Breaking News
Home / ਪੰਜਾਬ / ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚੋਂ ‘ਤੱਕੜੀ’ ਗਾਇਬ

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚੋਂ ‘ਤੱਕੜੀ’ ਗਾਇਬ

ਪੰਜਾਬੀ ਬੋਲਦੇ ਇਲਾਕਿਆਂ ‘ਚ ਵੀ ਅਕਾਲੀ ਦਲ ਦੇ ਆਗੂ ਪ੍ਰਚਾਰ ਕਰਦੇ ਨਹੀਂ ਦਿਸਦੇ
ਮਾਨਸਾ : ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਜਦੋਂ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਤਾਂ ਪਹਿਲੀ ਵਾਰ ਉੱਥੇ ਪੰਜਾਬੀ ਬੋਲਦੇ ਇਲਾਕਿਆਂ ਲਈ ਹਮੇਸ਼ਾ ਮੋਹਰੀ ਹੋ ਕੇ ਲੜਾਈ ਲੜਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਉਮੀਦਵਾਰ ਉਤਾਰਨ ਤੇ ਪ੍ਰਚਾਰ ਕਰਨ ਤੋਂ ਕੋਹਾਂ ਦੂਰ ਹੋ ਗਈ ਹੈ। ਕਿਸੇ ਵੇਲੇ ਅਕਾਲੀ ਦਲ ਵੱਲੋਂ ਚੌਟਾਲਿਆਂ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ ਹਰਿਆਣਾ ਦੀਆਂ 8 ਤੋਂ 10 ਸੀਟਾਂ ਤੱਕ ਮੁਕਾਬਲਾ ਦਿੱਤਾ ਜਾਂਦਾ ਰਿਹਾ ਹੈ। ਅਕਾਲੀ ਦਲ ਦੇ ਟਕਸਾਲੀ ਆਗੂ ਹਰ ਵਾਰ ਨੀਲੀਆਂ ਪੱਗਾਂ ਸਜਾ ਕੇ ਮਾਲਵਾ ਖੇਤਰ ਨਾਲ ਲੱਗਦੇ ਹਰਿਆਣਾ ਦੇ ਇਲਾਕਿਆਂ ਵਿੱਚ ਹਰ-ਰੋਜ਼ ਸਵੇਰ ਸਾਰ ਚੋਣ ਪ੍ਰਚਾਰ ਲਈ ਨਿਕਲ ਜਾਂਦੇ ਸਨ ਅਤੇ ਦੇਰ ਸ਼ਾਮ ਮੁੜਦੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ। ਵੇਰਵਿਆਂ ਅਨੁਸਾਰ ਅਕਾਲੀ ਦਲ ਫਤਿਆਬਾਦ, ਰਤੀਆ, ਟੋਹਾਣਾ, ਰੋੜੀ, ਕਾਲਿਆਂਵਾਲੀ, ਡੱਬਵਾਲੀ, ਸਿਰਸਾ, ਏਲਨਾਬਾਦ, ਅੰਬਾਲਾ ਅਤੇ ਕਈ ਹੋਰ ਹਲਕਿਆਂ ਵਿੱਚ ਆਪਣੇ ਭਾਈਵਾਲਾਂ ਲਈ ਪ੍ਰਚਾਰ ਕਰਦੇ ਸਨ ਪਰ ਇਸ ਵਾਰ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਕਿੱਧਰੇ ਅਕਾਲੀ ਦਲ ਦੇ ਵੱਡੇ ਜਥੇਦਾਰ ਪ੍ਰਚਾਰ ਕਰਦੇ ਦਿਖਾਈ ਨਹੀਂ ਦੇ ਰਹੇ।
ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੁਰਾਣੇ ਸਿਆਸੀ ਸਾਥੀ ਅਤੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਅਤੇ ਉਨ੍ਹਾਂ ਦੇ ਪੱਤਰ ਓਮ ਪ੍ਰਕਾਸ਼ ਚੌਟਾਲਾ ਨਾਲ ਗੂੜ੍ਹੀ ਸਾਂਝ ਹੋਣ ਕਾਰਨ ਦੋਵੇਂ ਇਕੱਠਿਆਂ ਚੋਣਾਂ ਲੜਦੇ ਆ ਰਹੇ ਸਨ ਪਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਤੋਂ ਬਾਅਦ ਪਹਿਲੀ ਵਾਰ ਆਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਅਜਿਹਾ ਨਹੀਂ ਹੋਇਆ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਕਲੇਸ਼ ਵਿੱਚ ਫਸਿਆ ਹੋਣ ਕਾਰਨ ਪ੍ਰਚਾਰ ਨਹੀਂ ਕਰ ਸਕਿਆ।
ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਜੋ ਖੁਦ ਹਰਿਆਣਾ ਦੇ ਇੰਚਾਰਜ ਹਨ, ਕਿਸੇ ਵੱਡੇ ਚੋਣ ਜਲਸੇ ਵਿੱਚ ਸੰਬੋਧਨ ਕਰਦੇ ਅਜੇ ਤੱਕ ਦਿਖਾਈ ਨਹੀਂ ਦਿੱਤੇ ਹਨ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਵਾਰ ਹਰਿਆਣਾ ਵਿੱਚ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਇਨੈਲੋ ਦੀ ਮਦਦ ਕੀਤੀ ਜਾ ਰਹੀ ਹੈ। ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦਰਜਨ ਤੋਂ ਵੱਧ ਪਹਿਲੀ ਕਤਾਰ ਦੇ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਬਦਕਿਸਮਤੀ ਹੈ।

Check Also

ਬਰਤਾਨੀਆ ਦੀ ਸਿੱਖਿਆ ਗਰੇਡ ਪ੍ਰਣਾਲੀ ’ਚ ਗੁਰਮਤਿ ਸੰਗੀਤ ਦੇ ਸਾਜ ਹੋਏ ਸ਼ਾਮਲ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਦਿੱਤੀ ਵਧਾਈ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ …