Breaking News
Home / ਹਫ਼ਤਾਵਾਰੀ ਫੇਰੀ / ਭਾਰਤ-ਚੀਨ ‘ਚ ਸਮਝੌਤੇ ਦੇ ਬਣੇ ਆਸਾਰ

ਭਾਰਤ-ਚੀਨ ‘ਚ ਸਮਝੌਤੇ ਦੇ ਬਣੇ ਆਸਾਰ

ਭਾਰਤ ਅਤੇ ਚੀਨ 30 ਫੀਸਦੀ ਫੌਜਾਂ ਨੂੰ ਬੁਲਾਏਗਾ ਵਾਪਸ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਵਿਚ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਸਰਹੱਦੀ ਟਕਰਾਅ ਦੇ ਛੇਤੀ ਹੱਲ ਹੋਣ ਦੇ ਆਸਾਰ ਬਣ ਗਏ ਹਨ। ਸੂਤਰਾਂ ਨੇ ਕਿਹਾ ਕਿ ਦੋਵੇਂ ਮੁਲਕ ਟਕਰਾਅ ਵਾਲੇ ਅਹਿਮ ਸਥਾਨਾਂ ਤੋਂ ਫ਼ੌਜ ਅਤੇ ਹਥਿਆਰ ਸਮਾਂ-ਬੱਧ ਢੰਗ ਨਾਲ ਪਿੱਛੇ ਹਟਾਉਣ ਲਈ ਤਿੰਨ ਪੜਾਵੀ ਪ੍ਰਕਿਰਿਆ ‘ਤੇ ਸਹਿਮਤ ਹੋ ਗਏ ਹਨ। ਜਾਣਕਾਰੀ ਮਿਲੀ ਹੈ ਕਿ ਬਖ਼ਤਰਬੰਦ ਵਾਹਨਾਂ ਨੂੰ ਪਿੱਛੇ ਹਟਾਉਣ, ਪੈਂਗੌਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਜਵਾਨਾਂ ਦੀ ਵਾਪਸੀ ਅਤੇ ਇਸ ਦੀ ਤਸਦੀਕ ਬਾਰੇ ਤਜਵੀਜ਼ ਸ਼ਾਮਲ ਹੈ। ਸਮਝੌਤੇ ‘ਤੇ ਸਹੀ ਪੈਣ ਦੇ ਇਕ ਦਿਨ ਅੰਦਰ ਹੀ ਤਜਵੀਜ਼ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਫੌਜਾਂ ਬਾਰੇ ਪੁਰਾਣੀ ਸਥਿਤੀ ਬਹਾਲ ਕਰਨ ਦੀ ਤਜਵੀਜ਼ ਨੂੰ ਅੰਤਿਮ ਰੂਪ ਭਾਰਤ ਅਤੇ ਚੀਨ ਵਿਚਕਾਰ 6 ਨਵੰਬਰ ਨੂੰ ਚੁਸ਼ੂਲ ਵਿਚ ਹੋਈ ਫ਼ੌਜੀ ਪੱਧਰ ਦੀ ਉੱਚ ਪੱਧਰੀ ਬੈਠਕ ਦੌਰਾਨ ਦਿੱਤਾ ਗਿਆ। ਸੂਤਰਾਂ ਨੇ ਕਿਹਾ ਕਿ ਭਾਰਤੀ ਫ਼ੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਕੋਰ ਕਮਾਂਡਰਾਂ ਦੀ ਅਗਲੇ ਗੇੜ ਦੀ ਵਾਰਤਾ ਦੌਰਾਨ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾ ਸਕਦੇ ਹਨ ਕਿਉਂਕਿ ਤਜਵੀਜ਼ਾਂ ਨਾਲ ਦੋਵੇਂ ਮੁਲਕ ਸਹਿਮਤ ਹਨ। ਫ਼ੌਜੀ ਪੱਧਰ ਦੀ 9ਵੇਂ ਗੇੜ ਦੀ ਵਾਰਤਾ ਅਗਲੇ ਕੁਝ ਦਿਨਾਂ ‘ਚ ਹੋਣ ਦੀ ਸੰਭਾਵਨਾ ਹੈ। ਹੁਣ ਤੱਕ ਦੀ ਹੋਈ ਵਾਰਤਾ ਦੌਰਾਨ ਕੋਈ ਢੁੱਕਵਾਂ ਹੱਲ ਨਾ ਨਿਕਲਣ ਕਾਰਨ ਪੂਰਬੀ ਲੱਦਾਖ ‘ਚ ਵੱਖ-ਵੱਖ ਚੋਟੀਆਂ ‘ਤੇ ਬਰਫ਼ੀਲੇ ਹਾਲਾਤ ઠ’ਚ ਭਾਰਤੀ ਫ਼ੌਜ ਦੇ ਕਰੀਬ 50 ਹਜ਼ਾਰ ਜਵਾਨ ਡਟੇ ਹੋਏ ਹਨ। ਅਧਿਕਾਰੀਆਂ ਮੁਤਾਬਕ ਚੀਨ ਨੇ ਵੀ ਇੰਨੇ ਹੀ ਫ਼ੌਜੀ ਤਾਇਨਾਤ ਕੀਤੇ ਹੋਏ ਹਨ।ઠ
ਸੂਤਰਾਂ ਨੇ ਕਿਹਾ ਕਿ ਪਹਿਲੇ ਕਦਮ ਵਜੋਂ ਦੋਵੇਂ ਮੁਲਕ ਸਮਝੌਤੇ ‘ਤੇ ਦਸਤਖ਼ਤ ਦੇ ਤਿੰਨ ਦਿਨਾਂ ਅੰਦਰ ਹੀ ਆਪਣੇ ਟੈਂਕ, ਤੋਪਾਂ, ਬਖ਼ਤਰਬੰਦ ਵਾਹਨ ਅਤੇ ਹੋਰ ਸਾਜ਼ੋ ਸਾਮਾਨ ਅਸਲ ਕੰਟਰੋਲ ਰੇਖਾ ‘ਤੇ ਟਕਰਾਅ ਵਾਲੇ ਸਥਾਨਾਂ ਤੋਂ ਪਿੱਛੇ ਆਪਣੇ ਅੱਡਿਆਂ ‘ਤੇ ਲੈ ਜਾਣਗੇ। ਦੂਜੇ ਕਦਮ ਤਹਿਤ ਪੀਐੱਲਏ ਪੈਂਗੌਂਗ ਝੀਲ ਦੇ ਉੱਤਰੀ ਕੰਢੇ ‘ਤੇ ਫਿੰਗਰ 4 ਇਲਾਕੇ ਵਿਚੋਂ ਪਿੱਛੇ ਫਿੰਗਰ 8 ਇਲਾਕਿਆਂ ‘ਚ ਪਰਤ ਜਾਵੇਗੀ, ਜਦਕਿ ਭਾਰਤੀ ਜਵਾਨ ਧਨ ਸਿੰਘ ਥਾਪਾ ਚੌਕੀ ਨੇੜੇ ਪਹੁੰਚ ਜਾਣਗੇ। ਸੂਤਰਾਂ ਨੇ ਕਿਹਾ ਕਿ ਤਿੰਨ ਦਿਨਾਂ ਤੱਕ ਰੋਜ਼ ਕਰੀਬ 30 ਫ਼ੀਸਦੀ ਸੈਨਿਕਾਂ ਦੀ ਵਾਪਸੀ ‘ਤੇ ਸਹਿਮਤੀ ਬਣੀ ਹੈ। ਤੀਜੇ ਕਦਮ ਤਹਿਤ ਪੈਂਗੌਂਗ ਦੇ ਦੱਖਣੀ ਕੰਢੇ ‘ਤੇ ਪੈਂਦੇ ਰਿਜ਼ਾਂਗ ਲਾ, ਮੁਖਪਰੀ ਅਤੇ ਮਗਰ ਹਿੱਲ ਵਰਗੇ ਇਲਾਕਿਆਂ ਵਿਚੋਂ ਮੁਕੰਮਲ ਤੌਰ ‘ਤੇ ਫ਼ੌਜਾਂ ਦੀ ਵਾਪਸੀ ਹੋਵੇਗੀ। ਉੱਚ ਪੱਧਰੀ ਸੂਤਰਾਂ ਨੇ ਕਿਹਾ ਕਿ ਇਹ ਅਜੇ ਤਜਵੀਜ਼ਾਂ ਹਨ ਅਤੇ ਇਸ ਬਾਰੇ ਹਾਲੇ ਕਿਸੇ ਸਮਝੌਤੇ ‘ਤੇ ਦਸਤਖ਼ਤ ਨਹੀਂ ਹੋਏ ਹਨ। ਫੌਜਾਂ ਦੀ ਵਾਪਸੀ ਦੇ ਅਮਲ ਦੇ ਆਖਰੀ ਪੜਾਅ ਤਹਿਤ ਦੋਵੇਂ ਮੁਲਕ ਇਲਾਕਿਆਂ ਦੀ ਤਸਦੀਕ ਕਰਨਗੇ ਜਿਸ ਮਗਰੋਂ ਆਮ ਗਸ਼ਤ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਮਝਿਆ ਜਾ ਰਿਹਾ ਹੈ ਕਿ ਸਿਖਰਲੇ ਫ਼ੌਜੀ ਅਧਿਕਾਰੀਆਂ ਨੇ ਪੂਰਬੀ ਲੱਦਾਖ ‘ਚ ਤਣਾਅ ਘਟਾਉਣ ਲਈ ਅੱਠਵੇਂ ਗੇੜ ਦੀ ਵਾਰਤਾ ਤੋਂ ਪਹਿਲਾਂ ਤਜਵੀਜ਼ਾਂ ‘ਤੇ ਵਿਚਾਰ ਕੀਤਾ ਸੀ। ਤਜਵੀਜ਼ ਤਹਿਤ ਫਿੰਗਰ 4 ਅਤੇ 8 ਦੇ ਇਲਾਕਿਆਂ ਵਿਚਕਾਰ ਉਦੋਂ ਤੱਕ ਕੋਈ ਗਸ਼ਤ ਨਹੀਂ ਹੋਵੇਗੀ ਜਦੋਂ ਤੱਕ ਕਿ ਵਿਵਾਦ ਸੁਲਝ ਨਹੀਂ ਜਾਂਦਾ ਹੈ। ਭਾਰਤੀ ਫ਼ੌਜੀ ਫਿੰਗਰ 8 ਤੱਕ ਗਸ਼ਤ ਕਰਦੇ ਸਨ।ઠ

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …