Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਦੇ ਹਸਪਤਾਲਾਂ ਦਾ ਅੱਧਾ ਸਟਾਫ ਨੌਕਰੀ ਛੱਡਣ ਬਾਰੇ ਕਰ ਰਿਹਾ ਹੈ ਵਿਚਾਰ

ਓਨਟਾਰੀਓ ਦੇ ਹਸਪਤਾਲਾਂ ਦਾ ਅੱਧਾ ਸਟਾਫ ਨੌਕਰੀ ਛੱਡਣ ਬਾਰੇ ਕਰ ਰਿਹਾ ਹੈ ਵਿਚਾਰ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਹੈਲਥ ਕੇਅਰ ਵਰਕਰਜ਼ ਦੀ ਅਗਵਾਈ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੇ ਸੰਕਟ ਨੂੰ ਖਤਮ ਕਰਨ ਲਈ ਫੋਰਡ ਸਰਕਾਰ ਨੂੰ ਹੋਰ ਕਾਫੀ ਕੁੱਝ ਕਰਨ ਦੀ ਲੋੜ ਹੈ। ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪ੍ਰੋਵਿੰਸ ਦੇ ਹਸਪਤਾਲਾਂ ਦਾ ਲੱਗਭਗ ਅੱਧਾ ਸਟਾਫ ਆਪਣੀ ਨੌਕਰੀ ਛੱਡਣ ਬਾਰੇ ਵਿਚਾਰ ਕਰ ਰਿਹਾ ਹੈ। ਇਹ ਅੰਕੜੇ ਸਰਵੇਖਣ ਏਜੰਸੀ ਨੈਨੋਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਏ ਹਨ। ਪ੍ਰੋਵਿੰਸ ਦੇ ਹਸਪਤਾਲਾਂ ਦੇ 41 ਫੀਸਦੀ ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਮ ਉੱਤੇ ਜਾਂਦਿਆਂ ਨੂੰ ਡਰ ਲੱਗਦਾ ਹੈ ਜਦਕਿ 43 ਫੀਸਦੀ ਦਾ ਕਹਿਣਾ ਹੈ ਕਿ ਉਹ ਵੱਖਰਾ ਕਰੀਅਰ ਚੁਣਨ ਬਾਰੇ ਵਿਚਾਰ ਕਰ ਰਹੇ ਹਨ। ਓਨਟਾਰੀਓ ਵਿੱਚ ਕੁੱਝ ਹੈਲਥ ਕੇਅਰ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ (ਕਿਊਪ) ਦਾ ਕਹਿਣਾ ਹੈ ਕਿ ਜੇ ਪ੍ਰੋਵਿੰਸ ਵੱਲੋਂ ਇਸ ਪਾਸੇ ਕੋਈ ਕਦਮ ਨਹੀਂ ਚੁੱਕੇ ਜਾਂਦੇ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ।
ਕਿਊਪ ਦੇ ਓਨਟਾਰੀਓ ਕਾਊਂਸਲ ਆਫ ਹੌਸਪਿਟਲ ਯੂਨੀਅਨਜ਼ ਦੇ ਖਜ਼ਾਨਾ ਸਕੱਤਰ ਸੈਰਨ ਰਿਚਰ ਨੇ ਆਖਿਆ ਕਿ ਇਸ ਸਰਵੇਖਣ ਦੇ ਨਤੀਜੇ ਕਾਫੀ ਚਿੰਤਾਜਨਕ ਹਨ। ਉਨ੍ਹਾਂ ਆਖਿਆ ਕਿ ਸਟਾਫ ਨੂੰ ਦਰਪੇਸ ਸੰਕਟ ਦੀ ਹੱਦ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਵਰਕਰਜ਼ ਕੰਮ ਦੇ ਹਾਲਾਤ ਨੂੰ ਲੈ ਕੇ ਕਾਫੀ ਨਾਖੁਸ ਹਨ ਤੇ ਇਸ ਸੱਭ ਕਾਸੇ ਦਾ ਉਨ੍ਹਾਂ ਦੀ ਮਾਨਸਿਕ ਸਿਹਤ ਉੱਤੇ ਵੀ ਅਸਰ ਪੈਂਦਾ ਹੈ। ਸਰਵੇਖਣ ਵਿੱਚ ਸਾਹਮਣੇ ਆਇਆ ਕਿ 5 ਵਿੱਚੋਂ 4 ਵਰਕਰਜ਼ ਇਸ ਗੱਲ ਨੂੰ ਲੈ ਕੇ ਬਿਲਕੁਲ ਵੀ ਆਸਵੰਦ ਨਹੀਂ ਹਨ ਕਿ 2024 ਵਿੱਚ ਪ੍ਰੋਵਿੰਸ਼ੀਅਲ ਸਰਕਾਰ ਹੈਲਥ ਕੇਅਰ ਸਿਸਟਮ ਵਿੱਚ ਕੋਈ ਸੁਧਾਰ ਲਿਆਵੇਗੀ। ਰਿਚਰ ਨੇ ਆਖਿਆ ਕਿ ਸਾਰਾ ਸਿਸਟਮ ਵਰਕਰਜ ਦੇ ਸਿਰ ਉੱਤੇ ਚੱਲਦਾ ਹੈ ਫਿਰ ਵੀ ਉਨ੍ਹਾਂ ਦੀਆਂ ਲੋੜਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …