Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਘਰ ਨੂੰ ਅੱਗ ਲੱਗਣ ਕਾਰਨ ਪਤੀ ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ

ਬਰੈਂਪਟਨ ‘ਚ ਘਰ ਨੂੰ ਅੱਗ ਲੱਗਣ ਕਾਰਨ ਪਤੀ ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ

ਮੇਅਰ ਪੈਟਰਿਕ ਬਰਾਊਨ ਵਲੋਂ ਦੁੱਖ ਦਾ ਪ੍ਰਗਟਾਵਾ
ਟੋਰਾਂਟੋ/ਬਿਊਰੋ ਨਿਊਜ਼ : ਬਰੈਂਪਟਨ ਵਿਚ ਇਕ ਘਰ ਨੂੰ ਅੱਗ ਲੱਗਣ ਕਾਰਨ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਘਰ ਦੀ ਬੇਸਮੈਂਟ ‘ਚ ਰਹਿੰਦੇ ਦੋ ਵਿਅਕਤੀਆਂ ਦੀ ਸਮੇਂ ਸਿਰ ਬਾਹਰ ਨਿਕਲ ਜਾਣ ਕਾਰਨ ਜਾਨ ਬਚ ਗਈ। ਬੁਰੀ ਤਰ੍ਹਾਂ ਝੁਲਸਿਆ ਇਕ ਬਜ਼ੁਰਗ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਹੈ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ਹਿਰ ਵਿਚ ਇਸੇ ਸਾਲ ਅੱਗ ਕਾਰਨ ਮੌਤਾਂ ਦੀ ਇਹ ਦੂਜੀ ਘਟਨਾ ਹੈ। ਫਾਇਰ ਚੀਫ ਬਿਲ ਬੋਇ ਨੇ ਕਿਹਾ ਕਿ ਜਾਨਾਂ ਬਚਾ ਸਕਣ ਵਿਚ ਨਾਕਾਮ ਰਹਿਣ ਕਾਰਨ ਉਹ ਦੁਖੀ ਹਨ। ਜਾਣਕਾਰੀ ਅਨੁਸਾਰ ਤੜਕਸਾਰ ਬਰੈਂਪਟਨ ਦੇ ਸੈਂਡਲਵੁੱਡ ਅਤੇ ਕੁਨੈਸਟੋਗਾ ਚੁਰਾਹੇ ਕੋਲ ਘਰ ਨੂੰ ਲੱਗੀ ਅੱਗ ਅਚਾਨਕ ਐਨੀ ਭੜਕ ਗਈ ਕਿ ਅੰਦਰ ਸੁੱਤੇ ਪਰਿਵਾਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਾ ਮਿਲਿਆ।
ਇਸ ਘਟਨਾ ਵਿਚ ਮੁਸਲਿਮ ਭਾਈਚਾਰੇ ਦੇ ਪਰਿਵਾਰ ਦੀਆਂ 11 ਤੇ 6 ਸਾਲ ਦੀਆਂ ਬੇਟੀਆਂ, 9 ਸਾਲ ਦੇ ਬੇਟੇ ਸਮੇਤ ਮਾਤਾ-ਪਿਤਾ ਅੱਗ ਲੱਗਣ ਕਾਰਨ ਝੁਲਸ ਗਏ। ਤਿੰਨ ਜਣੇ ਤਾਂ ਮੌਕੇ ‘ਤੇ ਦਮ ਤੋੜ ਗਏ, ਜਦਕਿ ਦੋ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਵੀ ਬਚਾਇਆ ਨਹੀਂ ਜਾ ਸਕਿਆ।
ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀ ਲੱਗ ਸਕਿਆ ਹੈ। ਧਿਆਨ ਰਹੇ ਕਿ ਪਿਛਲੇ ਮਹੀਨੇ ਵੀ ਇਸੇ ਤਰ੍ਹਾਂ ਦੀ ਘਟਨਾ ਵਿਚ 15, 12 ਤੇ 9 ਸਾਲਾਂ ਦੇ ਤਿੰਨ ਸਕੇ ਭਰਾਵਾਂ ਦੀ ਜਾਨ ਚਲੇ ਗਈ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …