ਅਸੀਂ ਬਹੁਮਤ ਦੀ ਆਸ ਕਰਦੇ ਹਾਂ। ਮੁਕਾਬਲਾ ਜ਼ਰੂਰ ਹੈ, ਪਰ ਪਰਸਪਰ ਜੰਗ ਨਹੀਂ।” ਉਨ੍ਹਾਂ ਕਿਹਾ, ”ਜਿਸ ਢੰਗ ਨਾਲ ਅਸੀਂ ਇਕ ਦੂਜੇ ਦੀ ਨੁਕਤਾਚੀਨੀ ਕਰਨ ਲੱਗੇ ਹਾਂ, ਜਿਸ ਤਰੀਕੇ ਨਾਲ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ, ਉਸ ਨਾਲ ਸਮਾਜ ਵਿਚ ਮਤਭੇਦ ਵਧਿਆ ਹੈ, ਦੋ ਸਮੂਹ ਵੰਡੇ ਗਏ। ਸ਼ੱਕ ਸ਼ੁਬ੍ਹੇ ਪੈਦਾ ਕੀਤੇ ਗਏ। ਸੰਘ ਮੁਖੀ ਨੇ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਚੋਣਾਂ ਦੌਰਾਨ ਮਰਿਯਾਦਾ ਦੀ ਪਾਲਣਾ ਜ਼ਰੂਰੀ ਸੀ।

 

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …