Breaking News
Home / ਜੀ.ਟੀ.ਏ. ਨਿਊਜ਼ / 31 ਮਾਰਚ ਨੂੰ ਬੇਸਮੈਂਟ ‘ਚ ਅੱਗ ਲੱਗਣ ਨਾਲ ਇਕ ਦੀ ਮੌਤ ਤੋਂ ਬਾਅਦ ਗੈਰਕਾਨੂੰਨੀ ਬੇਸਮੈਂਟਾਂ ਦਾ ਮਾਮਲਾ ਗਰਮਾਇਆ

31 ਮਾਰਚ ਨੂੰ ਬੇਸਮੈਂਟ ‘ਚ ਅੱਗ ਲੱਗਣ ਨਾਲ ਇਕ ਦੀ ਮੌਤ ਤੋਂ ਬਾਅਦ ਗੈਰਕਾਨੂੰਨੀ ਬੇਸਮੈਂਟਾਂ ਦਾ ਮਾਮਲਾ ਗਰਮਾਇਆ

ਗੈਰਕਾਨੂੰਨੀ ਬੇਸਮੈਂਟਾਂ ਦੇ ਮਾਲਕ ਹੋ ਜਾਣ ਸਾਵਧਾਨ, ਕਦੇ ਵੀ ਹੋ ਸਕਦੀ ਹੈ ਛਾਪੇਮਾਰੀ
ਕਾਊਂਸਲਰ ਜੈਫ ਬੋਮੈਨ ਨੇ ਪ੍ਰੀਮੀਅਰ ਡਗ ਫੋਰਡ ਨੂੰ ਖ਼ਤ ਲਿਖ ਕੇ ਇਸ ਖਿਲਾਫ਼ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 31 ਮਾਰਚ ਨੂੰ ਸਟਾਲਬ੍ਰਿਜ ਐਵੇਨਿਊ ਵਿਚ ਵਾਰਡ ਨੰਬਰ 4 ਵਿਚ ਇਕ ਘਰ ਦੀ ਗੈਰਕਾਨੂੰਨੀ ਬੇਸਮੈਂਟ ਵਿਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਅਤੇ ਏਰੀਆ ਕਾਊਂਸਲਰ ਜੈਫ ਬੋਮੈਨ ਨੇ ਇਸ ਸਬੰਧ ਵਿਚ ਪ੍ਰੀਮੀਅਰ ਡਗ ਫੋਰਡ ਨੂੰ ਇਕ ਚਿੱਠੀ ਲਿਖ ਕੇ ਇਨ੍ਹਾਂ ਗੈਰਕਾਨੂੰਨੀ ਬੇਸਮੈਂਟਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਲੋਕਾਂ ਨੇ ਗੈਰਕਾਨੂੰਨੀ ਤੌਰ ‘ਤੇ ਆਪਣੇ ਘਰਾਂ ਵਿਚ ਬੇਸਮੈਂਟ ਬਣਾ ਕੇ ਉਨ੍ਹਾਂ ਨੂੰ ਕਿਰਾਏ ‘ਤੇ ਦਿੱਤਾ ਹੋਇਆ ਹੈ। ਇਨ੍ਹਾਂ ਵਿਚ ਵੱਡੀ ਸੰਖਿਆ ਵਿਚ ਦੁਨੀਆ ਭਰ ਤੋਂ ਆਏ ਹੋਏ ਵਿਦਿਆਰਥੀ ਰਹਿੰਦੇ ਹਨ। ਅਜਿਹੇ ਵਿਚ ਜੇਕਰ ਇਸ ਸਬੰਧ ਵਿਚ ਕੋਈ ਕਾਰਵਾਈ ਹੁੰਦੀ ਹੈ ਤਾਂ ਇਸ ਨਾਲ ਵਿਦਿਆਰਥੀ ਅਤੇ ਬਰੈਂਪਟਨ ਨਿਵਾਸੀ ਪ੍ਰਮੁੱਖ ਤੌਰ ‘ਤੇ ਪ੍ਰਭਾਵਿਤ ਹੋਣਗੇ। ਕਾਊਂਸਲਰ ਬੋਮੈਨ ਨੇ ਆਪਣੀ ਚਿੱਠੀ ਵਿਚ ਲਿਖਆ ਹੈ ਕਿ ਤੁਸੀਂ ਇਨ੍ਹਾਂ ਇਨ੍ਹਾਂ ਗੈਰਕਾਨੂੰਨੀ ਬੇਸਮੈਂਟਾਂ ‘ਤੇ ਕਾਰਵਾਈ ਕਰਨ ਲਈ ਫਾਇਰ ਪ੍ਰੋਟੈਕਸ਼ਨ ਐਂਡ ਪ੍ਰੀਵੈਨਸ਼ਨ ਐਕਟ, 1997, ਐਸਓ, 1997 ਸੀ.4 ਅਤੇ ਬਿਲਡਿੰਗ ਕੋਡ ਐਕਟ 1992 ਨੂੰ ਅਪਡੇਟ ਕਰਕੇ ਸਿਟੀ ਇਨਫੋਰਸਮੈਂਟ ਅਧਿਕਾਰੀਆਂ ਨੂੰ ਅਧਿਕਾਰ ਦਿਓ ਕਿ ਉਹ ਸਿਰਫ ਸ਼ੱਕ ਹੋਣ ‘ਤੇ ਹੀ ਗੈਰਕਾਨੂੰਨੀ ਬੇਸਮੈਂਟ ਵਾਲੇ ਅਪਾਰਟਮੈਂਟ ਵਿਚ ਦਾਖਲ ਹੋ ਕੇ ਜਾਂਚ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੱਗ ਲੱਗਣ ਦੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇਗਾ, ਉਹ ਬੇਸਮੈਂਟ ਵਿਚ ਸਪਿੰਕਲਰਸ, ਸਮੋਕ ਡਿਟੈਕਟਰਸ ਅਤੇ ਕਾਰਬਨ ਮੋਨੋਆਕਸਾਈਡ ਯੂਨਿਟਸ ਨੂੰ ਲੱਗਿਆ ਹੋਇਆ ਦੇਖ ਸਕਦੇ ਹਨ। ਉਹ ਇਹ ਵੀ ਦੇਖ ਸਕਦੇ ਹਨ ਕਿ ਇਮਾਰਤ ‘ਚ ਕੋਈ ਉਸਾਰੀ ਦਾ ਕੰਮ ਤਾਂ ਨਹੀਂ ਚੱਲ ਰਿਹਾ।
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਜਿਹੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਬੇਸਮੈਂਟਾਂ ‘ਚ ਅੱਗ ਲੱਗ ਰਹੀ ਹੈ ਅਤੇ ਲੋਕਾਂ ਦੀ ਜਾਨ ਜਾ ਰਹੀ ਹੈ। 31 ਮਾਰਚ ਦੀ ਘਟਨਾ ਵਿਚ ਵੀ ਕਾਫੀ ਲੋਕਾਂ ਅਤੇ ਫਾਇਰ ਟੈਂਡਰਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ। ਇਹ ਏਰੀਆ ਸ਼ਹਿਰ ਦੇ ਤਿੰਨ ਪਹਿਚਾਣੇ ਗਏ ਹੌਟ ਜੋਨਸ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਲਗਾਤਾਰ ਅਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੋਮੈਨ ਦੇ ਅਨੁਸਾਰ ਫਾਇਰ ਦਸਤਾ ਜਦੋਂ ਮੌਕੇ ‘ਤੇ ਪਹੁੰਚਿਆ ਤਾਂ ਉਥੇ ਬਹੁਤ ਜ਼ਿਆਦਾ ਧੂੰਆਂ ਸੀ ਅਤੇ ਡਾਊਟ ਸਟੇਅਰਸ ਲਿਵਿੰਗ ਏਰੀਏ ਵਿਚ ਹਾਲਤ ਬਹੁਤ ਖਰਾਬ ਸੀ। ਉਨ੍ਹਾਂ ਨੇ ਉਥੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ, ਜੋ ਕਿ ਕਾਫੀ ਖਰਾਬ ਹਾਲਤ ਵਿਚ ਸੀ। ਫਾਇਰ ਡਿਪਾਰਟਮੈਂਟ ਅਤੇ ਉਨਟਾਰੀਓ ਫਾਇਰ ਮਾਰਸ਼ਲ ਆਫਿਸ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਕੀ ਇਹ ਪਹਿਲਾਂ ਹੀ ਜਾਣ ਚੁੱਕੇ ਹਨ ਕਿ ਘਰ ‘ਚ ਗੈਰਕਾਨੂੰਨੀ ਬੇਸਮੈਂਟ ਅਪਾਰਟਮੈਂਟ ਸੀ। ਸਾਲ 2017 ਤੋਂ ਬਾਅਦ ਬਰੈਂਪਟਨ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਹੋਈ ਇਹ ਪਹਿਲੀ ਮੌਤ ਹੈ ਅਤੇ ਹਾਲਾਤ ਅਜਿਹੇ ਹੀ ਰਹੇ ਤਾਂ ਅੱਗੇ ਵੀ ਅਜਿਹੇ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ। ਲੋਕਾਂ ਨੂੰ ਅੱਗ ਲੱਗਣ ਦੇ ਮਾਮਲਿਆਂ ਵਿਚ ਬਚਾਉਣ ਲਈ ਹੁਣ ਤੋਂ ਹੀ ਜਾਗਰੂਕ ਕਰਨਾ ਹੋਵੇਗਾ।
ਗੈਰਕਾਨੂੰਨੀ ਯੂਨਿਟਾਂ ਦੇ ਖਿਲਾਫ ਹੋਵੇਗੀ ਸਖਤੀ
ਜੈਫ ਬੋਮੈਨ ਨੇ ਕਿਹਾ ਹੈ ਕਿ 2018-2020 ਦੇ ਬਜਟ ਦਸਤਾਵੇਜ਼ ਵਿਚ ਸਿਟੀ ਆਫ ਬਰੈਂਪਟਨ ਨੇ ਇਨਫੋਰਸਮੈਂਟ ਐਂਡ ਬਾਇਲਾਅ ਸਰਵਿਸਿਜ਼ ਦੇ ਨਾਲ ਇਕ ਪਾਰਟਨਰਸ਼ਿਪ ਕੀਤੀ ਸੀ ਤਾਂ ਕਿ ਸੈਕਿੰਡ ਯੂਨਿਟਾਂ ਦੀ ਵਧਦੀ ਗਤੀਵਿਧੀਆਂ ‘ਤੇ ਰੋਕ ਲਗਾਈ ਜਾ ਸਕੇ। ਇਹ ਸਪੈਸ਼ਲ ਟਾਸਕ ਫੋਰਸ ਗੈਰਕਾਨੂੰਨੀ ਯੂਨਿਟਾਂ, ਲਾਜਿੰਗ ਹਾਊਸਿਜ਼ ਅਤੇ ਗਰੁੱਪ ਹੋਮਜ਼ ‘ਤੇ ਧਿਆਨ ਕੇਂਦਰਤ ਕਰਨ ਵਾਲੀ ਸੀ। ਇਸ ਦੀ ਮੱਦਦ ਨਾਲ ਸ਼ਹਿਰ ਵਿਚ ਗੈਰਕਾਨੂੰਨੀ ਬੇਸਮੈਂਟ ਦੇ ਮਾਮਲਿਆਂ ਦੀ ਜਾਂਚ ਹੋ ਸਕਦੀ ਸੀ। ਪਰੰਤੂ ਇਸ ਸਬੰਧ ਵਿਚ ਕੋਈ ਠੋਸ ਕੰਮ ਨਹੀਂ ਹੋਇਆ। ਇਸ ਮਾਮਲੇ ਵਿਚ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਇਨ੍ਹਾਂ ਸੈਕੰਡਰੀ ਯੂਨਿਟਸ ਨੂੰ ਲੋਕਾਂ ਦੀ ਜਾਨ ਦੇ ਲਈ ਖਤਰਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ।
ਅਨਰਜਿਸਟਰਡ ਬੇਸਮੈਂਟਸ ਬਣ ਰਹੀਆਂ ਹਾਦਸਿਆਂ ਦਾ ਕਾਰਨ : ਜੈਫ
ਜੈਫ ਨੇ ਪ੍ਰੀਮੀਅਮ ਡਗ ਫੋਰਡ ਨੂੰ ਖਤ ਵਿਚ ਲਿਖਿਆ ਹੈ ਕਿ ਮੈਂ ਤੁਹਾਡਾ ਅਤੇ ਉਨਟਾਰੀਓ ਸਰਕਾਰ ਦਾ ਧਿਆਨ ਇਸ ਪਾਸੇ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਅੱਗ ਕਾਫੀ ਛੋਟੀ ਸੀ, ਪਰ ਇਸਦੇ ਨਤੀਜੇ ਕਾਫੀ ਭਿਆਨਕ ਨਿਕਲੇ। ਅਜਿਹੇ ਅਪਾਰਟਮੈਂਟ ਵਿਚ ਅੱਗ ਲੱਗਣ ‘ਤੇ ਕਈ ਲੋਕਾਂ ਦੀ ਜਾਨ ਜਾ ਸਕਦੀ ਹੈ। ਅਜਿਹੇ ਮਾਮਲੇ ਸੈਕੰਡਰੀ ਯੂਨਿਟਸ ਵਿਚ ਹੋ ਰਹੇ ਹਨ, ਜੋ ਕਿ ਕਾਨੂੰਨੀ ਤੌਰ ‘ਤੇ ਰਜਿਸਟਰਡ ਨਹੀਂ ਅਤੇ ਉਹ ਗੈਰਕਾਨੂੰਨੀ ਹਨ।
ਪੰਜਾਬੀ ਹੋਣਗੇ ਸਭ ਤੋਂ ਜ਼ਿਆਦਾ ਪ੍ਰਭਾਵਿਤ
ਇਹ ਇਕ ਤੱਥ ਹੈ ਕਿ ਬਰੈਂਪਟਨ ਵਿਚ ਪੰਜਾਬੀ ਪਰਿਵਾਰਾਂ ਦੀ ਗਿਣਤੀ ਕਾਫੀ ਹੈ ਅਤੇ ਇੱਥੇ ਪੰਜਾਬ ਤੋਂ ਆਏ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਅਜਿਹੇ ਵਿਚ ਜੇਕਰ ਸਰਕਾਰ ਇਸ ਸਬੰਧ ਵਿਚ ਕੋਈ ਵੀ ਕਾਰਵਾਈ ਕਰਦੀ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਦਾ ਹੀ ਹੋਵੇਗਾ। ਵਿਦਿਆਰਥੀਆਂ ਨੂੰ ਮਹਿੰਗੇ ਕਿਰਾਏ ‘ਤੇ ਅਪਾਰਟਮੈਂਟ ਦਾ ਪ੍ਰਬੰਧ ਕਰਨਾ ਹੋਵੇਗਾ ਅਤੇ ਉਨ੍ਹਾਂ ਦੀ ਬਚਤ ਘੱਟ ਹੋਵੇਗੀ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …