‘ਮੈਂ ਤਾਂ ਲੰਬੂ ਦਾ ਧੂੰਆਂ ਕੱਢ ਦਿਆਂ’
ਅੰਮ੍ਰਿਤਸਰ : ਰੱਖੜ ਪੁੰਨਿਆ ‘ਤੇ ਬਾਬਾ ਬਕਾਲਾ ਵਿਚ ਹੋਈ ਕਾਨਫਰੰਸ ਵਿਚ ਕਾਂਗਰਸ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲਿਆ। ਕਾਨਫਰੰਸ ‘ਚ ਕੈਪਟਨ ਅਮਰਿੰਦਰ ਦੀ ਗੈਰਹਾਜ਼ਰੀ ਵਿਚ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੀਆਂ ਜਬਰ ਵਿਰੋਧੀਆਂ ਰੈਲੀਆਂ ‘ਤੇ ਜੰਮਕੇ ਨਿਸ਼ਾਨਾ ਲਗਾਇਆ। ਉਹਨਾਂ ਬਿਕਰਮ ਮਜੀਠੀਆ ਦਾ ਨਾਮ ਤਾਂ ਨਹੀਂ ਪਿਆ ਪਰ ਇਸ਼ਾਰਿਆਂ ਵਿਚ ਇੱਥੋਂ ਤੱਕ ਕਹਿ ਦਿੱਤਾ ਕਿ ‘ਜੇਕਰ ਮੈਨੂੰ ਪੁਲਿਸ ਵਾਲਾ ਮਹਿਕਮਾ ਮਿਲ ਜਾਵੇ ਤਾਂ ਲੰਬੂ ਦਾ ਧੂੰਆਂ ਨਾ ਕੱਢ ਦਿਆਂ ਤਾਂ ਮੇਰਾ ਨਾਮ ਵਟਾ ਦਿਓ।’ ਉਹਨਾਂ ਕਿਹਾ ਇਹ ਜਬਰ ਵਿਰੋਧੀ ਰੈਲੀਆਂ ਕਰਕੇ ਜਬਰ ਦੀਆਂ ਗੱਲਾਂ ਕਰ ਰਹੇ ਹਨ, ਇਹ ਦੱਸਣ ਤਾਂ ਛੇਹਰਟਾ ਵਿਚ ਇਕ ਬੇਟੀ ਦੀ ਇੱਜ਼ਤ ਬਚਾਉਣ ਜਦ ਇੰਸਪੈਕਟਰ ਆਇਆ ਤਾਂ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਕੀ ਇਹ ਜਬਰ ਨਹੀਂ ਸੀ। ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ ਅਤੇ ਵਿਰੋਧ ਕਰ ਰਹੇ ਲੋਕਾਂ ‘ਤੇ ਗੋਲੀਆਂ ਚਲਾਈਆਂ, ਕੀ ਇਹ ਜਬਰ ਨਹੀਂ ਹੈ। ਸੰਤ ਢੱਡਰੀਆਂ ਵਾਲਿਆਂ ‘ਤੇ ਗੋਲੀਆਂ ਚਲਵਾਈਆਂ, ਕੀ ਇਹ ਜਬਰ ਨਹੀਂ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਜਨਤਾ ਨਾਲ ਕਿੰਨਾ ਜਬਰ ਕੀਤਾ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।
ਸਿੱਧੂ ਨੇ ਕਿਹਾ ਕਿ 50 ਸਾਲਾਂ ਤੋਂ ਜੋ ਵਿਕਾਸ ਪੰਜਾਬ ਵਿਚ ਨਹੀਂ ਹੋਇਆ, ਉਹ ਅਸੀਂ ਪੰਜ ਸਾਲ ਵਿਚ ਕਰਾ ਕੇ ਦਿਖਾਵਾਂਗੇ। ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਜਸਬੀਰ ਸਿੰਘ ਡਿੰਪਾ ਦੀ ਮੰਗ ਸੀ ਕਿ ਬਾਬਾ ਬਕਾਲਾ ਸਾਹਬ ਨੂੰ ਗ੍ਰਾਮ ਪੰਚਾਇਤ ਦੀ ਜਗ੍ਹਾ ਨਗਰ ਪੰਚਾਇਤ ਬਣਾਇਆ ਜਾਵੇ, ਜਿਸ ‘ਤੇ ਮੋਹਰ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਨਗਰ ਪੰਚਾਇਤ ਬਣਦੇ ਹੀ ਇਕ ਕਰੋੜ ਦੀ ਗ੍ਰਾਂਟ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ। ਏਨਾ ਹੀ ਨਹੀਂ ਪੌਲੀਟੈਕਟਿਕ ਕਾਲਜ ਵੀ ਇੱਥੇ ਬਣਾਇਆ ਜਾਵੇਗਾ ਤਾਂ ਕਿ ਵਿਦਿਆਰਥੀ ਇਥੋਂ ਹੀ ਸਿੱਖਿਆ ਹਾਸਲ ਕਰ ਕਰ ਸਕਣ।ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਅਮਰਿੰਦਰ ਸਿੰਘ ਨੇ ਵੀ ਬਿਕਰਮ ਮਜੀਠੀਆ ਨੂੰ ਖੁੱਲ੍ਹ ਕੇ ਦਬਕਾ ਮਾਰਦਿਆਂ ਅਕਾਲੀ ਦਲ ਖਿਲਾਫ਼ ਮੋਰਚਾ ਖੋਲ੍ਹ ਦਿੱਤਾ।