Breaking News
Home / ਨਜ਼ਰੀਆ / ਸਾਹਿਤ ਅਤੇ ਜੁਗਾੜਵਾਦ

ਸਾਹਿਤ ਅਤੇ ਜੁਗਾੜਵਾਦ

ਪ੍ਰੋ. ਤਲਵਿੰਦਰ ਮੰਡ
ਸਮਾਜਿਕ ਤੌਰ ‘ਤੇ ਸਾਹਿੱਤ ਮਨੁੱਖ ਦੀਆਂ ਭਾਵਨਾਵਾਂ ਦੇ ਪ੍ਰਗਟਾ ਦਾ ਹੁਣ ਤੱਕ ਸੰਸਾਰ ਅੰਦਰ ਇੱਕ ਵਧੀਆ ਸਾਧਨ ਰਿਹਾ ਹੈ। ਉਹ ਹਰ ਗੱਲ ਜੋ ਸਿੱਧੇ ਰੂਪ ਵਿੱਚ ਨਹੀਂ ਕਹੀ ਜਾ ਸਕਦੀ, ਉਸ ਨੂੰ ਸਾਹਿੱਤ ਰਾਹੀਂ ਸੁੱਤੇ-ਸਿੱਧ ਹੀ ਸਾਹਿੱਤਕ-ਯੁਕਤਾਂ ਦੇ ਰੂਪ ਵਿੱਚ ਕਿਹਾ ਜਾ ਸਕਦਾ ਹੈ।
ਦੂਸਰੇ ਰੂਪ ਵਿੱਚ ਸਾਹਿੱਤ ਨੇ ਜੋ ਰੋਲ ਸਮਾਜ ਅੰਦਰ ਅਦਾ ਕਰਨਾ ਹੈ ਉਸ ਦੀ ਗਤੀ ਬਹੁਤ ਧੀਵੀਂ ਹੈ ਅਤੇ ਨਾ ਹੀ ਇਸ ਵਲੋਂ ਕੋਈ ਹਥੇਲੀ ਉਪਰ ਸਰੋਂ ਜਮਾਉਣ ਦਾ ਕੰਮ ਕੀਤਾ ਜਾਣਾ ਹੈ। ਸਾਹਿੱਤ ਕੋਈ ਜ਼ਿੰਦਗੀ ਦਾ ਸਥੂਲ ਰੂਪ ਨਹੀਂ ਅਤੇ ਨਾ ਹੀ ਗਣਿਤ ਦਾ ਫਾਰਮੂਲਾ ਹੈ ਜਿਸ ਨੂੰ ਲਾਗੂ ਕਰਕੇ ਦੋ ਵਿੱਚ ਦੋ ਜਮ੍ਹਾ ਕਰਕੇ ਉੱਤਰ ਚਾਰ ਲਿਆ ਜਾ ਸਕੇ। ਇਸ ਦਾ ਸੰਬੰਧ ਸਿਰਫ ਭਾਵਨਾਵਾਂ ਨਾਲ ਹੈ ਅਤੇ ਭਾਵਨਾਵਾਂ ਦੀਆਂ ਤਰੰਗਾਂ ਹਰ ਮਨੁੱਖ ਅੰਦਰ ਹਰ ਲੈਵਲ ਉਪਰ ਵੱਖਰੀਆਂ ਹਨ। ਹਰ ਇਕ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਵੱਖਰਾ ਹੈ। ਇਹੀ ਕਾਰਣ ਹੈ ਕਿ ਸਮੇਂ ਸਮੇਂ ਸਾਹਿੱਤ ਅੰਦਰ ਪੈਦਾ ਹੋਈਆਂ ਲਹਿਰਾਂ ਇੱਕ ਵਿਸ਼ੇ ਉਪਰ ਸਹਿਮਤ ਹੁੰਦੀਆਂ ਵੀ ਵੱਖਰੇਵਾਂ ਰੱਖਦੀਆਂ ਸਨ। ਜਿਸ ਲਈ ਸੂਫੀਂ ਕਾਵਿ ਦੀ ਮਿਸਾਲ ਲਈ ਜਾ ਸਕਦੀ ਹੈ। ਬਾਬਾ ਫਰੀਦ ਦਾ ਸੂਫੀਵਾਦ ਹੋਰ ਤਰ੍ਹਾਂ ਪ੍ਰਗਟ ਹੁੰਦਾ ਹੈ ਅਤੇ ਇਹੀ ਵਿਚਾਰਧਾਰਾ ਬੁੱਲ੍ਹੇਸ਼ਾਹ ਤੱਕ ਪਹੁੰਚਦਿਆ ਵੱਖਰਾ ਰੂਪ ਅਖਤਿਆਰ ਕਰ ਜਾਂਦੀ ਹੈ। ਸਹਿਜਤਾ ਤੋਂ ਅਸਜਿਤਾ ਭਾਰੂ ਹੋਣ ਲਗਦੀ ਹੈ। ਇਹੀ ਗੱਲ ਗੁਰੁ ਨਾਨਕ ਤੋਂ ਚੱਲ ਕੇ ਗੁਰੁ ਗੋਬਿੰਦ ਸਿੰਘ ਤੱਕ ਪਹੁੰਚਦੀ ਹੈ ਤਾਂ ਵੱਖਰਾ ਰੂਪ ਇੱਕ ਮਾਲਾ ਅੰਦਰਲੇ ਮਣਕਿਆਂ ਵਿੱਚ ਵੇਖਿਆ ਜਾ ਸਕਦਾ ਹੈ। ਇਸ ਲਈ ਸਾਹਿੱਤ ਮੌਕੇ ਦੇ ਸਮਾਜ ਦਾ ਪ੍ਰਤੀਬਿੰਬ ਤਾਂ ਹੈ ਪਰ ਜ਼ਰੂਰੀ ਨਹੀਂ ਕਿ ਇਹ ਭਵਿੱਖ ਦਾ ਵੀ ਬਿੰਬ ਹੋਵੇ, ਕਿਉਂਕਿ ਹਰ ਯੁੱਗ ਦੀਆਂ ਚਣੌਤੀਆਂ, ਪ੍ਰਸਥਿਤੀਆ ਅਤੇ ਸੀਮਾਵਾਂ ਵੱਖਰੀਆਂ ਹੋ ਸਕਦੀਆਂ ਹਨ।
ਅਜੋਕੇ ਯੁੱਗ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿੱਤ ਨੇ ਕਈ ਦਿਸਹੱਦਿਆਂ ਨੂੰ ਪਾਰ ਕੀਤਾ ਹੈ। ਵਿਸ਼ਵ ਪੱਧਰ ਦੀਆਂ ਚਣੌਤੀਆਂ ਨੂੰ ਪੰਜਾਬੀ ਭਾਸ਼ਾ ਨੇ ਕਬੂਲਿਆ ਹੈ, ਭਾਵੇਂ ਪੰਜਾਬੀ ਭਾਸ਼ਾ ਨੂੰ ਕੰਪਿਉਟਰ ਦੇ ਯੋਗ ਬਣਾਉਣਾ ਹੋਵੇ ਜਾਂ ਉਸ ਵਿੱਚ ਵਿੱਚ ਵਿਸ਼ਵ ਪੱਧਰ ਦੇ ਵਿਸ਼ਿਆ ਦਾ ਨਿਭਾ ਹੋਵੇ। ਆਪਣੀ ਵਿਰਾਸਤੀ ਪਰੰਪਰਾ ਨੂੰ ਵੀ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ ਅਤੇ ਨਵੇਂ ਪ੍ਰਯੋਗ ਅਕਾਦਮਿਕ ਅਤੇ ਗੈਰ-ਅਕਾਦਮਿਕ ਪੱਧਰਾਂ ਉਪਰ ਕੀਤੇ ਜਾ ਰਹੇ ਹਨ ਅਤੇ ਵਧੀਆ ਨਤੀਜੇ ਹਾਸਲ ਹੋ ਰਹੇ ਹਨ।
ਇਹ ਸਭ ਤੋਂ ਬਾਅਦ ਵੀ ਇਕ ਖਾਸ ਤਰ੍ਹਾਂ ਦਾ ਮਾਹੌਲ ਜੋ ਸਾਹਿੱਤ ਦੇ ਅਨੁਕੂਲ ਨਹੀਂ ਹੈ, ਸਹਿਜੇ ਸਹਿਜੇ ਸਿਰਜ ਹੋ ਰਿਹਾ ਹੈ। ਇਹ ਗੱਲ ਖਾਸ ਤੌਰ ਉਪਰ ਭਾਰੂ ਹੋ ਰਹੀ ਹੈ ਜਦੋਂ ਗਲੋਬਲ ਯੁੱਗ ਦਾ ਬੋਲਬਾਲਾ ਚਾਰ ਚੁਫੇਰੇ ਹੈ ਅਤੇ ਸੋਸ਼ਲ ਨੈੱਟਵਰਕ ਦੀ ਸਹੂਲਤ ਸੌਖੇ ਤਰੀਕੇ ਨਾਲ ਵਿਕਸਤ ਅਤੇ ਵਿਕਾਸ਼ਸ਼ੀਲ ਮੁਲਕਾਂ ਵਿੱਚ ਹਾਸਲ ਹੈ।
ਅੱਜ ਪੰਜਾਬੀ ਭਾਸ਼ਾ ਅਤੇ ਸਾਹਿੱਤ ਦਾ ਇੱਕ ਦੁਖਾਂਤਕ ਦੌਰ ਇਸ ਕਰਕੇ ਵੀ ਸ਼ੁਰੂ ਹੋ ਚੁੱਕਾ ਹੈ, ਜਿਸ ਵਿੱਚ ਸਾਰੀਆਂ ਹੀ ਯਤਨਸ਼ੀਲ ਅਦਾਰੇ ਅਤੇ ਸਭਾ/ਸਭਾਵਾਂ ਆਪਣੀਆਂ ਜ਼ਿਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਾ ਸੰਭਾਲਦਿਆਂ ਕੇਵਲ ਜੁਗਾੜੀ-ਵਿਧੀਆਂ ਨੂੰ ਲਾਗੂ ਕਰਕੇ ਲਾਹੇ ਖੱਟਣ ਵਿੱਚ ਲੱਗੇ ਹੋਏ ਹਨ, ਜਿਸ ਦੀ ਮਿਸਾਲ ਸਮੇਂ-ਸਮੇਂ ਦੌਰਾਨ ਕੀਤੀਆਂ ਜਾਂਦੀਆਂ ਵਿਸ਼ਵ ਪੱਧਰੀ ਸਮਾਗ਼ਮਾਂ/ਕਾਨਫਰੰਸਾਂ ਤੋਂ ਮਿਲ ਜਾਂਦੀ ਹੈ। ਚਾਹੇ ਇਹ ਕਾਨਫਰੰਸਾਂ ਕਿਸੇ ਪੰਜਾਬ ਦੀ ਯੂਨੀਵਰਸਿਟੀ ਕਰਵਾ ਰਹੀ ਹੋਵੇ ਜਾਂ ਕੋਈ ਬਾਹਰਲਾ ਦੇਸ਼, ਇਸ ਵਿੱਚ ਸ਼ਾਮਲ ਹੋਣ ਵਾਲੇ ਅਤੇ ਪ੍ਰਬੰਧ ਕਰਨ ਵਾਲੇ ਬਹੁਤੇ ਲੋਕ ਗੈਰ-ਸਾਹਿੱਤਕ ਹੀ ਹੁੰਦੇ ਹਨ ਅਤੇ ਇਨ੍ਹਾਂ ਦਾ ਕੋਈ ਖਾਸ ਮਨੋਰਥ ਹੁੰਦਾ ਹੈ ਜੋ ਸਾਹਿੱਤਕ ਨਾ ਹੋ ਕੇ ਅਸਾਹਿੱਤਕ ਅਤੇ ਕਿਸੇ ਜੁਗਾੜ-ਨੁਮਾ ਮਕਸਦ ਵੱਲ ਭਾਰੂ ਹੁੰਦਾ ਕਿਹਾ ਜਾ ਸਕਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਹ ਸਮਾਗਮ ਕਿਸੇ ਸਿੱਟੇ ਉਪਰ ਨਹੀਂ ਪਹੁੰਚਦੇ ਅਤੇ ਨਾ ਹੀ ਕਿਸੇ ਪਾਸ ਕੀਤੇ ਗਏ ਮਤੇ ਨੂੰ ਲਾਗੂ ਕੀਤਾ ਜਾਂਦਾ ਹੈ। ਗੱਲ ਭਾਸ਼ਾ ਦੀ ਕਰੈਡੇਬਿਲਟੀ ਦੀ ਨਾ ਹੋ ਕੇ ਸੰਸਥਾਂ ਜਾਂ ਵਿਅਕਤੀ-ਵਿਸ਼ੇਸ਼ ਦੀ ਕਰੈਡੇਬਿਲਟੀ ਦੀ ਹੋ ਨਿਬੜਦੀ ਹੈ।
ਮੈ ਇਕ ਗੱਲ ਪੰਜਾਬੀ ਸਾਹਿੱਤ ਅੰਦਰ ਕਿਸੇ ਵੇਲੇ ਪੈਦਾ ਹੋਈ ”ਪ੍ਰੋਗਰੈਸਿਵ ਰਾਈਟਰਜ਼ ਅਸੋਸੀਏਸ਼ਨ” ਦੇ ਹਵਾਲੇ ਨਾਲ ਕਰਨੀ ਚਾਹੂੰਦਾ ਹਾਂ। ਜਿਸ ਨੂੰ ਪੈਦਾ ਕਰਨ ਵਿੱਚ ਪ੍ਰੋਫੈਸਰ ਮੋਹਨ ਸਿੰਘ ਅਤੇ ਉਸ ਦੇ ਸਮਕਾਲੀ ਸਾਹਿੱਕਾਰਾਂ ਵਲੋਂ ਇਸ ਲਹਿਰ ਨੂੰ ਪ੍ਰਚੰਡ ਕੀਤਾ ਗਿਆ ਸੀ ਅਤੇ ਲੇਖਕਾਂ ਦੀਆਂ ਕਲਮਾਂ ਦਾ ਮੂੰਹ ਲੋਕ-ਮਸਲਿਆ ਵੱਲ ਮੋੜ੍ਹ ਦਿੱਤਾ ਗਿਆ ਸੀ। ਨਿੱਜੀ ਗੱਲਾਂ ਤੋਂ ਹੱਟ ਕੇ ਬਹੁਤ ਸਾਰੇ ਲੋਕ ਲੋਟੂ ਅਤੇ ਲੁੱਟੀ ਜਾਣ ਵਾਲੀ ਜਮਾਤ ਦੀਆਂ ਗੱਲਾਂ ਆਪਣੀਆਂ ਰਚਨਾਵਾਂ ਵਿੱਚ ਕਰਨ ਲੱਗ ਪਏ ਸਨ। ਉਦੋਂ ਕਰੈਡੇਬਿਲਟੀ ਮੋਹਨ ਸਿੰਘ ਨੇ ਨਹੀਂ ਸੀ ਲਈ ਸਗੋਂ ਇੱਕ ਉਸਰ ਰਹੀ ਲੇਖਕ-ਲਹਿਰ ਨੂੰ ਦਿੱਤੀ ਗਈ ਸੀ ਜਿਸ ਵਿੱਚ ਨਿੱਜ ਤੋਂ ਉਪਰ ਉੱਠ ਕੇ ਬਹੁਤ ਸਾਰੇ ਲੋਕ ਸ਼ਾਮਲ ਹੋ ਗਏ ਸਨ। ਇਸ ਵਿੱਚ ਕਵੀ ਮੋਹਨ ਸਿੰਘ ਦਾ ਕੋਈ ਜੁਗਾੜ ਜਾ ਨਿੱਜ ਨਹੀਂ ਸੀ। ਪਿਛਲੇ ਸਮੇਂ ਅੰਦਰ ਇੱਕ ਕਾਨਫਰੰਸ ਕੈਨੇਡਾ ਵਿੱਚ ਹੋਈ ਸੀ ਜਿਸ ਵਿੱਚ ਭਾਰਤ ਵਿੱਚਲੇ ਪੰਜਾਬ ਤੋਂ ਸਿਰ ਕੱਢ ਸਾਹਿੱਤਕਾਰ ਅਤੇ ਪੰਜਾਬੀ ਭਾਸ਼ਾ ਨਾਲ ਵਾਸਤਾ ਰੱਖਣ ਵਾਲੇ, ਸਾਹਿੱਤ ਅਕਾਦਮੀ ਦਿੱਲੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਇਨਾਮ-ਕਨਾਮ ਹਾਸਲ ਕਰਨ ਵਾਲੇ ਲੋਕ ਥੋਕ ਦੇ ਰੂਪ ਵਿੱਚ ਸ਼ਾਮਲ ਹੋਏ। ਕਾਨਫਰੰਸ ਤੋਂ ਬਾਅਦ ਇਹੀ ਵਿਦਵਾਨ-ਲੋਕ ਘਰੇਲੂ ਸੱਥਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਆਪਣੇ ਤਜ਼ਰਬੇ, ਜੋ ਬਹੁਤੇ ਨਿਰਾਰਥਕ ਰੂਪ ਵਿੱਚ ਸਨ, ਸਾਂਝੇ ਕਰਦੇ ਸੁਣੇ ਗਏ ਅਤੇ ਇਹ ਗੱਲਾਂ ਵੀ ਸੁਣਨ ਵਿੱਚ ਆਈਆਂ ਕਿ ਇਸ ਕਾਨਫਰੰਸ ਨੂੰ ਕਰਾਉਣ ਦਾ ਕੀ ਫਾਇਦਾ ਜੇਕਰ ਆਪਣੇ ਸੋਹਲੇ ਹੀ ਗਾਉਣ ਲਈ ਕਹਿਣਾ ਸੀ। ਇਹ ਵਿਦਵਾਨ-ਲੋਕ ਜੋ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਗੰਭੀਰ ਸੋਚ ਰੱਖਣ ਵਾਲੇ ਚਿੰਤਕ ਲੋਕ ਸਨ, ਕੱਖਾਂ ਤੋਂ ਹੌਲੇ ਹੁੰਦੇ ਵੇਖੇ ਗਏ। ਇਸ ਕਾਨਫਰੰਸ ਦੇ ਸਾਰੇ ਨਿਚੋੜ ਬਾਰੇ ਕਿਸੇ ਪੰਜਾਬੋਂ ਆਏ ਕਵੀ ਨਾਲ ਗੱਲ ਕੀਤੀ ਗਈ ਕਿ ਸਾਰੀ ਗੱਲ ਕਿਸ ਨਤੀਜੇ ਉਪਰ ਪੁੱਜੀ ਹੈ? ਉਸ ਸਖ਼ਸ ਨੇ ਸਖ਼ਤ ਸ਼ਬਦ ਵਰਤਦਿਆਂ ਕਿਹਾ ਕਿ ‘ਸੁਆਹ’ ਨਤੀਜੇ ਉਪਰ। ਉਸ ਨੇ ਇਹ ਵੀ ਕਿਹਾ ਕਿ ਉਹ ਇਥੇ ਆ ਕੇ ਆਪਣੇ ਆਪ ਨੂੰ ਬੇਇਜ਼ਤ ਹੋਇਆ ਮਹਿਸੂਸ ਕਰਦਾ ਹੈ। ਉਸ ਦਾ ਇਹ ਵੀ ਕਹਿਣਾ ਸੀ ਕਿ ਅਗਰ ਕੋਈ ਇਸ ਕਾਨਫਰੰਸ ਦਾ ਪ੍ਰਬੰਧਕ ਉਸ ਨੂੰ ਪੰਜਾਬ ਵਿੱਚ ਮਿਲੇਗਾ ਤਾਂ ਉਹ ਮੂੰਹ ਨਹੀਂ ਲਗਾਏਗਾ। ਪਰ ਕੁਝ ਸਮੇਂ ਬਾਆਦ ਹੀ ਇਸ ਸਾਹਿੱਤਕਾਰ ਨੇ ਆਪਣੇ ਜੁਗਾੜਾਂ ਨੂੰ ਭਵਿੱਖ ਵਿੱਚ ਚਾਲੂ ਰੱਖਣ ਲਈ ਟੋਰਾਂਟੋ ਵਿੱਚ ਕਹੇ ਸ਼ਬਦਾਂ ਨੂੰ ਖੂਹ ਵਿੱਚ ਪਾਉਦਿਆਂ ਆਪਣੀ ਪੰਜਾਬ ਵਿੱਚਲੀ ਸਾਹਿੱਕਤ ਸਭਾ ਦੇ ਸਲਾਨਾ ਸਮਾਗਮ ਵਿੱਚ ਕੈਨੇਡਾ ਅੰਦਰ ਹੋਈ ਖਾਤਰਦਾਰੀ ਦਾ ਅਹਿਸਾਨ ਉਤਾਰਨ ਲਈ ਇਥੋਂ ਦੇ ਪਰ ਤੋਲ ਰਹੇ ਸਾਹਿੱਕਾਰਾਂ ਲਈ ਇਨਾਮਾਂ ਦਾ ਪ੍ਰਬੰਧ ਕੀਤਾ, ਕਿਉਂਕਿ ਇਹ ਜੁਗਾੜਵਾਦੀ ਨੀਤੀ ਦਾ ਸ਼ਾਇਦ ਉਸ ਨੂੰ ਅਗਲੇ ਸਮਿਆਂ ਅੰਦਰ ਕੋਈ ਫਾਇਦਾ ਹੋ ਸਕੇ?
ਪੰਜਾਬੀ ਸਾਹਿੱਤ ਅਤੇ ਸਭਿਆਚਾਰ ਦਾ ਨਿੱਗਰ ਪਲੇਟ ਫਾਰਮ ਦੋਨਾਂ ਪੰਜਾਬਾਂ ਦੀ ਧਰਤੀ ਨੂੰ ਅੱਜ ਵੀ ਮੰਨਿਆ ਜਾ ਰਿਹਾ ਹੈ। ਲਹਿੰਦੇ ਪੰਜਾਬ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਚੜ੍ਹਦੇ ਪੰਜਾਬ ਅੰਦਰਲੇ ਸਮਰੱਥ ਸਾਹਿੱਤਕਾਰ ਬਾਹਰਲੇ ਦੇਸ਼ ਵੇਖਣ ਦੀ ਲਾਲਸਾ ਕਾਰਣ ਆਪਣੇ ਕੱਦ ਕਾਠ ਦੇ ਮਿਆਰ ਤੋਂ ਹੇਠਾਂ ਡਿੱਗਦੇ ਵੇਖੇ ਗਏ ਹਨ। ਬਾਹਰਲਾ ਵੀਜ਼ਾ ਲੈਣ ਦੀ ਇੱਛਾ ਖਾਤਰ ਆਪਣੇ ਜੁਗਾੜ ਨਾਲ ਉਹ ਕਿਸੇ ਅਸਾਹਿੱਤਕ ਵਿਅਕਤੀ ਨੂੰ ਵੀ ਵੱਡਾ ਸਾਹਿਤਕਾਰ ਸਿੱਧ ਕਰ ਦਿੰਦੇ ਹਨ। ਅਜਿਹਾ ਕਰਦਿਆਂ ਉਹ ਆਪਣੇ ਰੁੱਤਬੇ ਦੀ ਮਾਣ-ਮਰਿਆਦਾ ਵੀ ਭੁੱਲ ਜਾਂਦੇ ਹਨ ਕਿ ਉਹ ਕਿਸ ਪੁਜ਼ੀਸ਼ਨ ਵਿੱਚ ਹਨ ਅਤੇ ਆਪਣੇ ਛੋਟੇ ਜਿਹੇ ਲਾਲਚ ਲਈ ਭਾਸ਼ਾ ਅਤੇ ਸਾਹਿੱਤ ਦਾ ਕਿੰਨਾ ਨੁਕਸਾਨ ਕਰ ਰਹੇ ਹਨ। ਜਿੱਥੇ ਇਸ ਕਾਰਨਾਮੇ ਨਾਲ ਹੋਰ ਨੁਕਸਾਨ ਜੁੜੇ ਹੋਏ ਹਨ ਉਥੇ ਇਸ ਉਭਰ ਰਹੇ ਲੇਖਕ ਦੀਆਂ ਪੈਦਾ ਹੋ ਰਹੀਆਂ ਪ੍ਰਵਿਰਤੀਆਂ ਦਾ ਵੀ ਗਲ੍ਹਾ ਘੁਟਿਆ ਜਾਂਦਾ ਹੈ।
ਸਾਹਿਤ ਸਿਰਜਣਾ ਵਿੱਚ ਲੱਗ ਕੇ ਪ੍ਰਵਾਨ ਚੜ੍ਹਨ ਲਈ ਕੋਸ਼ਿਸ਼ਾਂ ਕਰ ਰਹੇ ਬਦੇਸ਼ੀ ਮਿੱਤਰ ਵੀ ਆਪਣੇ ਸਾਹਿੱਤਕ ਪੱਲੇ ਦੇ ਖਾਲੀ ਹੋਣ ਦੇ ਵਾਬਜੂਦ ਕਿਸੇ ਵੱਡੇ ਵਿਦਵਾਨ ਜਾਂ ਸਾਹਿਤਕਾਰ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਜੁਗਾੜਵਾਦੀ ਬਣਦੇ ਹਨ। ਉਹ ਭਾਰਤ ਜਾਂਦੇ ਹਨ, ਉਥੇ ਜਾ ਕੇ ‘ਗਿਫਟ’ ਰਾਜਨੀਤੀ ਖੇਡਦੇ ਹਨ। ਇੰਡੀਆ ਵਿੱਚ ਵੱਡੀਆਂ ਹਸਤੀਆਂ ਨੂੰ ਆਪਣੀ ਰਾਜਨੀਤੀ ਦਾ ਸ਼ਿਕਾਰ ਬਣਾਉਦਿਆਂ ਉਨ੍ਹਾਂ ਕੋਲੋਂ ਸਮਾਗਮ ਕਰਵਾਉਦੇ ਹਨ ਅਤੇ ਆਪਣੀ ਬੱਲੇ ਬੱਲੇ ਅਖ਼ਬਾਰਾਂ ਵਿੱਚ ਕਰਵਾਉਦੇ ਹਨ, ਫੋਟੋ ਖਿਚਵਾਉਦੇ ਹਨ ਅਤੇ ਫੇਸ-ਬੁੱਕ ਉਪਰ ਪਾ ਕੇ ਖੁਸ਼ੀ ਮਹਿਸੂਸ ਕਰਦੇ ਹਨ ਪਰ ਇਸ ਕਾਰਵਾਈ ਨਾਲ ਸਾਹਿੱਤ ਨਾਲ ਜੋ ਅਨ੍ਹਿਆ ਹੋ ਰਿਹਾ ਹੈ ਉਸ ਤੋਂ ਬੇਖ਼ਬਰ ਆਪਣੇ ਜੁਗਾੜ ਲਗਾ ਜਾਂਦੇ ਹਨ। ਇਹ ਸਾਰੀ ਜੁਗਾੜਬਾਜ਼ੀ ਵਿੱਚ ਸਾਹਿੱਤ ਰੁੱਲ ਰਿਹਾ ਹੈ ਜਿਸ ਦੀ ਕਿਸੇ ਨੂੰ ਬਹੁਤੀ ਫਿਰਕ ਨਾ ਹੋਣ ਕਰਕੇ ਕੋਈ ਨਵੀਂ ਦਿਸ਼ਾ ਪ੍ਰਦਾਨ ਨਹੀਂ ਹੋ ਰਹੀ।
ਫੇਸ-ਬੁੱਕੀਆ ਸਾਹਿੱਤਕਾਰ ਵੀ ਆਪਣਾ ਬਣਦਾ ਯੋਗਦਾਨ ਇਸ ਅਸਾਹਿੱਤਕਤਾ ਵਿੱਚ ਪਾ ਰਹੇ ਹਨ। ਇਸ ਪ੍ਰਕਾਰਜ ਲਈ ਬਦੇਸ਼ੀ ਸਾਹਿਤਕਾਰ ਵੱਧ ਗਤੀਸ਼ੀਲ ਹਨ ਕਿਉਂਕਿ ਇਥੇ ਇੰਟਰਨੈੱਟ ਦੀ ਉਪਲੱਭਤਾ ਸੌਖੀ ਹੋਣ ਕਰਕੇ ਲੋਕ ਫੇਸ-ਬੁੱਕ ਲਈ ਕਵਿਤਾ ਦੀ ਤੁਕਾਂਤਬੰਦੀ ਕਰਦੇ ਹਨ ਅਤੇ ਹੌਲੀ ਹੌਲੀ ਭਰਮ ਪਾਲ ਲੈਂਦੇ ਹਨ ਕਿ ਉਹ ਚੰਗੇ ਕਵੀ ਬਣ ਗਏ ਹਨ। ਜਦੋਂ ਇੱਕ ਕਿਤਾਬ ਯੋਗੀਆਂ ਕਵਿਤਾਵਾਂ ਉਨ੍ਹਾਂ ਕੋਲ ਹੋ ਜਾਂਦੀਆਂ ਹਨ ਤਾਂ ਬਿਨ੍ਹਾਂ ਕਿਸੇ ਵਿਦਵਾਨ ਤੋਂ ਚੈੱਕ ਕਰਵਾਇਆਂ ਕੁਝ ਕੁ ਡਾਲਰਾਂ ਨੂੰ ਢੇਰ ਸਾਰੇ ਰੁਪੱਈਆਂ ਵਿੱਚ ਬਦਲਾਉਂਦੇ ਹਨ ਅਤੇ ਪੰਜਾਬ ਤੋਂ ਕਿਤਾਬਾਂ ਛਪਾ ਕੇ ਖੁੱਦ ਹੀ ਆਪਣੇ ਮਿੱਤਰਾਂ ਨੂੰ ਵੰਡ ਕੇ ਕਵੀ ਬਣ ਰਹੇ ਹਨ। ਇਸ ਮਾਜਰੇ ਵਿੱਚ ਚੰਗੀ ਸਾਹਿੱਤਕ-ਕਵਿਤਾ ਵਿਚਾਰੀ ਕੀ ਕਰੇ? ਇਸ ਪ੍ਰਕਾਰਜ ਲਈ ਜੁਗਾੜਵਾਦੀ ਪ੍ਰਕਾਸ਼ਕ ਬਰਾਬਰ ਦਾ ਰੋਲ ਅਦਾ ਕਰਦੇ ਹਨ, ਉਹ ਆਪਣੀ ਪਹਿਚਾਣ ਵਾਲੀ ਕਿਸੇ ਸਥਾਪਿਤ ਸ਼ਖ਼ਸੀਅਤ ਤੋਂ ਇਸ ਵਿਚਾਰੇ ਸਾਹਿਤਕਾਰ ਦੀ ਕਿਤਾਬ ਦਾ ਮੁੱਖ-ਬੰਦ ਲਿਖਵਾ ਕੇ ਚੰਗੀ ਕਿਤਾਬ ਹੋਣ ਦਾ ਪ੍ਰਮਾਣ ਪੱਤਰ ਲੈ ਦਿੰਦੇ ਹਨ। ਇਹ ਸਮਾਜ ਵਿੱਚ ਰੁੱਤਬਾ ਰੱਖਣ ਵਾਲੀ ਹਸਤੀ ਫਿਰ ਕਿਸੇ ਹੋਰ ਜੁਗਾੜ ਦੀ ਸ਼ਿਕਾਰ ਹੋ ਜਾਂਦੀ ਹੈ ਕਿ ਸ਼ਾਇਦ ਬਾਹਰਲਾ ਲੇਖਕ ਉਸ ਨੂੰ ਬਾਹਰਲੀ ਸੈਰ ਕਰਵਾ ਦੇਵੇ ਅਤੇ ਇਹ ਵਰਤਾਰਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ।
ਇਸ ਅਸਾਹਿੱਤਕਤ ਪ੍ਰਦੂਸ਼ਨ ਨੂੰ ਫੈਲਾਉਣ ਵਿੱਚ ਭਾਰਤ ਤੋਂ ਆਏ ਕੁਝ ਅਖੌਤੀ ਵਿਦਵਾਨ ਵੀ ਆਪਣਾ ਬਣਦਾ ਨਿੱਗਰ ਯੋਗਦਾਨ ਪਾ ਰਹੇ ਹਨ। ਉਹ ਆਪਣੇ ਕੁਝ ਕੁ ਮੁਫਾਦਾਂ ਖਾਤਰ ਕਿਸੇ ਦੀ ਗੈਰ-ਮਿਆਰੀ ਕਿਤਾਬ ਨੂੰ ਆਪਣੀ ਵਿਦਵਤਾ ਦੀ ਮੋਹਰ ਲਗਾ ਕੇ ਮਿਆਰੀ ਬਣਾ ਰਹੇ ਹਨ, ਗੈਰ-ਲੇਖਕ, ਲੇਖਕ ਬਣਾਏ ਜਾ ਰਹੇ ਹਨ, ਵਜਾਏ ਇਸ ਦੇ ਕਿ ਇਹ ਵਿਦਵਾਨ ਲੋਕ ਉਭਰ ਰਹੇ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਉਪਰ ਗਹਿਰ ਗੰਭੀਰ ਸੋਚ ਵਿਚਾਰ ਕਰਨ ਲਈ ਕਹਿਣ, ਸਗੋਂ ਗੈਰ ਮਿਆਰੀ ਕਿਤਾਬਾਂ ਦੇ ਮੁੱਖ-ਬੰਦ ਡਾਲਰ ਲੈ ਕੇ ਲਿਖ ਦਿੰਦੇ ਹਨ ਅਤੇ ਇੱਕ ਅਲੇਖਕ ਅੰਦਰ ਲੇਖਕ ਹੋਣ ਦਾ ਭਰਮ ਪੈਦਾ ਹੋ ਜਾਂਦਾ ਹੈ ਅਤੇ ਉਸ ਅੰਦਰਲੀ ਸਿੱਖਣ ਸ਼ਕਤੀ ਮਰ ਜਾਂਦੀ ਹੈ।
ਇਸੇ ਤਰ੍ਹਾਂ ਹੀ ਕੁਝ ਪ੍ਰੋੜ ਲੇਖਕ ਲੋਕ ਆਪਣੇ ਜੁਗਾੜਾਂ ਨਾਲ ਕਿਤਾਬਾਂ ਛਾਪਦੇ ਹਨ ਅਤੇ ਇਹ ਮੈਂ ਪਹਿਲੀ ਵਾਰੀ ਵੇਖਿਆ ਹੈ ਕਿ ਕਿਸੇ ਕਾਰੋਬਾਰੀ ਸਥਾਪਿਤ ਵਿਅਕਤੀ ਕੋਲੋਂ ਪੈਸੇ ਲੈ ਕੇ ਉਸ ਦੀ ਇਸ਼ਤਿਹਾਰਬਾਜ਼ੀ  ਇੱਕ ਸਾਹਿਤਕ ਕਿਤਾਬ ਵਿੱਚ ਕਰਕੇ ਕਿਤਾਬ ਛਾਪੀ ਜਾਂਦੀ ਹੈ। ਇਹ ਵਰਤਾਰਾ ਮੈਗ਼ਜ਼ੀਨਾਂ ਲਈ ਤਾਂ ਸੰਭਵ ਸੀ ਪਰ ਇਹ ਰੁਝਾਨ ਕੁਝ ਸਾਲਾਂ ਤੋਂ ਟੋਰਾਂਟੋ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਜਦ ਕਿ ਕਿਤਾਬ ਵਿੱਚ ਕਿਤਾਬ ਵਾਲੀ ਕੋਈ ਗੱਲ ਨਹੀਂ ਹੁੰਦੀ।
ਕਿਤਾਬਾਂ ਛੱਪ ਕੇ ਤਿਆਰ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਇਸ ਨੂੰ ਰੀਲੀਜ਼ ਕਰਨ ਦੀ ਜੋ ਬਿਲਕੁਲ ਹੀ ਤਰਕਹੀਣ ਹੁੰਦੀ ਹੈ। ਇਸ ਰੀਲੀਜ਼ਿੰਗ ਸਮਾਗਮ ਨੂੰ ਇੱਕ ਬੈਂਕੁਟ ਹਾਲ ਵਿੱਚ ਕਿਸੇ ਵਿਆਹ ਦੀ ਤਰ੍ਹਾਂ ਕੀਤਾ ਜਾਂਦਾ ਹੈ। ਆਏ ਹੋਏ ਮਹਿਮਾਨ ਲੇਖਕ ਦੀ ਲੇਖਣੀ ਦੀਆਂ ਤਾਰੀਫਾਂ ਦੇ ਝੂਠੇ ਪੁੱਲ ਬੰਨਦੇ ਹਨ, ਜਿਸ ਨਾਲ ਇੱਕ ਸਧਾਰਣ ਜਿਹਾ ਇਹ ਲੇਖਕ ਬੜ੍ਹਾ ਵੱਡਾ ਮਹਿਸੂਸ ਕਰਨ ਲੱਗਦਾ ਹੈ। ਇਸ ਸਮਾਗਮ ਤੋਂ ਬਾਅਦ ਰੀਲੀਜ਼ ਕੀਤੀ ਇਸ ਕਿਤਾਬ ਉਪਰ ਕੋਈ ਵੀ ਬਣਦੀ ਬਹਿਸ ਨਹੀਂ ਕੀਤੀ ਜਾਂਦੀ ਅਤੇ ਕੋਈ ਵੀ ਇਸ ਨੂੰ ਅਲੋਚਨਾਤਮ ਤਰੀਕੇ ਨਾਲ ਨਹੀਂ ਵਾਚਦਾ ਤਾਂ ਕਿ ਇਸ ਵਿੱਚਲਾ ਸੱਚ ਸਾਹਿੱਤ ਅਤੇ ਅਸਾਹਿਤ ਦੀ ਪਰਖ ਕੀਤੀ ਜਾ ਸਕੇ। ਇਹ ਕਿਤਾਬ ਆਉਦੀ ਹੈ ਸਾਹਿਤ ਵਿੱਚ ਪ੍ਰਦੂਸ਼ਨ ਪੈਦਾ ਕਰਦੀ ਹੈ ਅਤੇ ਅਲੋਪ ਹੋ ਜਾਂਦੀ ਹੈ। ਸਾਹਿਤ ਸਭਾਵਾਂ ਦਾ ਰੋਲ ਵੀ ਨਿਰਾਸ਼ਾ ਵਾਲਾ ਹੀ ਕਿਹਾ ਜਾ ਸਕਦਾ।
ਸਾਹਿਤ ਅੰਦਰ ਪੈਦਾ ਹੋ ਰਹੇ ਇਸ ਮਾਰੂ ਰੁਝਾਨ ਉਪਰ ਸੋਚਣ ਦੀ ਲੋੜ ਹੈ। ਜੇ ਫਿਲਮਾਂ ਉਪਰ ਕਿਸੇ ਸੈਂਸਰ ਦੀ ਲੋੜ ਹੈ ਤਾਂ ਇਹ ਲੋੜ੍ਹ ਸਾਹਿਤ ਉਪਰ ਵੀ ਪੈਦਾ ਹੋਣੀ ਚਾਹੀਦੀ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਸਾਡੇ ਕੀਤੇ ਗਏ ਛੋਟੇ ਹਿੱਤਾਂ ਵਾਲੇ ਇਹ ਕੰਮ ਕੱਲ ਨੂੰ ਚੁਰਾਹੇ ਵਿੱਚ ਖੜ੍ਹੇ ਕਰਨਗੇ ਅਤੇ ਅਗਲੀ ਪੀੜ੍ਹੀ ਦੇ ਸਨਮੁੱਖ ਹੋਣਾ ਔਖਾ ਹੋ ਜਾਵੇਗਾ। ਖਾਸ ਤੌਰ ‘ਤੇ ਪਰਵਾਸੀ ਸਾਹਿੱਤਕਾਰਾਂ ਨੂੰ ਆਪਣੀ ਪੈਸੇ ਦੀ ਜੁਗਾੜਬੰਦੀ ਤੋਂ ਸੁਚੇਤ ਹੋਣਾ ਚਾਹੀਦਾ ਹੈ। ਕੀ ਹੋਇਆ ਜੇਕਰ ਸਾਹਿੱਤ ਨੂੰ ਵਾਚਦਿਆਂ ਅਤੇ ਪ੍ਰੋੜਤਾ ਪੈਦਾ ਹੁੰਦਿਆਂ ਸਮਾਂ ਲੱਗ ਗਿਆ ਤਾਂ ਕਿਤਾਬ ਲਿਖਣ ਵਿੱਚ ਦੇਰੀ ਹੋ ਗਈ, ਕੋਈ ਹਰਜ਼ ਨਹੀਂ, ਪਰ ਜਦੋਂ ਆਪਣੀ ਲਿਖੀ ਕਿਤਾਬ ਕੁਝ ਸਮੇਂ ਤੋਂ ਬਾਅਦ ਪੜ੍ਹੋਗੇ ਤਾਂ ਉਸ ਵਿਚਲੀਆਂ ਊਣਤਾਈਆਂ ਸ਼ਾਇਦ ਘੱਟ ਨਜ਼ਰ ਆਉਣ।
ਰਸੂਲ ਹਮਜ਼ਾ ਤੋਵ ਦਾ ਕਥਨ ਇਥੇ ਖਾਸ ਮਾਅਨਾ ਰੱਖਦਾ ਹੈ ਕਿ ਅਗਰ ਤੁਸੀਂ ਵਰਤਮਾਨ ਨੂੰ ਗੋਲੀ ਨਾਲ ਫੁੰਡੋਂਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਉਡਾੲਗਾ।
ਜੇਕਰ ਅਜੋਕੀ ਬਾਜ਼ਾਰੂ ਪੰਜਾਬੀ ਗਾਇਕੀ ਨੂੰ ਪੰਜਾਬੀ ਸਾਹਿਤ ਅਜੇ ਆਪਣਾ ਅੰਗ ਮੰਨਣ ਲਈ ਤਿਆਰ ਨਹੀਂ ਹੋਇਆ ਤਾਂ ਉਸ ਦੇ ਕਾਰਣ ਕੋਈ ਹੋਰ ਨਹੀਂ ਸਗੋਂ ਇਹੀ ਹਨ ਜੋ ਹੁਣ ਅਸੀਂ ਅਜੋਕੇ ਸਾਹਿਤ ਵਿੱਚ ਪੈਦਾ ਕਰ ਰਹੇ ਹਾਂ। ਇਹ ਮਸਲੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਧਿਆਨ ਮੰਗਦੇ ਹਨ।

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …