Breaking News
Home / ਹਫ਼ਤਾਵਾਰੀ ਫੇਰੀ / ਕਰਤਾਰਪੁਰ ਸਾਹਿਬ ਦਾ ਲਾਂਘਾ

ਕਰਤਾਰਪੁਰ ਸਾਹਿਬ ਦਾ ਲਾਂਘਾ

‘ਖੁੱਲ੍ਹੇ ਦਰਸ਼ਨ ਦੀਦਾਰ’ ਸਿਰਫ਼ ਪਾਸਪੋਰਟ ਵਾਲਿਆਂ ਨੂੰ
ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਹੋਵੇਗਾ ਲਾਜ਼ਮੀ, ਸ਼ਰਧਾਲੂਆਂ ਨੂੰ ਲੈਣੀ ਪਵੇਗੀ ਪਰਮਿਟ ਪਰਚੀ ਵੀ
ਚੰਡੀਗੜ੍ਹ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਦੇ ਇੱਛੁਕ ਸ਼ਰਧਾਲੂਆਂ ਨੂੰ ਵਿਸ਼ੇਸ਼ ਲਾਂਘੇ ਰਾਹੀਂ ਗੁਆਂਢੀ ਮੁਲਕ ਜਾਣ ਲਈ ਪਾਸਪੋਰਟ ਤੇ ਪਰਮਿਟ ਸਲਿੱਪ ਦੀ ਲੋੜ ਪਏਗੀ। ਇਸ ਸਬੰਧੀ ਫ਼ੈਸਲਾ ਨਵੀਂ ਦਿੱਲੀ ਵਿਚ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਹੈ। ਗ੍ਰਹਿ ਸਕੱਤਰ ਰਾਜੀਵ ਗਾਬਾ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਕਰਤਾਰਪੁਰ ਲਾਂਘਾ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਬੀਐੱਸਐੱਫ ਦੇ ਡਾਇਰੈਕਟਰ ਜਨਰਲ ਆਰ.ਕੇ. ਮਿਸ਼ਰਾ ਤੇ ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਵੀ ਹਾਜ਼ਰ ਸਨ। ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪਰਮਿਟ ਸਲਿੱਪ ਦਾਖ਼ਲ ਹੋਣ ਲਈ ਦਿੱਤੀ ਜਾਵੇਗੀ, ਪਰ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਜਾਣ ਲਈ ਪਾਸਪੋਰਟ ਦੀ ਲੋੜ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਨਾ ਕਰਨ ਦੀ ਮੰਗ ਕੀਤੀ ਸੀ, ਪਰ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਪਾਸਪੋਰਟ ਦੀ ਲੋੜ ਪਏਗੀ। ਮੁੱਖ ਸਕੱਤਰ ਨੇ ਦੱਸਿਆ ਕਿ ਗੁਰਦੁਆਰਾ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੇਗਾ ਤੇ ਸ਼ਰਧਾਲੂਆਂ ਨੂੰ ਉਸੇ ਦਿਨ ਵਾਪਸ ਪਰਤਣਾ ਹੋਵੇਗਾ। ਭਾਰਤ ਸਰਕਾਰ ਵੱਲੋਂ ਤਿਆਰ ਕੀਤੇ ਸਮਝੌਤੇ ਦੇ ਖਰੜੇ ਵਿਚ ਦੋ ਹੋਰ ਮਹੱਤਵਪੂਰਨ ਮੱਦਾਂ ਵੀ ਸ਼ਾਮਲ ਹਨ। ਪਹਿਲੀ ਇਹ ਕਿ ਦਰਸ਼ਨਾਂ ਲਈ ਇਜਾਜ਼ਤ ਸਿਰਫ਼ ਸਿੱਖ ਸ਼ਰਧਾਲੂਆਂ ਤੱਕ ਸੀਮਤ ਨਹੀਂ ਹੋਵੇਗੀ ਤੇ ਦੂਜਾ ਯਾਤਰਾ ਨੂੰ ਗਰੁੱਪਾਂ ਤੱਕ ਸੀਮਤ ਨਾ ਕਰ ਕੇ ਨਿੱਜੀ ਤੌਰ ‘ਤੇ ਵੀ ਯਾਤਰਾ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ। ਭਾਰਤ ਇਕ ਮਹੀਨੇ ਦੇ ਅੰਦਰ ਸਮਝੌਤੇ ਦਾ ਖਰੜਾ ਪਾਕਿਸਤਾਨ ਨਾਲ ਸਾਂਝਾ ਕਰੇਗਾ। ਮੁੱਖ ਸਕੱਤਰ ਨੇ ਦੱਸਿਆ ਕਿ ਜ਼ਮੀਨ ਗ੍ਰਹਿਣ ਦਾ ਕੰਮ ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਪਾਕਿਸਤਾਨੀ ਵਫ਼ਦ ਲਾਂਘੇ ਦੇ ਸਮਝੌਤੇ ਨੂੰ ਅੰਤਮ ਛੋਹਾਂ ਦੇਣ ਲਈ 26 ਫਰਵਰੀ ਤੇ ਸੱਤ ਮਾਰਚ ਨੂੰ ਭਾਰਤ ਆ ਸਕਦਾ ਹੈ।
ਕਰਤਾਰਪੁਰ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਰੇਲਵੇ ਲਾਈਨ ਵਿਛਾਉਣ ਦੀ ਹੈ ਪਾਕਿਸਤਾਨ ਦੀ ਤਜਵੀਜ਼
ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਰੇਲਵੇ ਲਾਈਨ ਬਣਾਉਣ ਲਈ ਭਾਰਤ ਨੂੰ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਪਾਕਿ ਦੇ ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਨੇ ਜ਼ਿਲ੍ਹਾ ਨਾਰੋਵਾਲ ਦੇ ਨਵੇਂ ਬਣੇ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਮੌਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਤੋਂ ਭਾਰਤੀ ਸਰਹੱਦ ਤੱਕ ਰੇਲਵੇ ਪਟੜੀ ਬਣਾਉਣ ਲਈ ਤਿਆਰ ਹੈ ਅਤੇ ਜਲਦ ਪਾਕਿ ਰੇਲਵੇ ਵਲੋਂ ਲਾਹੌਰ, ਨਾਰੋਵਾਲ ਤੋਂ ਸਿਆਲਕੋਟ ਹੁੰਦੇ ਹੋਏ ਰਾਵਲਪਿੰਡੀ ਤੱਕ ਰੇਲ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਯੂਥ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਉਸਮਾਨ ਦਾਰ ਅਤੇ ਪ੍ਰਧਾਨ ਪੀ. ਟੀ. ਆਈ. ਕੇਂਦਰੀ ਪੰਜਾਬ ਉਮਰ ਦਾਰ ਨੇ ਕਿਹਾ ਕਿ ਉਕਤ ਰੇਲਵੇ ਲਾਈਨ ਦਾ ਨਿਰਮਾਣ ਸਿੱਖ ਭਾਈਚਾਰੇ ਦੀ ਸਹੂਲਤ ਲਈ ਹੋਵੇਗਾ। ਮੰਤਰੀ ਸ਼ੇਖ਼ ਰਸ਼ੀਦ ਨੇ ਦੱਸਿਆ ਕਿ ਪਾਕਿ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਿਆਲਕੋਟ ਹਵਾਈ ਅੱਡੇ ਲਈ ਨਵੀਂ ਸੜਕ ਬਣਾਏ ਜਾਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਵਿਦੇਸ਼ ਤੋਂ ਹਵਾਈ ਜਹਾਜ਼ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਵਾਲੇ ਸਿੱਖ ਸ਼ਰਧਾਲੂ ਸਿਆਲਕੋਟ ਤੋਂ ਸਿਰਫ਼ ਅੱਧੇ ਘੰਟੇ ਵਿਚ ਗੁਰਦੁਆਰਾ ਸਾਹਿਬ ‘ਚ ਪਹੁੰਚ ਸਕਣਗੇ।
ਉੱਧਰ ਪਾਕਿ ਦੇ ਸਾਬਕਾ ਐਮ.ਪੀ. ਏ. ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਪਾਕਿ ਸਰਕਾਰ ਵਲੋਂ 1076 ਏਕੜ ਜ਼ਮੀਨ ਅਲੱਗ ਤੋਂ ਖਰੀਦੀ ਹੈ। ਉਨ੍ਹਾਂ ਉਸਾਰੀ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਨਾਲ ਛੇੜ-ਛਾੜ ਕੀਤੇ ਜਾਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਯਾਤਰੂਆਂ ਲਈ ਬਣਾਏ ਜਾਣ ਵਾਲੇ ਸ਼ਾਪਿੰਗ ਮਾਲ, ਉਡੀਕ-ਘਰ, ਸਰਾਂ, ਲੰਗਰ ਭਵਨ, ਸਰੋਵਰ ਅਤੇ ਹੋਰ ਸਮਾਰਕਾਂ ਦਾ ਨਿਰਮਾਣ ਗੁਰਦੁਆਰਾ ਸਾਹਿਬ ਦੀ ਦੀਵਾਰ ਦੇ ਬਾਹਰਵਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 104 ਏਕੜ ਜ਼ਮੀਨ ਵਿਚ ਅੱਜ ਵੀ ਜੈਵਿਕ ਖੇਤੀ ਕੀਤੀ ਜਾ ਰਹੀ ਹੈ। ਪਾਕਿ ਸਰਕਾਰ ਵਲੋਂ ਖਰੀਦੀ ਗਈ ਭੂਮੀ ‘ਚੋਂ 300 ਏਕੜ ਵਿਚ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਖ਼ੂਬਸੂਰਤ ਬੂਟੇ ਲਗਾਏ ਜਾਣਗੇ ਅਤੇ 100 ਏਕੜ ਭੂਮੀ ਵਿਚ ਕਣਕ ਤੇ ਮੱਕੀ ਦੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਪਨੀਰੀ ਅਤੇ ਮੌਸਮੀ ਸਬਜ਼ੀਆਂ ਬੀਜੀਆਂ ਜਾਣਗੀਆਂ। ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਲੰਗਰ ‘ਚ ਹੋਰਨਾਂ ਪਕਵਾਨਾਂ ਦੇ ਨਾਲ-ਨਾਲ ਗੁਰੂ ਜੀ ਦੇ ਖੇਤਾਂ ਵਿਚ ਲਗਾਏ ਸਰ੍ਹੋਂ ਦੇ ਸਾਗ ਨਾਲ ਮੱਕੀ ਦੇ ਪ੍ਰਸ਼ਾਦੇ ਛਕਾਏ ਜਾਣਗੇ।
ਪੰਜਾਬ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤਾ ਭਰੋਸਾ
ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਗਲੇ ਮਹੀਨੇ ਤੱਕ ਮਿਲ ਜਾਵੇਗੀ ਜ਼ਮੀਨ
ਨਵੀਂ ਦਿੱਲੀ : ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭਰੋਸਾ ਦਿੱਤਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੜਕ ਅਤੇ ਚੌਕੀਆਂ ਬਣਾਉਣ ਲਈ ਮਾਰਚ ਦੇ ਅੱਧ ਤੱਕ ਜ਼ਮੀਨ ਮੁਹੱਈਆ ਕਰਵਾ ਦਿੱਤੀ ਜਾਵੇਗੀ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਯੋਜਨਾ ‘ਤੇ ਤੇਜ਼ੀ ਨਾਲ ਅਮਲ ਕਰਨ ਬਾਰੇ ਮੰਗਲਵਾਰ ਨੂੰ ਨਵੀਂ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰਾਲਾ ਵਿਚ ਇਕ ਉਚ ਪੱਧਰੀ ਬੈਠਕ ਹੋਈ। ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੇਬਾ ਨੇ ਕੀਤੀ। ਇਸ ਵਿਚ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਬੀ ਐਸ ਐਫ ਦੇ ਮੁਖੀ ਆਰ ਕੇ ਮਿਸ਼ਰਾ, ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਅਤੇ ਹੋਰਨਾਂ ਏਜੰਸੀਆਂ ਦੇ ਚੋਟੀ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਤੌਰ ‘ਤੇ ਸੜਕ ਅਤੇ ਏਕੀਕ੍ਰਿਤ ਚੌਕੀਆਂ ਲਈ ਜ਼ਮੀਨ ਹਾਸਲ ਕਰਨ ਬਾਰੇ ਵਿਚਾਰ ਵਟਾਂਦਰਾ ਹੋਇਆ। ਇਹ ਦੱਸਿਆ ਗਿਆ ਕਿ ਜ਼ਮੀਨ ਹਾਸਲ ਕਰਨ ਲਈ ਮੁੱਢਲਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਜ਼ਮੀਨ ਨੂੰ ਹਾਸਲ ਕਰਨ ਦਾ ਕੰਮ ਪ੍ਰਗਤੀ ‘ਤੇ ਹੈ। ਇਸ ਦੇ 4 ਪੜਾਅ ਹਨ ਅਤੇ ਹੁਣ ਦੂਜੇ ਪੜਾਅ ਦਾ ਕੰਮ ਹੋ ਰਿਹਾ ਹੈ। ਮਾਰਚ ਦੇ ਅੱਧ ਤੱਕ ਇਹ ਕੰਮ ਮੁਕੰਮਲ ਹੋ ਜਾਵੇਗਾ।
ਫਾਟਕ ਅਜੇ ਹਨ ਬੰਦ ਦੂਰਬੀਨਾਂ ਵੀ ਹੋ ਗਈਆਂ ਚੋਰੀ
ਅਜੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤਿਆਰ ਵੀ ਨਹੀਂ ਹੋਇਆ ਤੇ ਨਾ ਹੀ ਲਾਂਘਾ ਖੁੱਲ੍ਹਿਆ ਹੈ ਤਾਂ ਦੂਰੋਂ ਸੰਗਤ ਲਈ ਦਰਸ਼ਨ ਕਰਨ ਦਾ ਇਕ ਮਾਤਰ ਸਾਧਨ ਦੂਰਬੀਨਾਂ ਸਨ, ਉਹ ਵੀ ਚੋਰੀ ਹੋ ਗਈਆਂ। ਬੀਐਸਐਫ ਵੱਲੋਂ ਲੰਮੇ ਸਮੇਂ ਤੋਂ ਲਗਾਈ ਗਈ ਪੁਰਾਣੀ ਦੂਰਬੀਨ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਕ ਹਫ਼ਤਾ ਪਹਿਲਾਂ ਲਗਾਈ ਦੂਰਬੀਨ ਵੀ ਗਾਇਬ ਹੈ ਤੇ ਸੰਗਤ ਹੁਣ ਦੂਰ ਤੋਂ ਹੀ ਦਰਸ਼ਨ ਕਰ ਰਹੀ ਹੈ, ਜਦੋਂਕਿ ਦੂਰਬੀਨਾਂ ਲਈ ਲਗਾਇਆ ਗਿਆ ਖਾਲੀ ਸਟੈਂਡ ਹੀ ਆਪਣੀ ਥਾਂ ‘ਤੇ ਬਚਿਆ ਹੈ।
ਜ਼ਮੀਨ ਐਕਵਾਇਰ ਦਾ ਮੁੱਦਾ ਉਲਝਿਆ : ਕਿਸਾਨ ਮੰਗ ਰਹੇ ਨੇ 88 ਲੱਖ ਰੁਪਏ ਪ੍ਰਤੀ ਕਿੱਲਾ
ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਉਲਝ ਗਿਆ ਹੈ। ਸਰਕਾਰ ਨੇ ਕਿਸਾਨਾਂ ਨੂੰ 20-25 ਲੱਖ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਕਿਸਾਨਾਂ ਨੇ ਨਕਾਰ ਦਿੱਤਾ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਤਰਨਤਾਰਨ ਅਤੇ ਜੰਡਿਆਲਾ ਗੁਰੂ ਵਿਚ ਕਿਸਾਨਾਂ ਦੀ ਜ਼ਮੀਨ ਲੈਣ ‘ਤੇ ਉਨ੍ਹਾਂ ਨੂੰ 88 ਲੱਖ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਹੈ। ਉਨ੍ਹਾਂ ਨੂੰ ਵੀ ਇਸੇ ਹਿਸਾਬ ਨਾਲ ਮੁਆਵਜ਼ਾ ਮਿਲਣਾ ਚਾਹੀਦਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …