Breaking News
Home / ਪੰਜਾਬ / ਫ਼ਾਰਗ ਕੀਤੇ ਪੰਜ ਪਿਆਰਿਆਂ ਵੱਲੋਂ ਵੱਖਰਾ ਦਫ਼ਤਰ ਸਥਾਪਤ

ਫ਼ਾਰਗ ਕੀਤੇ ਪੰਜ ਪਿਆਰਿਆਂ ਵੱਲੋਂ ਵੱਖਰਾ ਦਫ਼ਤਰ ਸਥਾਪਤ

11006cd-_Panj-Pyaras10616amritsar-vishal5ਸਾਕਾ ਨੀਲਾ ਤਾਰਾ ਵੇਲੇ ਚੁੱਕੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਖਜ਼ਾਨੇ ਨੂੰ ਵਾਪਸ ਲਿਆਉਣ ਲਈ ਯੂ ਐਨ ਓ ਤੱਕ ਪਹੁੰਚ ਕਰਨ ਦਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਕੀਤੇ ਗਏ ਪੰਜ ਪਿਆਰਿਆਂ ਨੇ ਧਰਮ ਪ੍ਰਚਾਰ ਗਤੀਵਿਧੀਆਂ ਵਾਸਤੇ ਵੱਖਰਾ ਦਫਤਰ ਸਥਾਪਤ ਕਰ ਲਿਆ ਹੈ, ਜਿਸ ਦਾ ਪੰਥਕ ਰਵਾਇਤਾਂ ਅਨੁਸਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਪੰਜ ਪਿਆਰਿਆਂ ਨੇ ਐਲਾਨ ਕੀਤਾ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕੇ ਗਏ ਅਨਮੁੱਲੇ ਖ਼ਜ਼ਾਨੇ ਨੂੰ ਵਾਪਸ ਲੈਣ ਲਈ ਯੂ.ਐਨ.ਓ. ਤੱਕ ਪਹੁੰਚ ਕੀਤੀ ਜਾਵੇਗੀ।
ਨਿਊ ਅੰਮ੍ਰਿਤਸਰ ਰਿਹਾਇਸ਼ੀ ਇਲਾਕੇ ਵਿੱਚ ਸਥਾਪਤ ਕੀਤੇ ਗਏ ਦਫਤਰ ਦੇ ਉਦਘਾਟਨ ਵੇਲੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਸਤਨਾਮ ਸਿੰਘ ਨੇ ਸੰਦੇਸ਼ ਜਾਰੀ ਕਰਦਿਆਂ ਆਖਿਆ ਕਿ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਫੌਜੀ ਹਮਲੇ ਨੂੰ 32 ਸਾਲ ਬੀਤ ਚੁੱਕੇ ਹਨ ਪਰ ਇਸ ਦੌਰਾਨ ਭਾਰਤੀ ਫੌਜ ਅਤੇ ਸੀ.ਬੀ.ਆਈ. ਦੋਵਾਂ ਨੇ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦੁਰਲੱਭ ਖ਼ਜ਼ਾਨੇ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸਮੂਹ ਖਾਲਸਾ ਪੰਥ ਅਤੇ ਗੁਰੂ ਘਰ ਦਾ ਸਤਿਕਾਰ ਕਰਨ ਵਾਲੇ ਗੈਰ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਸਬੰਧੀ ਕੋਈ ਜਾਣਕਾਰੀ ਜਾਂ ਦਸਤਾਵੇਜ਼ ਹੈ ਤਾਂ ਉਹ ਪੰਜ ਪਿਆਰਿਆਂ ਕੋਲ ਪੁੱਜਦਾ ਕਰਨ।
ਪੰਜ ਪਿਆਰਿਆਂ ਨੇ ਸੋਸ਼ਲ ਮੀਡੀਆ ‘ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਅਤੇ ਇਤਰਾਜ਼ਯੋਗ ਤਸਵੀਰਾਂ ਰਾਹੀਂ ਅਪਮਾਨ ਕੀਤੇ ਜਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਉਨ੍ਹਾਂ ਪੰਥਕ ਹਿੱਤਾਂ ਦੀ ਖ਼ਾਤਰ ਇੱਕ-ਦੂਜੇ ਖਿਲਾਫ਼ ਅਜਿਹਾ ਪ੍ਰਚਾਰ ਬੰਦ ਕੀਤੇ ਜਾਣ ਦੀ ਅਪੀਲ ਕੀਤੀ। ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਦਫ਼ਤਰ ਖੋਲ੍ਹਣ ਦਾ ਮੁੱਖ ਮੰਤਵ ਦੇਸ਼-ਵਿਦੇਸ਼ ਦੀਆਂ ਸੰਗਤਾਂ ਨਾਲ ਸੰਪਰਕ ਸਥਾਪਤ ਕਰਨਾ, ਮੀਰੀ-ਪੀਰੀ ਦੇ ਸਿਧਾਂਤ ਨੂੰ ਪ੍ਰਚੰਡ ਕਰਨਾ, ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਘੇਰੇ ਨੂੰ ਵਧਾਉਣਾ ਆਦਿ ਹੈ। ਉਨ੍ਹਾਂ ਆਖਿਆ ਕਿ ਸਿੱਖ ਸੰਗਤ ਦੀ ਮੰਗ ‘ਤੇ ਇਹ ਦਫਤਰ ਸਥਾਪਤ ਕੀਤਾ ਗਿਆ ਹੈ।
ਉਨ੍ਹਾਂ ਇਸ ਦਫ਼ਤਰ ਨੂੰ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਦੇ ਬਰਾਬਰ ਹੋਣ ਤੋਂ ਇਨਕਾਰ ਕੀਤਾ ਅਤੇ ਆਖਿਆ ਕਿ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਨਾਲ ਕੋਈ ਬਰਾਬਰੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਵੇਲੇ ਅਕਾਲ ਤਖ਼ਤ ਸਾਹਿਬ ਤੇ ਹੋਰ ਸਿੱਖ ਸੰਸਥਾਵਾਂ ‘ਤੇ ਸਿਧਾਂਤ ਵਿਹੂਣੇ ਵਿਅਕਤੀ ਕਾਬਜ਼ ਹਨ, ਜਿਨ੍ਹਾਂ ਤੋਂ ਇਨ੍ਹਾਂ ਸੰਸਥਾਵਾਂ ਨੂੰ ਮੁਕਤ ਕਰਾਉਣਾ ਜ਼ਰੂਰੀ ਹੈ। ਉਨ੍ਹਾਂ ਸਰਬੱਤ ਖ਼ਾਲਸਾ ਧਿਰਾਂ ਵੱਲੋਂ ਥਾਪੇ ਗਏ ਜਥੇਦਾਰਾਂ ਨਾਲ ਰਲ ਕੇ ਸਾਂਝਾ ਦਫਤਰ ਸਥਾਪਤ ਕਰਨ ਤੋਂ ਨਾਂਹ ਕੀਤੀ ਅਤੇ ਆਖਿਆ ਕਿ ਜਦੋਂ ਤੱਕ ਅਸੂਲਾਂ ਮੁਤਾਬਕ ਸਰਬੱਤ ਖ਼ਾਲਸਾ ਨਹੀਂ ਹੁੰਦਾ, ਉਨ੍ਹਾਂ ਵੱਲੋਂ ਕੋਈ ਮਾਨਤਾ ਨਹੀਂ ਹੈ।
ਇਸ ਮੌਕੇ ਉਹ ਸਿੱਖ ਜਥੇਬੰਦੀਆਂ ਸ਼ਾਮਲ ਸਨ, ਜਿਨ੍ਹਾਂ ਨੇ ਸਰਬੱਤ ਖ਼ਾਲਸਾ ਤੋਂ ਕਿਨਾਰਾ ਕੀਤਾ ਸੀ। ਇਨ੍ਹਾਂ ਵਿੱਚ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖਸ਼ੀਸ਼ ਸਿੰਘ, ਬੁਲਾਰੇ ਆਰ.ਪੀ. ਸਿੰਘ, ਦਲ ਖ਼ਾਲਸਾ ਤੋਂ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਅਤੇ ਪੰਥਕ ਤਾਲਮੇਲ ਸੰਗਠਨ ਦੇ ਨੁਮਾਇੰਦੇ ਸ਼ਾਮਲ ਸਨ। ਇਸ ਤੋਂ ਇਲਾਵਾ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਭਾਈ ਰਾਮ ਸਿੰਘ, ਮੁੱਖ ਮੰਤਰੀ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ, ਧਰਮ ਸਿੰਘ ਕਾਸ਼ਤੀਵਾਲ ਟਰੱਸਟ ਤੋਂ ਬੀਬੀ ਸੰਦੀਪ ਕੌਰ ਤੇ ਬਲਜੀਤ ਸਿੰਘ ਖ਼ਾਲਸਾ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਜਨਰਲ ਸੁਬੇਗ ਸਿੰਘ ਦੇ ਭਰਾ ਭਾਈ ਬੇਅੰਤ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਪੰਜਾਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਨਗਰ ਨਿਗਮ ਚੋਣਾਂ ਜਨਵਰੀ ’ਚ ਕਰਵਾਉਣ ਦੀ ਦਿੱਤੀ ਸਲਾਹ ਚੰਡੀਗੜ੍ਹ/ਬਿਊਰੋ ਨਿਊਜ਼ : ਸੂਬੇ ਦੇ ਚੋਣ …