ਵੈਨਕੂਵਰ/ਬਿਊਰੋ ਨਿਊਜ਼ : ਟੋਰਾਂਟੋ ਖੇਤਰ ਵਿੱਚ ਲੋਕਾਂ ਨੂੰ ਸਸਤੇ ਘਰ ਦੇਣ ਦੇ ਝਾਂਸੇ ਵਿੱਚ ਲਿਆ ਕੇ ਕਈ ਵਿਅਕਤੀਆਂ ਨਾਲ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਰੈਂਪਟਨ ਵਾਸੀ ਮੋਇਜ਼ ਕੁੰਵਰ ਕਿਸੇ ਹੋਰ ਕੰਪਨੀ ਦੇ ਉਸਾਰੀ ਅਧੀਨ ਘਰ ਵਿਖਾ ਕੇ ਬਿਆਨੇ ਲੈਂਦਾ ਰਿਹਾ। ਉਸ ਵਿਰੁੱਧ ਇਸ ਵਰ੍ਹੇ ਮਾਰਚ ਵਿਚ ਕੁੱਝ ਵਿਅਕਤੀਆਂ ਨੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਦਰਜਨਾਂ ਹੋਰ ਪੀੜਤਾਂ ਨਾਲ ਇਸੇ ਤਰ੍ਹਾਂ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਪੀੜਤਾਂ ਨੂੰ ਇਸ ਠੱਗੀ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਬਿਆਨਾ ਦੇਣ ਤੋਂ ਕੁੱਝ ਸਮੇਂ ਬਾਅਦ ਘਰ ਦੀ ਉਸਾਰੀ ਦਾ ਜਾਇਜਾ ਲੈਣ ਜਾਂਦੇ। ਉੱਥੇ ਮੌਜੂਦ ਉਸਾਰੀ ਕੰਪਨੀ ਦੇ ਕਾਮਿਆਂ ਨੇ ਕਥਿਤ ਆਰੋਪੀ ਜਾਂ ਉਸਦੀ ਫਾਈਨੈਂਸ ਕੰਪਨੀ ਨਾਲ ਘਰ ਦਾ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕਰ ਦਿੱਤਾ।
ਮਾਰਚ ਮਹੀਨੇ ਵਿੱਚ ਦੋ ਪੀੜਤਾਂ ਵਲੋਂ ਕੁੰਵਰ ਵਿਰੁੱਧ ਧੋਖਾਧੜੀ ਤੇ ਠੱਗੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਵਿਚ ਆਰੋਪ ਲਾਏ ਕਿ ਰੀਅਲ ਸਟੇਟ ਕਾਰੋਬਾਰੀ ਅਤੇ ਫਾਈਨੈਂਸ ਕੰਪਨੀ ਦਾ ਸੀਈਓ ਹੋਣ ਦੇ ਦਸਤਾਵੇਜ ਵਿਖਾ ਕੇ ਮੋਇਜ ਕੁੰਵਰ ਉਨ੍ਹਾਂ ਨੂੰ ਸਸਤਾ ਘਰ ਦੇਣ ਦਾ ਵਾਅਦਾ ਕਰਦਾ ਤੇ ਉਸਾਰੀ ਅਧੀਨ ਘਰ ਵਿਖਾ ਕੇ 6-7 ਮਹੀਨੇ ਵਿੱਚ ਕਬਜਾ ਦੇਣ ਦਾ ਭਰੋਸਾ ਦਿੰਦਾ। ਇਸਦੇ ਨਾਲ ਹੀ 3 ਤੋਂ 5 ਫੀਸਦ ਪੇਸ਼ਗੀ ਲੈ ਕੇ ਰਹਿੰਦੀ ਰਕਮ ਆਪਣੀ ਫਾਈਨੈਂਸ ਕੰਪਨੀ ਰਾਹੀਂ ਕਰਜ਼ਾ ਦੇਣ ਦਾ ਵਾਅਦਾ ਕਰਦਾ ਸੀ।

