24 ਵਾਰ ਸਰਕਾਰ ਬਣਾ ਕੇ ਸਭ ਤੋਂ ਵੱਧ ਸਮਾਂ ਰਾਜ ਕਰਨ ਦਾ ਰਿਕਾਰਡ ਲਿਬਰਲ ਦੇ ਨਾਮ, ਤੀਜੀ ਪਾਰਟੀ ਨੂੰ ਅਜੇ ਤੱਕ ਕੈਨੇਡੀਅਨਾਂ ਨੇ ਨਹੀਂ ਦਿੱਤਾ ਮੌਕਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਭੂਗੋਲਿਕ ਪੱਖੋਂ ਕੈਨੇਡਾ ਦੁਨੀਆ ਦਾ ਦੂਸਰਾ ਵੱਡਾ ਦੇਸ਼ ਹੈ ਅਤੇ ਓਥੇ ਇਸ ਸਮੇਂ 43ਵੀਂ ਸੰਸਦ ਦੇ ਗਠਨ ਲਈ ਚੋਣ ਪ੍ਰਚਾਰ ਦੇ ਦੋ ਹਫਤੇ ਲੰਘ ਗਏ ਹਨ ਅਤੇ ਪ੍ਰਚਾਰ ਦੇ ਤਿੰਨ ਕੁ ਹਫਤੇ ਅਜੇ ਬਾਕੀ ਰਹਿੰਦੇ ਹਨ। ਇਨ੍ਹਾਂ ਦਿਨਾਂ ਦੌਰਾਨ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀਆਂ ਬਹਿਸਾਂ ਦੇ ਸਿੱਧੇ ਅਤੇ ਰਿਕਾਰਡ ਕੀਤੇ ਪ੍ਰਸਾਰਣ ਹੋਣਗੇ ਅਤੇ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਤੱਕ ਪਹੁੰਚ ਕਰਨਗੇ। ਹਾਲ ਦੀ ਘੜੀ ਲਿਬਰਲ ਅਤੇ ਕੰਸਰਵੇਟਿਵ ਪਾਰਟੀ ਵਿਚਕਾਰ ਫਸਵੀਂ ਟੱਕਰ ਦੱਸੀ ਜਾ ਰਹੀ ਹੈ। ਕੁਝ ਰਾਜਨੀਤਕ ਮਾਹਿਰ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਬਣਨ ਅਤੇ ਸਾਲ ਕੁ ਬਾਅਦ ਮੁੜ ਚੋਣਾਂ ਹੋਣ ਦੀਆਂ ਕਿਆਸ ਅਰਾਈਆਂ ਲਗਾ ਚੁੱਕੇ ਹਨ। ਕੈਨੇਡਾ ਦੇ 152 ਸਾਲਾਂ ਦੇ ਇਤਿਹਾਸ ‘ਚ ਕੰਸਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਦੀਆਂ ਸਰਕਾਰਾਂ ਹੀ ਬਣਦੀਆਂ ਰਹੀਆਂ ਹਨ। ਕਿਸੇ ਤੀਸਰੀ ਪਾਰਟੀ ਨੇ ਕਦੇ ਸਰਕਾਰ ਨਹੀਂ ਬਣਾਈ। ਇਹ ਵੀ ਕਿ ਦੇਸ਼ ‘ਚ ਸਭ ਤੋਂ ਵੱਧ ਸਮਾਂ ਲਿਬਰਲ ਪਾਰਟੀ ਦਾ ਰਾਜ ਰਿਹਾ। ਉਸ ਪਾਰਟੀ ਨੇ 1874 ਤੋਂ 2015 ਤੱਕ 24 ਵਾਰੀ ਸਰਕਾਰਾਂ ਬਣਾਈਆਂ ਜੋ ਕੁਲ 96 ਸਾਲਾਂ ਦਾ ਸੱਤਾ ਸੁਖ ਹੈ।
1873 ‘ਚ ਕੰਸਰਵੇਟਿਵ ਪ੍ਰਧਾਨ ਮੰਤਰੀ ਸਰ ਜੌਹਨ ਮੈਕਡੋਨਲਡ ਸੰਸਦ ‘ਚ ਬੇਭਰੋਸਗੀ ਮਤਾ ਹਾਰ ਗਏ ਸਨ ਤੇ ਸਿੱਟੇ ਵਜੋਂ ਉਸ ਸਮੇਂ ਲਿਬਰਲ ਪਾਰਟੀ ਦੇ ਆਗੂ ਅਲੈਗਜ਼ੈਂਡਰ ਮਕੈਂਜ਼ੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਸੀ। ਉਸ ਤੋਂ ਅਗਲੇ ਸਾਲ 1874 ਦੀਆਂ ਚੋਣਾਂ ਮਕੈਂਜ਼ੀ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਦੇ ਬਹੁਤੇ ਉਮੀਦਵਾਰ ਧੜੱਲੇ ਨਾਲ ਜਿੱਤ ਗਏ ਸਨ। ਉਸ ਸਮੇਂ ਹਾਊਸ ਆਫ ਕਾਮਨਜ਼ (ਕੈਨੇਡਾ ਦੀ ਲੋਕ ਸਭਾ) ਦੀਆਂ ਕੁਲ 206 ਸੀਟਾਂ ਸਨ ਜਿਨ੍ਹਾਂ ‘ਚੋਂ 129 ਸੀਟਾਂ ਲਿਬਰਲ ਪਾਰਟੀ ਨੂੰ ਮਿਲੀਆਂ ਸਨ ਪਰ ਚਾਰ ਸਾਲਾਂ ਬਾਅਦ 1978 ‘ਚ ਕੰਸਰਵੇਟਿਵ ਪਾਰਟੀ ਦੀ ਹੂੰਝਾ ਫੇਰ ਜਿੱਤ ਹੋ ਗਈ ਅਤੇ ਉਸ ਤੋਂ ਅਗਲੇ 18 ਸਾਲਾਂ ਬਾਅਦ ਤੱਕ ਲਿਬਰਲ ਪਾਰਟੀ ਨੂੰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪੈਂਦੀ ਰਹੀ। ਕੈਨੇਡਾ ਦੇ ਰਾਜਨੀਤਕ ਦ੍ਰਿਸ਼ ਵਿੱਚ ਲਿਬਰਲ ਪਾਰਟੀ ਦੀ ਅਸਲ ਚੜ੍ਹਤ 20ਵੀਂ ਸਦੀ ਦੌਰਾਨ ਬਣਦੀ ਰਹੀ ਅਤੇ ਹੁਣ 21ਵੀਂ ਸਦੀ ‘ਚ ਹਾਰਾਂ ਜਿੱਤਾਂ ਦੇ ਮਿਸ਼ਰਣ ਨਾਲ਼ ਅੱਗੇ ਵਧ ਰਹੀ ਹੈ। 2011 ‘ਚ ਪਾਰਟੀ ਦੀ ਨਮੋਸ਼ੀਜਨਕ ਤੇ ਇਤਿਹਾਸਕ ਹਾਰ ਹੋਈ ਮੰਨੀ ਜਾਂਦੀ ਹੈ ਜਦੋਂ 308 ‘ਚੋਂ ਮਸਾਂ 34 ਹਲਕਿਆਂ ਤੋਂ ਲਿਬਰਲ ਉਮੀਦਵਾਰ ਜਿੱਤ ਸਕੇ ਸਨ ਅਤੇ ਪਾਰਟੀ ਦੇ ਆਗੂ ਮਾਈਕਲ ਇਨਾਚੀਏਫ ਸਨ ਅਤੇ ਉਹ ਕਦੇ ਪ੍ਰਧਾਨ ਮੰਤਰੀ ਨਾ ਬਣ ਸਕੇ। ਅਜਿਹੇ ਵਿੱਚ ਵਿਰੋਧੀ ਧਿਰ ਦਾ ਦਰਜਾ (ਪਹਿਲੀ ਵਾਰੀ) ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ ਪ੍ਰਾਪਤ ਹੋਇਆ ਅਤੇ ਲਿਬਰਲ ਪਾਰਟੀ ਤੀਸਰੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ ਸੀ। ਚਾਰ ਸਾਲਾਂ ਬਾਅਦ ਹੀ ਜਸਟਿਨ ਟਰੂਡੋ ਦੀ ਅਗਵਾਈ ‘ਚ ਨਵਾਂ ਇਤਿਹਾਸ ਸਿਰਜਿਆ ਗਿਆ, ਜਦੋਂ ਲਿਬਰਲ ਪਾਰਟੀ ਵਲੋਂ ਕੁਲ 338 ਵਿੱਚੋਂ 184 ਸੀਟਾਂ ਜਿੱਤ ਕੇ ਸ਼ਾਨਦਾਰ ਬਹੁਮਤ ਹਾਸਿਲ ਕਰ ਲਿਆ ਗਿਆ। ਹੁਣ 2019 ਵਿੱਚ ਜਿੱਤਣ ਲਈ ਦੇਸ਼ ਭਰ ਵਿੱਚ ਚੋਣ ਪ੍ਰਚਾਰ ਧੜੱਲੇ ਨਾਲ਼ ਜਾਰੀ ਹੈ। 19ਵੀਂ, 20ਵੀਂ ਅਤੇ 21ਵੀਂ ਸਦੀ ਦੌਰਾਨ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਲੰਬੇ ਰਾਜਕਾਲ ਦੇ ਸਮਿਆਂ ਦੌਰਾਨ ਸੁਪਰੀਮ ਕੋਰਟ ਆਫ ਕੈਨੇਡਾ ਦਾ ਗਠਨ, ਕੈਨੇਡਾ ਸਟੂਡੈਂਟ ਲੋਨ, ਯੂਨੀਵਰਸਲ ਹੈਲਥ ਕੇਅਰ, ਕੈਨੇਡਾ ਪੈਨਸ਼ਨ ਪਲੈਨ, ਮਲਟੀਕਲਚਰਲਿਜ਼ਮ, ਚਾਰਟਰ ਆਫ ਰਾਈਟਸ ਐਾਡ ਫਰੀਡਮਜ਼, ਸਮਲਿੰਗੀ ਵਿਆਹਾਂ ਦੀ ਮਾਨਤਾ, ਭੰਗ ਦਾ ਕਾਨੂੰਨੀਕਰਨ ਆਦਿਕ ਕੁਝ ਵੱਡੇ ਫੈਸਲੇ ਹਨ ਜੋ ਲਿਬਰਲ ਸਰਕਾਰਾਂ ਵਲੋਂ ਕੈਨੇਡਾ ਨੂੰ ਕਾਨੂੰਨਾਂ ਦੇ ਰੂਪ ਵਿੱਚ ਦਿੱਤੇ ਗਏ। ਇਸ ਸਮੇਂ ਸਿਹਤ, ਸਹੂਲਤਾਂ, ਮਹਿੰਗਾਈ, ਰੋਜ਼ਗਾਰ, ਇਮੀਗ੍ਰੇਸ਼ਨ, ਬੁਨਿਆਦੀ ਸਹੂਲਤਾਂ, ਅੰਦਰੂਨੀ ਸੁਰੱਖਿਆ ਆਦਿਕ ਪ੍ਰਮੁੱਖ ਮੁੱਦੇ ਹਨ ਜਿਨ੍ਹਾਂ ਬਾਰੇ ਪਾਰਟੀਆਂ ਦੇ ਆਗੂਆਂ ਦੀਆਂ ਰਿਵਾਇਤੀ ਟੈਲੀਵਿਜ਼ਨ ਬਹਿਸਾਂ ਵਿੱਚ ਚਰਚਾ 7 ਅਤੇ 10 ਅਕਤੂਬਰ ਨੂੰ ਹੋਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …