ਪ੍ਰਿੰਸੈਸ ਮਾਰਗਰੇਟ ਕੈਂਸਰ ਹਸਪਤਾਲ ਲਈ ਕੀਤਾ ਗਿਆ ਰੇਡੀਓ ਥੌਨ
ਸੈਂਕੜੇ ਲੋਕਾਂ ਨੇ ਲਿਆ ਹਿੱਸਾ ਅਤੇ ਹਜ਼ਾਰਾਂ ਡਾਲਰ ਹੋਏ ਇਕੱਠੇ
ਮਿਸੀਸਾਗਾ/ਪਰਵਾਸੀ ਬਿਊਰੋ : ਪਿਛਲੇ 15 ਸਾਲਾਂ ਤੋਂ ਸੀਜੇਐਮਆਰ 1320 ਏਐਮ ਰੇਡਿਓ ਸਟੇਸ਼ਨ ਤੋਂ ਸੋਮਵਾਰ ਤੋਂ ਸ਼ੁਕਰਵਾਰ, ਸਵੇਰੇ 10 ਵਜੇ ਤੋਂ 12 ਵਜੇ ਤੱਕ ਪ੍ਰਸਾਰਤ ਹੁੰਦੇ ‘ਪਰਵਾਸੀ ਰੇਡਿਓ’ ‘ਤੇ ਬੀਤੇ ਵੀਰਵਾਰ ਨੂੰ ਟੋਰਾਂਟੋ ਵਿੱਚ ਸਥਿਤ ਕੈਂਸਰ ਦੇ ਇਲਾਜ ਦੀ ਖੋਜ ਲਈ ਵਿਸ਼ਵ ਪ੍ਰਸਿੱਧ ਹਸਪਤਾਲ ‘ਪ੍ਰਿੰਸੈਸ ਮਾਰਗਰੇਟ ਕੈਂਸਰ ਰਿਸਰਚ ਫਾਊਂਡੇਸ਼ਨ’ ਲਈ ਰੇਡਿਓ ਥੌਨ ਰਾਹੀਂ ਫੰਡ ਇਕੱਠੇ ਕੀਤੇ ਗਏ, ਜਿਸ ਨੂੰ ਬੇਮਿਸਾਲ ਕਾਮਯਾਬੀ ਮਿਲੀ।
ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ, ਜੋ ਇਸ ਰੇਡਿਓ ਸ਼ੋਅ ਦੇ ਸੰਚਾਲਕ ਵੀ ਹਨ, ਨੇ ਇਸ ਦੀ ਕਾਮਯਾਬੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜੋ ਉਮੀਦ ਸੀ, ਉਸ ਤੋਂ ਵੀ ਕਿਤੇ ਵੱਧ ਲੋਕਾਂ ਨੇ ਦਿਲ ਖੋਲ੍ਹ ਕੇ ਆਪਣਾ ਯੋਗਦਾਨ ਪਾਇਆ, ਜਿਸ ਲਈ ਉਹ ਉਨ੍ਹਾਂ ਸਭ ਸਰੋਤਿਆਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਚੋਂ ਇਹ ਹਿੱਸਾ ਪਾਇਆ ਹੈ। ਇਸ ਰੇਡਿਓ ਸ਼ੋਅ ਦੀ ਸਹਿ-ਸੰਚਾਲਕ ਮਿਨਾਕਸ਼ੀ ਸੈਣੀ ਹੋਰਾਂ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਅਜਿਹੇ ਰੇਡਿਓ ਥੌਨ ਐਥਨਿਕ ਕਮਿਊਨਿਟੀਆਂ ‘ਚੋਂ ਸਿਰਫ਼ ਚੀਨੀ ਕਮਿਊਨਿਟੀ ਵੱਲੋਂ ਹੀ ਕੀਤੇ ਜਾਂਦੇ ਸਨ ਅਤੇ ਇਹ ਪਹਿਲੀ ਵਾਰ ਸੀ ਕਿ ਭਾਰਤੀ ਅਤੇ ਪੰਜਾਬੀ ਭਾਈਚਾਰੇ ਵੱਲੋਂ ਅਜਿਹਾ ਉਪਰਾਲਾ ਕੀਤਾ ਗਿਆ, ਜਿਸ ਨੂੰ ਕਮਿਊਨਿਟੀ ਦਾ ਬੇਹੱਦ ਹੁੰਗਾਰਾ ਮਿਲਿਆ।
ਵਰਨਣਯੋਗ ਹੈ ਕਿ ਪ੍ਰਿੰਸੈਸ ਮਾਰਗਰੇਟ ਕੈਂਸਰ ਹਸਪਤਾਲ ਦੁਨੀਆ ਦੇ ਪਹਿਲੇ 5 ਸਭ ਤੋਂ ਵਧੀਆ ਹਸਪਤਾਲਾਂ ਚੋਂ ਇਕ ਹੈ, ਜਿੱਥੇ ਕੈਂਸਰ ਦੇ ਇਲਾਜ ਲਈ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਇੱਥੇ ਕੈਂਸਰ ਦੇ ਮਰੀਜ਼ ਦਾ ਸਾਰਾ ਇਲਾਜ ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਬਿਲਕੁਲ ਮੁਫ਼ਤ ਹੁੰਦਾ ਹੈ।
ਇਸ ‘ਰੇਡਿਓ ਥੌਨ’ ਦੌਰਾਨ ਗੱਲਬਾਤ ਕਰਦਿਆਂ ਇਸ ਹਸਪਤਾਲ ਵਿੱਚ ਬਤੌਰ ਡਾਕਟਰ ਕੰਮ ਕਰਦੇ, ਪੀਜੀਆਈ ਚੰਡੀਗੜ੍ਹ ਤੋਂ ਆਏ ਡਾ. ਅਜਰਨ ਦੱਤ ਨੇ ਦੱਸਿਆ ਕਿ ਬੇਸ਼ੱਕ ਹਸਪਤਾਲ ਵਿੱਚ ਇਲਾਜ ਬਿਲਕੁਲ ਮੁਫ਼ਤ ਹੈ ਪਰੰਤੂ ਕੈਂਸਰ ਦੀ ਰਿਸਰਚ ਲਈ ਫੰਡ ਆਮ ਜਨਤਾ ਵੱਲੋਂ ਪਾਏ ਅਜਿਹੇ ਯੋਗਦਾਨ ਰਾਹੀਂ ਹੀ ਇਕੱਠੇ ਕੀਤੇ ਜਾਂਦੇ ਹਨ। ਕਿਉਂਕਿ ਜਦੋਂ ਤੱਕ ਖੋਜ ਸਫ਼ਲ ਨਾ ਹੋ ਜਾਏ ਉਸ ਸਮੇਂ ਤੱਕ ਹਸਪਤਾਲ ਨੂੰ ਸਰਕਾਰ ਤੋਂ ਮਦਦ ਨਹੀਂ ਮਿਲਦੀ। ਉਨ੍ਹਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਕੈਂਸਰ ਦਾ ਜਿੱਥੇ ਹੁਣ ਜਿੱਥੇ ਇਲਾਜ ਸੰਭਵ ਹੋ ਰਹਾ ਹੈ, ਉੱਥੇ ਇਹ ਕੋਸ਼ਿਸ਼ ਵੀ ਜਾਰੀ ਹੈ ਕਿ ਇਸ ਇਲਾਜ ਨੂੰ ਘੱਟੋ-ਘੱਟ ਤਕਲੀਫ-ਦੇਹ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਲੰਮਾਂ ਸਮਾਂ ਪੀਜੀਆਈ ਵਿੱਚ ਵੀ ਕੰਮ ਕਰ ਚੁੱਕੇ ਹਨ ਪਰੰਤੂ ਕੈਨੇਡਾ ਦੇ ਅਜਿਹੇ ਵਿਸ਼ਵ-ਪ੍ਰਸਿੱਧ ਹਸਪਤਾਲ ਦਾ ਕੋਈ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ, ਜਿੱਥੇ ਨਾ ਸਿਰਫ਼ ਮੁਫ਼ਤ ਇਲਾਜ ਮਿਲਦਾ ਹੈ ਬਲਕਿ ਦੁਨੀਆ ਦਾ ਕੈਂਸਰ ਦਾ ਸਭ ਤੋਂ ਵਧੀਆ ਇਲਾਜ ਵੀ ਸੰਭਵ ਹੈ।
ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਦੋ ਘੰਟੇ ਦੇ ਪ੍ਰੋਗਰਾਮ ਦੌਰਾਨ ਸ਼ੁਰੂ ਤੋਂ ਹੀ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਆਖਰ ਤੱਕ ਲਗਾਤਾਰ ਕਾਲਾਂ ਆਉਂਦੀਆਂ ਰਹੀਆਂ ਅਤੇ ਕਈ ਲੋਕਾਂ ਨੇ ਪ੍ਰੋਗਰਾਮ ਸਮਾਪਤ ਹੋ ਜਾਣ ਤੋਂ ਬਾਦ ਵੀ ਕਾਲਾਂ ਕਰਕੇ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੈਂਕੜੇ ਕਾਲਾਂ ਆ ਚੁੱਕੀਆਂ ਹਨ ਅਤੇ ਹਜ਼ਾਰਾਂ ਡਾਲਰਾਂ ਦੀ ਰਕਮ ਲਈ ਪਲੈਜਜ ਇਕੱਠੀਆਂ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਫੰਡ ਨੂੰ ਇਕੱਠਾ ਕਰਨ ਲਈ ਡੋਨੇਸ਼ਨ ਬਾਕਸ ਕਈ ਇਲਾਕਿਆਂ ਵਿੱਚ ਰੱਖੇ ਗੱਏ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਮੁਤਾਬਕ ਹੈ:
1. ਸਿੱਖ ਸੰਗਤ ਗੁਰਦੁਆਰਾ-32, ਰੀਗਨ ਰੋਡ, ਬਰੈਂਪਟਨ (ਮੈਕਲਾਗਲਨ ਤੇ ਬੋਵੇਰਡ) 905-495-1200
2. ਸਿੱਖ ਹੈਰੀਟੇਜ ਸੈਂਟਰ- 11796 ਏਅਰਪੋਰਟ ਰੋਡ, ਬਰੈਂਪਟਨ (ਏਅਰਪੋਰਟ ਰੋਡ ਤੇ ਮੇਅਫੀਲਡ) 905-789-5955
3. ਸਿੱਖ ਸਪਰਿਚੁਅਲ ਸੈਂਟਰ- 9 ਕੈਰੀਅਰ ਡਰਾਈਵ, ਈਟੋਬੀਕੋਕ (ਫਿੰਚ ਅਤੇ ਹਾਈਵੇਅ 27) 416-746-6666
4. ਬਾਬਾ ਬੁੱਢਾ ਜੀ ਗੁਰਦਵਾਰਾ- 86 ਕਵਿੰਗਟਨ ਸਟ੍ਰੀਟ, ਹੈਮਿਲਟਨ 905-561-2806
5. ਹਾਲਟਨ ਗੁਰਦਵਾਰਾ ਸਾਹਿਬ, – 2403 ਖਾਲਸਾ ਗੇਟ, ਓਕਵਿੱਲ, 905469-1313
6. ਗੁਰਸਿੱਖ ਸਭਾ ਕੈਨੇਡਾ- 905, ਮਿਡਲਫੀਲਡ ਰੋਡ, ਸਕਾਰਬਰੋ, 416-299-4800
7. ਰਵੀ ਗੁਲਾਟੀ ਲਾਅ ਆਫਿਸ- 7916 ਹੁਰਓਨਟੈਰਿਓ ਸਟ੍ਰੀਟ ਯੂਨਿਟ 28 (ਹੁਰਓਨਟੈਰਿਓ ਅਤੇ ਸਟੀਲਸ) 905-232-8700
8. ਮਾਲਟਨ ਗੁਰੂਘਰ- 7280 ਏਅਰਪੋਰਟ ਰੋਡ, ਮਿੱਸੀਸਾਗਾ 905-671-1662
9. ਪਰਵਾਸੀ ਮੀਡੀਆ ਗਰੁੱਪ- 2980 ਡਰਿਊ ਰੋਡ ਯੂਨਿਟ 221, ਮਿਸੀਸਾਗਾ 905-673-0600
ਜਿਨ੍ਹਾਂ ਵੀ ਸਰੋਤਿਆਂ ਨੇ ਕਾਲ ਕਰਕੇ ਆਪਣੀ ਪਲੈੱਜ ਲਿਖਾਈ ਹੈ, ਉਹ ਇਨ੍ਹਾਂ ਚੋਂ ਕਿਸੇ ਵੀ ਨੇੜਲੀ ਲੋਕੇਸ਼ਨ ‘ਤੇ ਜਾ ਕੇ ਆਪਣੇ ਫੰਡ ਚੈੱਕ ਰਾਹੀਂ, ਕੈਸ਼ ਜਾਂ ਵੀਜ਼ਾ ਕਾਰਡ ਰਾਹੀਂ ਦੇ ਸਕਦੇ ਹਨ। ਸਭਨਾਂ ਨੂੰ ਬੇਨਤੀ ਹੈ ਕਿ ਉਹ ਰਸੀਦ ਲੈਣੀ ਨਾ ਭੁੱਲਣ ਕਿਉਂਕਿ ਉਹ ਦਾਨ ਕੀਤੀ ਹੋਈ ਰਕਮ ਉਪਰ ਟੈਕਸ ਰਿਫੰਡ ਵੀ ਲੈ ਸਕਦੇ ਹਨ। ਚੈੱਕ The Princess Margaret Cancer Foundation’ ਦੇ ਨਾਂਅ ਤੇ ਜਾਰੀ ਕੀਤੇ ਜਾ ਸਕਦੇ ਹਨ ਜਾਂ www.canadianparvasi.com ਵੈੱਬ ਸਾਈਟ ‘ਤੇ ਜਾ ਕੇ ਹੋਮ ਪੇਜ ‘ਤੇ ਸਭ ਤੋਂ ਹੇਠਾਂ ਲੱਗੇ ਬੈਨਰ ‘ਤੇ ਕਲਿੱਕ ਕਰਕੇ ਆਨ-ਲਾਈਨ ਡੋਨੇਸ਼ਨ ਵੀ ਦਿੱਤੀ ਜਾ ਸਕਦੀ ਹੈ।
ਜੇ ਕਿਸੇ ਵਿਅਕਤੀ ਨੂੰ ਇਨ੍ਹਾਂ ‘ਚੋਂ ਕੋਈ ਲੋਕੇਸ਼ਨ ਨੇੜੇ ਨਾ ਪੈਂਦੀ ਹੋਵੇ, ਉਹ ਅਦਾਰਾ ਪਰਵਾਸੀ ਦੇ ਦਫਤਰ 905-673-0600 ਜਾਂ 416-895-5523 ‘ਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹਨ।
ਅੰਤ ਵਿੱਚ ਇਕ ਵਾਰ ਫਿਰ ਆਪ ਸਭ ਨੂੰ ਅਪੀਲ ਹੈ ਕਿ ਜੇਕਰ ਤੁਸੀਂ ਰੇਡਿਓ ‘ਤੇ ਕਾਲ ਨਹੀਂ ਵੀ ਕਰ ਸਕੇ ਤਾਂ ਵੀ ਇਸ ਨੇਕ ਕੰਮ ਵਿੱਚ ਜ਼ਰੂਰ ਯੋਗਦਾਨ ਪਾਓ। ਅਦਾਰਾ ਪਰਵਾਸੀ ਵੱਲੋਂ ਆਪ ਸਭ ਨੂੰ ਦਿਵਾਲੀ, ਬੰਦੀ ਛੋੜ ਦਿਵਸ ਅਤੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਮਹਾਨ ਗੁਰਪੁਰਬ ਦੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ!
ਅਗਲੇ ਅੰਕ ਵਿੱਚ ਇਕੱਠੀ ਹੋਈ ਰਕਮ ਦੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਜਾਵਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …