ਟੋਰਾਂਟੋ/ਬਿਊਰੋ ਨਿਊਜ਼ : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਸਬੰਧ ਵਿੱਚ ਓਨਟਾਰੀਓ ਸਰਕਾਰ ਵੱਲੋਂ ਪੜਾਅਵਾਰ ਸ਼ਟਡਾਊਨ ਸਿਸਟਮ ਲਾਗੂ ਕਰਨ ਦੇ ਲਏ ਗਏ ਫੈਸਲੇ ਤਹਿਤ ਟੋਰਾਂਟੋ ਰੈੱਡ ਜ਼ੋਨ ਵਿੱਚ ਦਾਖਲ ਹੋਣ ਜਾ ਰਿਹਾ ਹੈ। ਇੱਥੇ ਪਾਬੰਦੀਆਂ ਹੋਰ ਵੀ ਵਧਾਈਆਂ ਜਾਣਗੀਆਂ। ਘੱਟੋ-ਘੱਟ ਦਸੰਬਰ ਦੇ ਮੱਧ ਤੱਕ ਇੰਡੋਰ ਡਾਈਨਿੰਗ ਵੀ ਬੰਦ ਰਹੇਗੀ।
ਲੋਕਾਂ ਨੂੰ ਸੋਸ਼ਲ ਗੈਦਰਿੰਗ ਵਿੱਚ ਵੀ ਹਿੱਸਾ ਨਾ ਲੈਣ ਦੀ ਤਾਕੀਦ ਕੀਤੀ ਗਈ ਹੈ। 14 ਨਵੰਬਰ ਤੋਂ ਸ਼ੁਰੂ ਹੋ ਕੇ ਸਿਟੀ ਰੈੱਡ ਜ਼ੋਨ ਵਿੱਚ ਦਾਖਲ ਹੋ ਜਾਵੇਗੀ। ਪੂਰੇ ਲਾਕਡਾਊਨ ਤੋਂ ਪਹਿਲਾਂ ਪੜਾਅਵਾਰ ਸ਼ਟਡਾਊਨ ਸਿਸਟਮ ਦਾ ਇਹ ਆਖਰੀ ਕਦਮ ਹੈ। ਇੰਡੋਰ ਫਿੱਟਨੈੱਸ ਕਲਾਸਾਂ ਉੱਤੇ ਵੀ ਪਾਬੰਦੀ ਰਹੇਗੀ। ਜਿੰਮ ਉਸ ਸੂਰਤ ਵਿੱਚ ਖੁੱਲ੍ਹ ਸਕਣਗੇ ਜੇ ਇੱਕ ਵਾਰੀ ਵਿੱਚ ਸਿਰਫ 10 ਵਿਅਕਤੀ ਹੀ ਅੰਦਰ ਹੋਣਗੇ। ਇਸ ਤੋਂ ਇਲਾਵਾ ਟੋਰਾਂਟੋ ਵਿੱਚ ਮੀਟਿੰਗ ਤੇ ਈਵੈਂਟ ਵਾਲੀਆਂ ਥਾਂਵਾਂ, ਕੈਸੀਨੋਜ਼, ਬਿੰਗੋ ਹਾਲਜ਼ ਤੇ ਹੋਰ ਗੇਮਿੰਗ ਵਾਲੀਆਂ ਥਾਂਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਰੈੱਡ ਜ਼ੋਨ ਵਿੱਚ ਇੰਡੋਰ ਮੂਵੀ ਥਿਏਟਰ ਵੀ ਬੰਦ ਰੱਖੇ ਜਾਣਗੇ।
14 ਨਵੰਬਰ ਤੋਂ ਸੁਥਰੂ ਹੋ ਕੇ 28 ਦਿਨਾਂ ਤੱਕ ਟੋਰਾਂਟੋ ਰੈੱਡ ਜ਼ੋਨ ਵਿੱਚ ਰਹੇਗਾ। ਇਸ ਤੋਂ ਭਾਵ ਹੈ ਕਿ ਹੁਣ ਕਾਰੋਬਾਰ 12 ਦਸੰਬਰ ਨੂੰ ਹੀ ਖੁੱਲ੍ਹ ਸਕਣਗੇ। ਹਾਲਾਂਕਿ ਰੈੱਡ ਜ਼ੋਨ ਤਹਿਤ ਇੰਡੋਰ ਡਾਈਨਿੰਗ ਬੰਦ ਕਰਨ ਦੀ ਕੋਈ ਸ਼ਰਤ ਨਹੀਂ ਹੈ ਪਰ ਟੋਰਾਂਟੋ ਵੱਲੋਂ ਅਹਿਤਿਆਤਨ ਅਜਿਹਾ ਕੀਤਾ ਜਾ ਰਿਹਾ ਹੈ। ਸਿਟੀ ਦੀ ਮੈਡੀਕਲ ਆਫੀਸਰ ਆਫ ਹੈਲਥ ਡਾਥ ਐਲੀਨ ਡੀ ਵਿੱਲਾ ਨੇ ਆਖਿਆ ਕਿ ਉਹ ਸਾਫ ਲਫਜ਼ਾਂ ਵਿੱਚ ਇਹ ਸਮਝਾਉਣਾ ਚਾਹੁੰਦੀ ਹੈ ਕਿ ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਵਿੱਚ ਲੋੜੋਂ ਵੱਧ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਅਜਿਹਾ ਪਹਿਲਾਂ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਭਾਵੇਂ ਇਸ ਫੈਸਲੇ ਦਾ ਅਰਥਚਾਰੇ ਉੱਤੇ ਮਾੜਾ ਅਸਰ ਪਵੇਗਾ ਪਰ ਇਹ ਕਦਮ ਚੁੱਕੇ ਜਾਣੇ ਜ਼ਰੂਰੀ ਹਨ।
ਉਨ੍ਹਾਂ ਆਖਿਆ ਕਿ ਵਾਇਰਸ ਹਰ ਪਾਸੇ ਹੈ ਤੇ ਅਹਿਤਿਆਤ ਵਰਤਣ ਤੇ ਬਿਨਾਂ ਪ੍ਰੋਟੈਕਸ਼ਨ ਦੇ ਹਰ ਕਿਸੇ ਨੂੰ ਇਹ ਇਨਫੈਕਸ਼ਨ ਹੋਣ ਦਾ ਡਰ ਹੈ। ਟੋਰਾਂਟੋ ਤੋਂ ਇਲਾਵਾ ਪੀਲ ਰੀਜਨ ਨੂੰ ਹੀ ਹਾਲ ਦੀ ਘੜੀ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ।
Check Also
ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …