Breaking News
Home / ਹਫ਼ਤਾਵਾਰੀ ਫੇਰੀ / ਅਦਾਰਾ ‘ਪਰਵਾਸੀ’ ਦਾ ਦਫ਼ਤਰ ਨਵੇਂ ਸਥਾਨ ‘ਤੇ ਹੋਵੇਗਾ ਜਲਦੀ ਤਬਦੀਲ

ਅਦਾਰਾ ‘ਪਰਵਾਸੀ’ ਦਾ ਦਫ਼ਤਰ ਨਵੇਂ ਸਥਾਨ ‘ਤੇ ਹੋਵੇਗਾ ਜਲਦੀ ਤਬਦੀਲ

ਮਿਸੀਸਾਗਾ/ਬਿਊਰੋ ਨਿਊਜ਼ : ਅਦਾਰਾ ‘ਪਰਵਾਸੀ’ ਵੱਲੋਂ ਆਪਣੀਆਂ ਵਧਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਥਾਂ ‘ਤੇ ਤਬਦੀਲ ਹੋਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਨਵਾਂ ਸਥਾਨ ਮੌਜੂਦਾ ਦਫਤਰ (ਜੋ ਕਿ ਮਾਲਟਨ ਵਿੱਚ ਸਥਿਤ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਵਿੱਚ ਹੈ) ਤੋਂ ਚੰਦ ਕਦਮਾਂ ਦੀ ਦੂਰੀ ‘ਤੇ ਡਰਿਊ ਰੋਡ ਉਪਰ ਹੀ ਹੈ।
ਲੰਘੇ ਬੁੱਧਵਾਰ ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ਇਸ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਈਟੋਬੀਕੋਕ ਨਾਰਥ ਤੋਂ ਐਮਪੀ ਅਤੇ ਪਾਰਲੀਮੈਂਟ ਵਿੱਚ ਡਿਪਟੀ ਹਾਊਸ ਲੀਡਰ ਕ੍ਰਿਸਟੀ ਡੰਕਨ ਅਤੇ ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ ਸਮੇਤ ‘ਪਰਵਾਸੀ ਮੀਡੀਆ ਗਰੁੱਪ’ ਦਾ ਸਟਾਫ ਹਾਜ਼ਰ ਸੀ।
‘ਪਰਵਾਸੀ ਮੀਡੀਆ’ ਦੇ ਮੁਖੀ ਨੇ ਇਸ ਸਮੇਂ ਦੱਸਿਆ ਕਿ ਸੰਨ 2002 ਵਿੱਚ ਅਪਾਰਟਮੈਂਟ ਦੇ ਕਮਰੇ ਤੋਂ ਪਰਵਾਸੀ ਅਦਾਰੇ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਸਮੇਂ ਸਿਰਫ਼ ਇਕ ਹਫਤਾਵਾਰੀ ਪੰਜਾਬੀ ਅਖ਼ਬਾਰ ઑਪਰਵਾਸ਼ੀ ਪ੍ਰਕਾਸ਼ਿਤ ਕੀਤੀ ਜਾਂਦੀ ਸੀ। ਇਸ 18 ਸਾਲ ਦੇ ਸਫ਼ਰ ਦੌਰਾਨ ਹੁਣ ‘ਰੇਡਿਓ ਪਰਵਾਸੀ (1320 ਅਤੇ 1350 ਏਐਮ), ਜੀਟੀਏ ਬਿਜ਼ਨਸ ਪੇਜਸ ਡਾਇਰੈਟਰੀ ਅਤੇ ਐਪ, ਅੰਗਰੇਜ਼ੀ ਅਖ਼ਬਾਰ (ਕੈਨੇਡੀਅਨ ਪਰਵਾਸੀ) ਅਤੇ ਹੁਣ ਪਰਵਾਸੀ ਟੈਲੀਵੀਜ਼ਨ ਚੈਨਲ’ ਨਾਲ ‘ਪਰਵਾਸੀ ਅਦਾਰਾ’, ਕੈਨੇਡਾ ਦੇ ਐਥਨਿਕ ਮੀਡੀਆ ਵਿੱਚ ਸਿਰਕੱਢ ਮੀਡੀਆ ਗਰੁੱਪ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਵੇਂ 24 ਘੰਟੇ ਦੇ ਨਿਊਜ਼ ਚੈਨਲ ਨੂੰ ਸ਼ੁਰੂ ਕਰਨ ਸਮੇਂ ਹੋਰ ਵੀ ਜ਼ਿਆਦਾ ਥਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜੋ ਹੁਣ ਇਸ ਨਵੀਂ ਲੋਕੇਸ਼ਨ ‘ਤੇ ਉਪਲਬਧ ਹੋ ਗਈ ਹੈ।
ਵਰਨਣਯੋਗ ਹੈ ਕਿ ਇਸ ਤੋਂ ਇਲਾਵਾ ‘ਅਦਾਰਾ ਪਰਵਾਸੀ’ ਵੱਲੋਂ ਪਹਿਲੀ ਵਾਰ ਪਾਕਿਸਤਾਨ ਤੋਂ ਬਾਹਰ ਕੈਨੇਡਾ ਵਿੱਚ ਸ਼੍ਰੀ ਨਨਕਾਨਾ ਸਾਹਿਬ ਤੋਂ ਰੋਜ਼ਾਨਾ ਕੀਰਤਨ ਪ੍ਰਸਾਰਣ ਦਾ ਉਪਰਾਲਾ ਵੀ ਕੀਤਾ ਗਿਆ ਹੈ, ਜੋ ਕਿ ਇਸ ਟੀਵੀ ਚੈਨਲ ‘ਤੇ ਹਰ ਰੋਜ਼ ਸਵੇਰੇ-ਸ਼ਾਮ ਪ੍ਰਸਾਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਸ਼ਕ ਇਸ ਸਮੇਂ ਇਹ ਟੀਵੀ ਚੈਨਲ ਕੁਝ ਪਲੇਟ ਫਾਰਮਾਂ (832, 223, 3845) ‘ਤੇ ਉਪਲਬਧ ਹੈ। ਪ੍ਰੰਤੂ ਇਸ ਦੇ ਕੈਨੇਡੀਅਨ ਪ੍ਰੋਗਰਾਮਾਂ ਵਿੱਚ ਲਗਾਤਾਰ ਵਾਧਾ ਕੀਤਾ ਜਾਵੇਗਾ ਅਤੇ ਅਗਲੇ ਕੁਝ ਹਫਤਿਆਂ ਵਿੱਚ ਇਸ ਨੂੰ ਬਾਕਾਇਦਾ ਰਸਮੀ ਤੌਰ ‘ਤੇ ਲਾਂਚ ਕਰ ਦਿੱਤਾ ਜਾਵੇਗਾ।
ਸਾਬਕਾ ਮੰਤਰੀ ਕ੍ਰਿਸਟੀ ਡੰਕਨ ਹੋਰਾਂ ਨੇ ‘ਅਦਾਰਾ ਪਰਵਾਸੀ’ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਕੈਨੇਡੀਅਨ ਸਮਾਜ ਵਿੱਚ ਮੀਡੀਆ ਰਾਹੀਂ ਯੋਗਦਾਨ ਪ੍ਰਸੰਸਾਯੋਗ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਹੀ ‘ਪਰਵਾਸੀ’ ਨੂੰ ਲਗਾਤਾਰ ਮੰਜ਼ਿਲਾਂ ਵੱਲ ਵਧਦਿਆਂ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ।
ਐਮ ਪੀ ਰੂਬੀ ਸਹੋਤਾ ਹੋਰਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਥਨਿਕ ਮੀਡੀਆ ਵਿੱਚ ਹੁਣ ‘ਪਰਵਾਸੀ ਮੀਡੀਆ’ ਦਾ ਕੱਦ ਬਹੁਤ ਉੱਚਾ ਹੋ ਚੁੱਕਾ ਹੈ ਅਤੇ ਇਸ ਗੱਲ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਮੰਨਦੇ ਹਨ। ਉਨ੍ਹਾਂ ਭਾਈਚਾਰੇ ਵਿੱਚ ਕੋਵਿਡ-19 ਦੇ ਸਮੇਂ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਵੀ ਕੀਤੀ।
‘ਅਦਾਰਾ ਪਰਵਾਸੀ’ ਦੇ ਡਾਇਰੈਕਰ ਅਤੇ ਵਾਈਸ ਪ੍ਰੈਜ਼ੀਡੈਂਟ ਸ਼੍ਰੀਮਤੀ ਮੀਨਾਕਸ਼ੀ ਸੈਣੀ ਹੋਰਾਂ ਨੇ ਵੀ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ‘ਪਰਵਾਸੀ’ ਦੇ ਹੁਣ ਤੱਕ ਦੇ ਸਫ਼ਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਰਜਿੰਦਰ ਸੈਣੀ ਹੋਰਾਂ ਨੇ ਆਪਣੀ ਸਮੁੱਚੀ ਟੀਮ ਦੀ ਤਾਰੀਫ ਵੀ ਕੀਤੀ ਕਿ ਉਨ੍ਹਾਂ ਬਿਨ੍ਹਾਂ ਇਹ ਤਰੱਕੀ ਸੰਭਵ ਨਹੀਂ ਹੋ ਸਕਦੀ ਹੈ।
ਅਗਲੇ ਕੁਝ ਹਫਤਿਆਂ ਦੌਰਾਨ ‘ਅਦਾਰਾ ਪਰਵਾਸੀ’ ਦਾ ਦਫਤਰ ਇਸ ਨਵੇਂ ਸਥਾਨ ‘ਤੇ ਤਬਦੀਲ ਕੀਤਾ ਜਾਵੇਗਾ, ਜਿਸ ਦੀ ਬਾਕਾਇਦਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ‘ਅਦਾਰਾ ਪਰਵਾਸੀ’ ਦਾ ਮੁੱਖ ਫੋਨ ਨੰਬਰ 905-673-0600 ਹੀ ਰਹੇਗਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …