Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਕੰਮ ਕਰਨ ਦੇ ਘੰਟੇ ਸੀਮਿਤ ਹੋਣ ਕਾਰਨ ਮੁਸ਼ਕਲ ‘ਚ ਆਏ ਭਾਰਤੀ ਵਿਦਿਆਰਥੀ

ਕੈਨੇਡਾ ‘ਚ ਕੰਮ ਕਰਨ ਦੇ ਘੰਟੇ ਸੀਮਿਤ ਹੋਣ ਕਾਰਨ ਮੁਸ਼ਕਲ ‘ਚ ਆਏ ਭਾਰਤੀ ਵਿਦਿਆਰਥੀ

ਕੋਵਿਡ ਦੇ ਦੌਰਾਨ ਦਿੱਤੀ ਗਈ ਛੋਟ ਵਾਪਸ ਲਈ ਕੈਨੇਡਾ ਸਰਕਾਰ ਨੇ
ਕਿਰਾਏ ਅਤੇ ਮਹਿੰਗਾਈ ਵਧਣ ਨਾਲ ਖਰਚ ਵੀ ਵਧਿਆ
ਹੁਣ ਭਾਰਤ ਤੋਂ ਪਰਿਵਾਰਾਂ ਨੂੰ ਜ਼ਿਆਦਾ ਖਰਚਾ ਭੇਜਣਾ ਪਵੇਗਾ ਆਪਣੇ ਬੱਚਿਆਂ ਨੂੰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ 24 ਘੰਟੇ ਪ੍ਰਤੀ ਹਫਤਾ ਕੰਮ ਕਰਨ ਦੀ ਸੀਮਾ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸਤੰਬਰ ਮਹੀਨੇ ਤੋਂ ਇਸ ਨੂੰ ਲਾਗੂ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਕੈਨੇਡਾ ਨੇ ਕੋਵਿਡ ਦੇ ਦੌਰਾਨ ਲੇਬਰ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਵਿਦਿਆਰਥੀਆਂ ਤੋਂ ਇਹ ਸੀਮਾ ਹਟਾ ਦਿੱਤੀ ਗਈ ਸੀ। ਪਰ ਲੰਘੇ ਛੇ ਮਹੀਨਿਆਂ ਤੋਂ ਕੈਨੇਡਾ ਲਗਾਤਾਰ ਇਮੀਗਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਅਤੇ ਹੁਣ ਵਿਦਿਆਰਥੀਆਂ ‘ਤੇ ਵੀ ਸਖਤੀ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀ ਸੰਖਿਆ ਸੀਮਤ ਕਰਨ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਕੈਂਪਸ ਵਿਚ ਜ਼ਿਆਦਾ ਸਮੇਂ ਤੱਕ ਰੱਖਿਆ ਜਾਵੇਗਾ।
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟੇ ਸੀਮਤ ਕਰਕੇ ਉਸ ਨੂੰ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਵਿਚ ਮੱਦਦ ਕਰਨਾ ਚਾਹੁੰਦੇ ਹਾਂ। ਇਸਦੇ ਨਾਲ ਹੀ ਉਹ 24 ਘੰਟੇ ਅਜੇ ਵੀ ਕੰਮ ਕਰ ਸਕਦੇ ਹਨ। ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਉਹ ਹੁਣ ਸਿਰਫ 24 ਘੰਟੇ ਪ੍ਰਤੀ ਹਫਤਾ ਹੀ ਕੰਮ ਕਰ ਸਕਣਗੇ। ਬਾਕੀ ਦੇ ਖਰਚੇ ਦੇ ਲਈ ਉਨ੍ਹਾਂ ਆਪਣੇ ਪੱਧਰ ‘ਤੇ ਪ੍ਰਬੰਧ ਕਰਨਾ ਹੋਵੇਗਾ।
ਰਹਿਣ ਦਾ ਖਰਚਾ ਵੀ ਵਧਿਆ : ਪਿਛਲੇ ਸਾਲਾਂ ਵਿੱਚ ਕੈਨੇਡਾ ਦੇ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ ਆਦਿ ਸ਼ਹਿਰਾਂ ਵਿੱਚ ਰਹਿਣ-ਸਹਿਣ ਦੇ ਖਰਚੇ ਵੀ ਕਾਫੀ ਵਧ ਗਏ ਹਨ ਅਤੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਵੀ ਮਹਿੰਗਾਈ ਹੋਈ ਹੈ। ਅਜਿਹੇ ‘ਚ ਪਿਛਲੇ ਤਿੰਨ ਸਾਲਾਂ ਵਿਚ ਉਨ੍ਹਾਂ ਦੇ ਖਰਚੇ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਹਨ। ਹੁਣ ਜੇਕਰ ਉਨ੍ਹਾਂ ਦੇ ਕੰਮ ਦੇ ਘੰਟੇ ਵੀ ਘਟਾਏ ਜਾਂਦੇ ਹਨ ਤਾਂ ਇਹ ਉਨ੍ਹਾਂ ਲਈ ਦੋਹਰੀ ਮੁਸੀਬਤ ਬਣ ਜਾਵੇਗਾ। ਟੋਰਾਂਟੋ ਕਾਲਜ ‘ਚ ਬਿਜ਼ਨੈੱਸ ਮੈਨੇਜਮੈਂਟ ਕਰ ਰਹੇ ਇਕ ਵਿਦਿਆਰਥੀ ਦਾ ਕਹਿਣਾ ਸੀ ਕਿ ਪੜ੍ਹਾਈ ‘ਤੇ ਧਿਆਨ ਦੇਣਾ ਜ਼ਰੂਰੀ ਹੈ ਪਰ ਇਸ ਨਵੇਂ ਨਿਯਮ ਨਾਲ ਉਨ੍ਹਾਂ ਲਈ ਆਪਣੇ ਖਰਚੇ ਪੂਰੇ ਕਰਨੇ ਮੁਸ਼ਕਿਲ ਹੋ ਜਾਣਗੇ। ਕਈ ਵਿਦਿਆਰਥੀ ਤਿੰਨ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ, ਹੁਣ ਉਨ੍ਹਾਂ ਦੇ ਕੰਮ ਵਿੱਚ ਵਿਰਾਮ ਲੱਗੇਗਾ ਅਤੇ ਉਨ੍ਹਾਂ ਲਈ ਫੀਸਾਂ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਜਾਵੇਗਾ।
ਪੂਰੇ ਸਿਸਟਮ ਨੂੰ ਸਹੀ ਕਰਨਾ ਚਾਹੁੰਦਾ ਹੈ ਕੈਨੇਡਾ : ਕੈਨੇਡਾ ਵਿਚ ਇਮੀਗ੍ਰੇਸ਼ਨ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਕੈਨੇਡੀਅਨ ਸਿੱਖਿਆ ਅਤੇ ਲੇਬਰ ਖੇਤਰ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਇਹ ਕੈਨੇਡੀਅਨ ਨੌਜਵਾਨਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਵੀ ਚਾਹੁੰਦੀ ਹੈ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਮੌਜੂਦਗੀ ਕਾਰਨ ਕਾਫੀ ਸੀਮਤ ਹੋ ਗਏ ਹਨ। ਹਫਤੇ ਵਿੱਚ ਤਿੰਨ ਸ਼ਿਫਟਾਂ ਵਿੱਚ ਕੰਮ ਕਰਨਾ ਕਿਰਾਇਆ, ਕਰਿਆਨੇ ਅਤੇ ਟਿਊਸ਼ਨ ਦਾ ਭੁਗਤਾਨ ਕਰਨ ਲਈ ਕਾਫ਼ੀ ਨਹੀਂ ਹੋਵੇਗਾ।
30 ਅਪ੍ਰੈਲ ਤੋਂ ਖਤਮ ਹੋ ਗਈ ਹੈ ਇਹ ਛੋਟ : ਕੈਨੇਡਾ ‘ਚ ਵਿਦਿਆਰਥੀਆਂ ਨੂੰ ਕੰਮ ਕਰਨ ਲਈ ਦਿੱਤੀ ਗਈ ਛੋਟ 30 ਅਪ੍ਰੈਲ ਨੂੰ ਖਤਮ ਹੋ ਗਈ ਸੀ ਪਰ ਉਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਅਤੇ ਹੋਰ ਕਾਰਨਾਂ ਕਰਕੇ ਕੰਮ ਦੇ ਘੰਟਿਆਂ ‘ਤੇ ਕੋਈ ਰੋਕ ਨਹੀਂ ਸੀ। ਪਰ ਹੁਣ ਇਨ੍ਹਾਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਕੈਨੇਡਾ ‘ਚ 2 ਲੱਖ ਤੋਂ ਜ਼ਿਆਦਾ ਪੰਜਾਬੀ ਵਿਦਿਆਰਥੀ : ਕੈਨੇਡਾ ਵਿੱਚ ਇਸ ਵੇਲੇ 4 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਹਨ ਅਤੇ ਇਨ੍ਹਾਂ ਵਿੱਚੋਂ 2 ਲੱਖ ਦੇ ਕਰੀਬ ਇਕੱਲੇ ਪੰਜਾਬ ਦੇ ਹਨ। ਇਹ ਵਿਦਿਆਰਥੀ ਛੋਟੇ-ਛੋਟੇ ਦਫ਼ਤਰਾਂ, ਸਟੋਰਾਂ ਅਤੇ ਡਿਲੀਵਰੀ ਆਦਿ ਵਿੱਚ ਕੰਮ ਕਰਕੇ ਕੈਨੇਡਾ ਵਿੱਚ ਮਜ਼ਦੂਰੀ ਦੀ ਮੰਗ ਪੂਰੀ ਕਰਦੇ ਹਨ ਅਤੇ ਟੈਕਸ ਵੀ ਅਦਾ ਕਰਦੇ ਹਨ। ਇਸ ਦੇ ਨਾਲ, ਉਹ ਆਪਣੀ ਟਿਊਸ਼ਨ ਫੀਸ, ਕਿਰਾਏ ਅਤੇ ਖਾਣ-ਪੀਣ ਦੇ ਖਰਚਿਆਂ ਦਾ ਵੀ ਪ੍ਰਬੰਧਨ ਕਰਦੇ ਹਨ। ਅਜਿਹੇ ਵਿਚ ਜੇਕਰ ਉਨ੍ਹਾਂ ਦੇ ਕੰਮ ਦੇ ਘੰਟੇ ਸੀਮਤ ਹੁੰਦੇ ਹਨ ਤਾਂ ਇਸ ਦਾ ਬਹੁਤ ਜ਼ਿਆਦਾ ਅਸਰ ਪਵੇਗਾ। ਇਸਦੇ ਚੱਲਦਿਆਂ ਆਉਣ ਵਾਲੇ ਸਾਲਾਂ ਵਿੱਚ ਕੈਨੇਡੀਅਨ ਸਟੱਡੀ ਵੀਜ਼ਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਜਾਵੇਗੀ ਅਤੇ ਕੈਨੇਡੀਅਨ ਕਾਲਜਾਂ ਲਈ ਆਪਣੇ ਖਰਚੇ ਪੂਰੇ ਕਰਨੇ ਔਖੇ ਹੋ ਜਾਣਗੇ।
ਪੰਜਾਬੀ ਵਿਦਿਆਰਥੀ ਹੋਏ ਚਿੰਤਤ
ਪੰਜਾਬੀ ਵਿਦਿਆਰਥੀ, ਖਾਸ ਕਰਕੇ ਪੰਜਾਬ ਦੇ ਵਿਦਿਆਰਥੀ, ਨਵੇਂ ਨਿਯਮ ਤੋਂ ਜ਼ਿਆਦਾ ਚਿੰਤਤ ਹਨ। ਪੰਜਾਬ ਦੇ ਵਿਦਿਆਰਥੀਆਂ ਨੇ ਮੁੱਖ ਤੌਰ ‘ਤੇ ਪੀ.ਆਰ. ਲਈ ਕੈਨੇਡਾ ਵਿੱਚ ਪੜ੍ਹਨਾ ਚੁਣਿਆ ਹੈ ਅਤੇ ਕਰੀਬ 60 ਪ੍ਰਤੀਸ਼ਤ ਵਿਦਿਆਰਥੀ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਆਦਿ ਕਰ ਰਹੇ ਹਨ। ਜ਼ਿਆਦਾਤਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੇ ਕਰਜ਼ਾ ਆਦਿ ਲੈ ਕੇ ਭੇਜਿਆ ਹੈ। ਉਨ੍ਹਾਂ ਲਈ ਹਫ਼ਤੇ ਵਿੱਚ 50-60 ਘੰਟੇ ਕੰਮ ਕਰਕੇ ਹੀ ਖਰਚੇ ਪੂਰੇ ਕੀਤੇ ਜਾ ਸਕਦੇ ਹਨ। ਅਜਿਹੇ ‘ਚ ਜੇਕਰ ਸਖਤੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਖਰਚੇ ਲਈ ਆਪਣੇ ਪਰਿਵਾਰ ਤੋਂ ਪੈਸੇ ਲੈਣੇ ਪੈਣਗੇ।

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …