ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਸਾਲ 2022 ਦਾ ਬਜਟ 7 ਅਪ੍ਰੈਲ ਨੂੰ ਪੇਸ਼ ਕੀਤਾ ਜਾਵੇਗਾ। 2021 ਦੀਆਂ ਫੈਡਰਲ ਚੋਣਾਂ ਤੋਂ ਬਾਅਦ ਇਹ ਪਹਿਲਾ ਬਜਟ ਹੋਵੇਗਾ ਤੇ ਇਸ ਵਿੱਚ ਡਿਫੈਂਸ ਉੱਤੇ ਕੀਤੇ ਜਾਣ ਵਾਲੇ ਖਰਚੇ ਵਿੱਚ ਵਾਧੇ ਦੇ ਨਾਲ ਨਾਲ ਲਿਬਰਲ ਸਰਕਾਰ ਵੱਲੋਂ ਆਪਣੇ ਵਾਅਦਿਆਂ, ਜਿਵੇਂ ਕਿ ਡੈਂਟਲ ਕੇਅਰ-ਜਿਸ ਨੂੰ ਨਵੇਂ ਲਿਬਰਲ-ਐਨਡੀਪੀ ਕਾਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਵਜੋਂ ਸਿਰੇ ਲਾਉਣ ਦਾ ਕਰਾਰ ਕੀਤਾ ਗਿਆ ਹੈ, ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।
ਹਾਊਸ ਆਫ ਕਾਮਨਜ਼ ਵਿੱਚ ਪ੍ਰਸ਼ਨ ਕਾਲ ਦੌਰਾਨ ਫਰੀਲੈਂਡ ਨੇ ਆਖਿਆ ਕਿ ਸਾਡੀ ਸਰਕਾਰ ਅਰਥਚਾਰੇ ਦੇ ਵਿਕਾਸ, ਜ਼ਿੰਦਗੀ ਨੂੰ ਹੋਰ ਕਿਫਾਇਤੀ ਬਣਾਉਣ ਅਤੇ ਅਜਿਹੇ ਕੈਨੇਡਾ ਦਾ ਨਿਰਮਾਣ ਜਾਰੀ ਰੱਖਣ ਲਈ ਮੁੜ ਚੁਣੀ ਗਈ ਹੈ ਜਿੱਥੇ ਕੋਈ ਵੀ ਪਿੱਛੇ ਨਹੀਂ ਰਹੇਗਾ। ਅਸੀਂ ਇਹੋ ਕੁੱਝ ਕਰ ਰਹੇ ਹਾਂ ਤੇ ਅਸੀਂ ਬਜਟ ਵਿੱਚ ਵੀ ਇਹੋ ਕੁੱਝ ਕਰਨਾ ਜਾਰੀ ਰੱਖਾਂਗੇ।
ਦਸੰਬਰ ਵਿੱਚ ਫਰੀਲੈਂਡ ਵੱਲੋਂ ਪੇਸ਼ ਕੀਤੀ ਗਈ ਤਾਜਾ ਆਰਥਿਕ ਅਪਡੇਟ ਵਿੱਚ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਕਿ ਕੋਵਿਡ-19 ਨਾਲ ਨਜਿੱਠਣ ਲਈ 8 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਰੱਖੀ ਜਾਵੇਗੀ। ਫਰੀਲੈਂਡ ਨੇ ਕੌਮੀ ਘਾਟੇ ਵਿੱਚ ਕਮੀ ਆਉਣ ਦੀ ਗੱਲ ਵੀ ਆਖੀ ਸੀ। ਉਸ ਸਮੇਂ ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ ਅਨੁਸਾਰ 2021-22 ਵਿੱਚ ਘਾਟਾ 154.7 ਤੋਂ ਘੱਟ ਕੇ 144.5 ਬਿਲੀਅਨ ਡਾਲਰ ਰਹਿਣ ਦੀ ਗੱਲ ਆਖੀ ਗਈ ਸੀ। 2022-23 ਵਿੱਤੀ ਵਰ੍ਹੇ ਵਿੱਚ ਪਹਿਲਾਂ ਕੀਤੀ ਗਈ 59.7 ਬਿਲੀਅਨ ਦੀ ਪੇਸ਼ੀਨਿਗੋਈ ਤੋਂ ਮਾਮੂਲੀ ਜਿਹਾ ਘੱਟ ਕੇ 58.4 ਬਿਲੀਅਨ ਡਾਲਰ ਰਹਿਣ ਦੀ ਪੇਸ਼ੀਨਿਗੋਈ ਕੀਤੀ ਗਈ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …