Breaking News
Home / ਹਫ਼ਤਾਵਾਰੀ ਫੇਰੀ / ਸ਼ਰਾਬ ਨੇ ਹਿਲਾਈ ਕੈਪਟਨ ਸਰਕਾਰ

ਸ਼ਰਾਬ ਨੇ ਹਿਲਾਈ ਕੈਪਟਨ ਸਰਕਾਰ

ਚੰਨੀ ਨੇ ਤ੍ਰਿਪਤ ਰਜਿੰਦਰ ਬਾਜਵਾ ‘ਤੇ ਲਾਇਆ ਧਮਕੀ ਦੇਣ ਦਾ ਦੋਸ਼
ਚੰਡੀਗੜ੍ਹ : ਕਰੋਨਾ ਕਾਰਨ ਭਾਰਤ ‘ਚ ਹੋਈ ਤਾਲਾਬੰਦੀ ਦੇ ਚਲਦਿਆਂ ਪੰਜਾਬ ਸੂਬੇ ‘ਚ ਬੰਦ ਪਏ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਅਫ਼ਸਰਸ਼ਾਹੀ ਵਿਚ ਤਲਖੀ ਇਸ ਕਦਰ ਵਧੀ ਕਿ ਜਿਸ ਨੇ ਕੈਪਟਨ ਸਰਕਾਰ ਨੂੰ ਹੀ ਹਿਲਾ ਕੇ ਰੱਖ ਦਿੱਤਾ। ਇਕ ਵਾਰ ਤਾਂ ਸ਼ਰਾਬ ਦੀ ਆਨਲਾਈਨ ਤੇ ਹੋਮ ਡਿਲੀਵਰੀ ਸ਼ੁਰੂ ਕਰਨ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਫੈਸਲੇ ਵਿਰੁੱਧ ਤ੍ਰਿਪਤ ਰਜਿੰਦਰ ਬਾਜਵਾ ਤੇ ਮਨਪ੍ਰੀਤ ਬਾਦਲ ਸਣੇ ਕਈ ਮੰਤਰੀ ਨਿੱਤਰ ਆਏ ਸਨ। ਪਰ ਫਿਰ ਇਸ ਤੋਂ ਅਗਾਂਹ ਜਦੋਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕੈਬਨਿਟ ਮੰਤਰੀਆਂ ਮੂਹਰੇ ਐਕਸਾਈਜ਼ ਪਾਲਿਸੀ ਰੱਖ ਕੇ ਉਸ ‘ਤੇ ਦਸਤਖਤ ਕਰਨ ਲਈ ਆਖਿਆ ਤਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਦੋਂ ਇਸ ਪਾਲਿਸੀ ਬਾਰੇ ਜਾਨਣ ਲਈ ਕੁੱਝ ਸਵਾਲ ਜਵਾਬ ਕੀਤੇ ਤਾਂ ਮਨਪ੍ਰੀਤ ਬਾਦਲ ਅਨੁਸਾਰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਆਖਿਆ ਕਿ ਕੰਮ ਕਿਵੇਂ ਕਰਨਾ ਹੈ ਅਸੀਂ ਆਪੇ ਦੇਖ ਲਵਾਂਗੇ ਬੱਸ ਤੁਸੀਂ ਦਸਤਖ਼ਤ ਕਰੋ। ਇਸ ਮਸਲੇ ਨੂੰ ਲੈ ਕੇ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਅਫ਼ਸਰਸ਼ਾਹੀ ਦੇ ਰਵੱਈਏ ਤੋਂ ਨਾਰਾਜ਼ ਹੋ ਮੀਟਿੰਗ ‘ਚੋਂ ਬਾਈਕਾਟ ਕਰ ਗਏ ਅਤੇ ਇਨ੍ਹਾਂ ਦੇ ਮਗਰ ਹੀ ਸੁਖਜਿੰਦਰ ਰੰਧਾਵਾ ਤੇ ਇਸ ਤੋਂ ਬਾਅਦ ਹੋਰ ਮੰਤਰੀਆਂ ਨੇ ਵੀ ਬਾਈਕਾਟ ਕਰ ਦਿੱਤਾ। ਜਦੋਂ ਕਿ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ ਤਾਂ ਇਸੇ ਗੱਲ ‘ਤੇ ਅੜ ਗਏ ਕਿ ਮੁੱਖ ਸਕੱਤਰ ਨੂੰ ਉਹਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਇਹ ਸਭ ਮਾਮਲਾ ਇਕ ਪਾਸੇ ਚੱਲ ਰਿਹਾ ਸੀ, ਦੂਜੇ ਪਾਸੇ ਪੰਜਾਬ ਦੇ ਸ਼ਰਾਬ ਵਪਾਰੀਆਂ ਨਾਲ ਉਨ੍ਹਾਂ ਦੇ ਪੁਰਾਣੇ ਤਾਲਾਬੰਦੀ ਦੇ ਘਾਟੇ ਨੂੰ ਪੂਰਾ ਕਰਨ ਦੀ ਮੰਗ ਸਿਰੇ ਨਾ ਚੜ੍ਹਨ ਕਰਕੇ ਪੰਜਾਬ ‘ਚ ਪੂਰੀ ਤਰ੍ਹਾਂ ਨਾਲ ਠੇਕੇ ਨਹੀਂ ਖੁੱਲ੍ਹ ਪਾ ਰਹੇ ਸਨ, ਜਿਸ ਕਾਰਨ ਕੈਪਟਨ ਅਮਰਿੰਦਰ ਵੀ ਚਿੰਤਤ ਸਨ ਤੇ ਉਪਰੋਂ ਦੀ ਐਮ ਐਲ ਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਮੁੱਖ ਸਕੱਤਰ ਖਿਲਾਫ਼ ਮੋਰਚਾ ਖੋਲ੍ਹਿਆ ਤਾਂ ਵੱਡੀ ਗਿਣਤੀ ਵਿਚ ਪੰਜਾਬ ਸਰਕਾਰ ਦੇ ਮੰਤਰੀ ਤੇ ਕਾਂਗਰਸੀ ਐਮ ਐਲ ਏ ਜਿੱਥੇ ਮੁੱਖ ਸਕੱਤਰ ਤੇ ਸਮੁੱਚੀ ਅਫ਼ਸਰਸ਼ਾਹੀ ਖਿਲਾਫ਼ ਨਿੱਤਰ ਪਏ, ਉਥੇ ਹੀ ਮੁੱਖ ਸਕੱਤਰ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ, ਅਕਾਲੀ ਤੇ ਭਾਜਪਾ ਨੇ ਕੈਪਟਨ ਅਮਰਿੰਦਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਇਕ ਪਾਸੇ ਮਸਲਾ ਨਿਬੇੜਨ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ, ਗੁਰਜੀਤ ਸਿੰਘ ਸੋਢੀ ਨੇ ਬੰਦ ਕਮਰਾ ਬੈਠਕ ਕੀਤੀ, ਉਥੇ ਹੀ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਮਨਾਉਣ ਲਈ ਤ੍ਰਿਪਤ ਰਜਿੰਦਰ ਬਾਜਵਾ ਉਨ੍ਹਾਂ ਦੇ ਘਰ ਪਹੁੰਚੇ। ਚੰਨੀ ਦੇ ਦੱਸਣ ਅਨੁਸਾਰ ਅਫ਼ਸਰਾਂ ਦਾ ਪੱਖ ਪੂਰਦਿਆਂ ਤ੍ਰਿਪਤ ਰਜਿੰਦਰ ਬਾਜਵਾ ਨੇ ਚੰਨੀ ਨੂੰ ਧਮਕੀ ਦਿੱਤੀ ਕਿ ਜੇਕਰ ਤੁਸੀਂ ਇਹ ਮਾਮਲਾ ਨਾ ਨਿਬੇੜਿਆ ਤਾਂ ਅਫ਼ਸਰ ਪੁਰਾਣੇ ਮਾਮਲੇ ਨੂੰ ਮੁੜ ਖੋਲ੍ਹ ਕੇ ਤੁਹਾਡੇ ‘ਤੇ ‘ਮੀਂ ਟੂ’ ਦਾ ਪਰਚਾ ਦਰਜ ਕਰਵਾ ਸਕਦੇ ਹਨ। ਚੰਨੀ ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆ ਕਿਹਾ ਕਿ ਮਾਮਲਾ ਤਾਂ ਫਿਰ ਨਿਬੇੜ ਲਵਾਂਗੇ ਪਹਿਲਾਂ ਪਰਚਾ ਹੀ ਕਰਵਾ ਲਓ। ਜਦੋਂਕਿ ਤ੍ਰਿਪਤ ਰਜਿੰਦਰ ਬਾਵਾ ਨੇ ਮੀਡੀਆ ਸਾਹਮਣੇ ਆ ਕੇ ਆਖਿਆ ਕਿ ਇਹ ਬੇਬੁਨਿਆਦੀ ਗੱਲਾਂ ਹਨ, ਉਹ ਮੇਰੇ ਸਾਥੀ ਹਨ ਤੇ ਮੈਂ ਆਪਣੇ ਸਾਥੀ ਮੰਤਰੀ ਨੂੰ ਅਜਿਹੀ ਧਮਕੀ ਕਿਵੇਂ ਦੇ ਸਕਦਾ ਹਾਂ। ਹੁਣ ਪੰਜਾਬ ਸਰਕਾਰ ਸਣੇ ਸਮੁੱਚੇ ਸਿਆਸੀ ਗਲਿਆਰਿਆਂ ‘ਚ ਚਰਚਾ ਹੈ ਕਿ ਇਸ ਸ਼ਰਾਬ ਦੇ ਮਾਮਲੇ ਨੇ ਮੁੱਖ ਸਕੱਤਰ ਨੂੰ ਹਿਲਾਉਣ ਦੇ ਚੱਕਰ ਵਿਚ ਮਹਾਰਾਜਾ ਪਟਿਆਲਾ ਦੀ ਕੁਰਸੀ ਨੂੰ ਹਿਲਾ ਦਿੱਤਾ ਹੈ। ਫਿਲਹਾਲ ਇਹ ਮਾਮਲਾ ਨਿਬੜਨ ਦੀ ਬਜਾਏ ਹੋਰ ਪੇਚੀਦਾ ਹੁੰਦਾ ਜਾ ਰਿਹਾ ਹੈ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …