Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਨਵੇਂ ਮੰਤਰੀ ਮੰਡਲ ਨਾਲ 20 ਨਵੰਬਰ ਨੂੰ ਚੁੱਕਣਗੇ ਸਹੁੰ

ਟਰੂਡੋ ਨਵੇਂ ਮੰਤਰੀ ਮੰਡਲ ਨਾਲ 20 ਨਵੰਬਰ ਨੂੰ ਚੁੱਕਣਗੇ ਸਹੁੰ

ਜਸਟਿਨ ਟਰੂਡੋ ਨੇ ਟਵੀਟ ਕਰਕੇ ਕੈਨੇਡਾ ਵਾਸੀਆਂ ਦਾ ਧੰਨਵਾਦ ਕਰਦੇ ਲਿਖਿਆ ”ਸਾਡੀ ਟੀਮ ‘ਚ ਆਪਣਾ ਵਿਸ਼ਵਾਸ ਰੱਖਣ ਤੇ ਇਸ ਦੇਸ਼ ਨੂੰ ਸਹੀ ਦਿਸ਼ਾ ‘ਚ ਲੈ ਕੇ ਜਾਣ ਲਈ ਸਾਡੇ ‘ਤੇ ਵਿਸ਼ਵਾਸ ਕਰਨ ‘ਤੇ ਤੁਹਾਡਾ ਧੰਨਵਾਦ। ਸਾਡੀ ਟੀਮ ਸਾਰੇ ਕੈਨੇਡੀਅਨ ਲੋਕਾਂ ਲਈ ਸਖਤ ਮਿਹਨਤ ਕਰੇਗੀ।”
ਟਰੂਡੋ ਨੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਤੋਂ ਕੀਤਾ ਇਨਕਾਰ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਵੱਡੀ ਪਾਰਟੀ ਵਜੋਂ ਉਭਰੀ ਹੈ, ਪਰ ਉਸ ਨੂੰ ਬਹੁਮਤ ਜਿੰਨੀਆਂ ਸੀਟਾਂ ਨਹੀਂ ਮਿਲ ਸਕਦੀਆਂ। ਫਿਰ ਵੀ ਜਸਟਿਨ ਟਰੂਡੋ ਦਾ ਪ੍ਰਧਾਨ ਮੰਤਰੀ ਲਗਭਗ ਤੈਅ ਹੀ ਹੈ। ਇਸ ਦੌਰਾਨ ਜਸਟਿਨ ਟਰੂਡੋ ਨੇ ਇਹ ਸਪਸ਼ਟ ਕੀਤਾ ਹੈ ਕਿ 20 ਨਵੰਬਰ ਨੂੰ ਉਨ੍ਹਾਂ ਦਾ ਮੰਤਰੀ ਮੰਡਲ ਸੰਹੁ ਚੁੱਕੇਗਾ। ਓਟਵਾ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਦੱਸਿਆ ਕਿ ਆਉਣ ਵਾਲੇ ਦਿਨ ਕਿਹੋ ਜਿਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ 43ਵੇਂ ਪਾਰਲੀਮਾਨੀ ਸੈਸ਼ਨ ਵਿੱਚ ਉਨ੍ਹਾਂ ਦੀ ਟੀਮ ਹੀ ਪਾਰਟੀ ਦੀ ਅਗਵਾਈ ਕਰੇਗੀ। ਉਨ੍ਹਾਂ ਆਖਿਆ ਕਿ ਕਿਹੜਾ ਮੰਤਰੀ ਕਿਹੜੀ ਭੂਮਿਕਾ ਨਿਭਾਵੇਗਾ ਤੇ ਸਰਕਾਰ ਦੀਆਂ ਤਰਜੀਹਾਂ ਕੀ ਰਹਿਣਗੀਆਂ, ਇਹ ਅਗਲੇ ਕੁੱਝ ਹਫਤਿਆਂ ਤੇ ਦਿਨਾਂ ਵਿੱਚ ਤੈਅ ਕਰ ਲਿਆ ਜਾਵੇਗਾ। ਉਨ੍ਹਾਂ ਇਨ੍ਹਾਂ ਕਿਆਸਅਰਾਈਆਂ ਉੱਤੇ ਵੀ ਵਿਰਾਮ ਲਾਇਆ ਕਿ ਲਿਬਰਲ ਕਿਸੇ ਦੂਜੀ ਪ੍ਰੋਗਰੈਸਿਵ ਪਾਰਟੀ, ਜਿਵੇਂ ਕਿ ਐਨਡੀਪੀ, ਨਾਲ ਗੱਠਜੋੜ ਕਰਨਗੇ। ਉਨ੍ਹਾਂ ਆਖਿਆ ਕਿ ਅਗਲੇ ਹਫਤਿਆਂ ਵਿੱਚ ਉਹ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਰਲ ਕੇ ਜ਼ਰੂਰ ਬੈਠਣਗੇ ਤੇ ਉਨ੍ਹਾਂ ਦੀਆਂ ਤਰਜੀਹਾਂ ਸੁਣਨਗੇ। ਇਸ ਤੋਂ ਇਲਾਵਾ ਉਹ ਸਾਰਿਆਂ ਨੂੰ ਨਾਲ ਲੈ ਕੇ ਤੇ ਮਿਲਜੁਲ ਕੇ ਚੱਲਣਾ ਚਾਹੁੰਦੇ ਹਨ।
ਟਰੂਡੋ ਨੇ ਆਖਿਆ ਕਿ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ਨੂੰ ਸਹੀ ਢੰਗ ਨਾਲ ਸੰਬੋਧਤ ਨਹੀਂ ਕੀਤਾ ਗਿਆ। ਇਸ ਗੱਲ ਦਾ ਉਨ੍ਹਾਂ ਨੂੰ ਅਫਸੋਸ ਹੈ। ਟਰੂਡੋ ਨੇ ਆਖਿਆ ਕਿ ਇਸ ਸਮੇਂ ਜਿਹੜੀ ਟੋਨ, ਵੰਡੀਆਂ ਪਾਉਣ ਵਾਲੀ ਸਿਆਸਤ ਤੇ ਗਲਤ ਜਾਣਕਾਰੀ ਵਾਲਾ ਮਾਹੌਲ ਬਣਿਆ ਹੋਇਆ ਹੈ ਉਸ ਉੱਤੇ ਵੀ ਸਾਨੂੰ ਅਫਸੋਸ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਅਲਬਰਟਾ ਤੇ ਸਸਕੈਚਵਨ ਵਿੱਚ ਇੱਕ ਵੀ ਲਿਬਰਲ ਜਿੱਤਣ ਵਿੱਚ ਅਸਮਰੱਥ ਰਿਹਾ। ਪਰ ਉਨ੍ਹਾਂ ਆਖਿਆ ਕਿ ਇਸ ਪਾੜੇ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਕੁੱਝ ਕਰਨਾ ਹੀ ਹੋਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਜਿੱਤੇ ਭਾਰਤੀਆਂ ਨੂੰ ਦਿੱਤੀ ਵਧਾਈ
ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਭਾਰਤੀ ਉਮੀਦਵਾਰਾਂ ਦੀ ਜਿੱਤ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਧਾਈ ਦਿੱਤੀ ਹੈ। ਜਥੇਦਾਰ ਸਾਹਿਬਾਨ ਨੇ ਆਖਿਆ ਕਿ ਦੁਨੀਆ ਵਿਚ ਫੈਲੇ ਸਿੱਖ ਸਮਾਜ ਨੇ ਭਾਰਤ ਅਤੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਰਥਿਕ ਖੇਤਰ ਵਿਚ ਉਚਾ ਮੁਕਾਮ ਹਾਸਲ ਕੀਤਾ ਹੈ ਅਤੇ ਰਾਜਨੀਤਕ ਖੇਤਰ ਵਿਚ ਵੀ ਬੁਲੰਦੀਆਂ ਨੂੰ ਛੂਹਿਆ ਹੈ। ਵਾਹਿਗੁਰੂ ਜਿੱਤ ਹਾਸਲ ਕਰਨ ਵਾਲੇ ਸਿੱਖ, ਪੰਜਾਬੀ ਤੇ ਭਾਰਤੀ ਉਮੀਦਵਾਰਾਂ ਨੂੰ ਸੇਵਾ ਕਰਨ ਲਈ ਹੋਰ ਬਲ ਬਖਸ਼ੇ।
ਟਰੂਡੋ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੋਏ ਡੱਗ ਫੋਰਡ
ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਲਿਬਰਲ ਪਾਰਟੀ ਦੀ ਜਿੱਤ ‘ਤੇ ਜਸਟਿਨ ਟਰੂਡੋ ਨੂੰ ਵਧਾਈ ਦਿੱਤੀ ਹੈ। ਡੱਗ ਫੋਰਡ ਨੇ ਆਖਿਆ ਕਿ ਉਹ ਲਿਬਰਲ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਸਾਰੇ ਫੈਡਰਲ ਆਗੂਆਂ ਵੱਲੋਂ ਕੰਪੇਨ ਦੌਰਾਨ ਕੀਤੀ ਗਈ ਸਖਤ ਮਿਹਨਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਆਖਿਆ ਕਿ ਉਹ ਸਾਂਝੀਆਂ ਤਰਜੀਹਾਂ-ਜਿਨ੍ਹਾਂ ਵਿੱਚ ਇਨਫਰਾਸਟ੍ਰਕਚਰ, ਇੰਟਰਨਲ ਟਰੇਡ ਤੇ ਮੈਂਟਲ ਹੈਲਥ ਸ਼ਾਮਲ ਹਨ, ਲਈ ਓਟਵਾ ਨਾਲ ਰਲ ਕੇ ਕੰਮ ਕਰਨ ਲਈ ਆਸਵੰਦ ਹਨ।
ਟਰੂਡੋ ਦਾ ਹੀ ਸਮਰਥਨ ਕਰਨਗੇ ਐਨਡੀਪੀ ਆਗੂ ਜਗਮੀਤ ਸਿੰਘ
ਜਸਟਿਨ ਟਰੂਡੋ ਲਈ ਰਾਹਤ ਦੀ ਗੱਲ ਇਹ ਹੈ ਕਿ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿਚ ਉਨ੍ਹਾਂ ਦੀ ਪਾਰਟੀ ਟਰੂਡੋ ਨੂੰ ਸਮਰਥਨ ਦੇਵੇਗੀ। ਕੈਨੇਡਾ ਵਿਚ ਭਾਰਤੀ ਭਾਈਚਾਰੇ ਦੀ ਗਿਣਤੀ 15 ਲੱਖ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ਵਿਚ ਕਰੀਬ 5 ਲੱਖ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਸਾਰਿਆਂ ਲਈ ਟਰੂਡੋ ਮਨਪਸੰਦ ਆਗੂ ਹਨ ਅਤੇ ਉਹ ਸਾਰੇ ਟਰੂਡੋ ਨੂੰ ਪਿਆਰ ਨਾਲ ਜਸਟਿਨ ਸਿੰਘ ਵੀ ਕਹਿੰਦੇ ਹਨ।
ਪੰਜਾਬੀਆਂ ਨੇ ਫਿਰ ਗੱਡੇ ਕੈਨੇਡਾ ‘ਚ ਝੰਡੇ 19 ਉਮੀਦਵਾਰ ਜਿੱਤ ਕੇ ਪਹੁੰਚੇ ਸੰਸਦ
ਕੈਨੇਡਾ ਵਿਚ ਹੋਈਆਂ ਫੈਡਰਲ ਚੋਣਾਂ ਦੌਰਾਨ ਇਸ ਵਾਰ 19 ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਇਨ੍ਹਾਂ ਵਿਚ ਲਿਬਰਲ ਪਾਰਟੀ ਦੇ 14, ਐਨਡੀਪੀ ਦਾ ਇਕ ਅਤੇ ਕੰਸਰਵੇਟਿਵ ਪਾਰਟੀ ਦੇ 4 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਲਿਬਰਲ ਪਾਰਟੀ ਦੇ ਪੰਜਾਬੀ ਸੰਸਦ ਮੈਂਬਰ : ਹਰਜੀਤ ਸਿੰਘ ਸੱਜਣ (ਵੈਨਕੂਵਰ), ਰਾਮੇਸ਼ਵਰ ਸੰਘਾ (ਬਰੈਂਪਟਨ), ਰਣਦੀਪ ਸਿੰਘ ਸਰਾਏ (ਸਰੀ ਸੈਂਟਰ), ਕਮਲ ਖਹਿਰਾ (ਬਰੈਂਪਟਨ ਵੈਸਟ), ਰਾਜ ਸੈਣੀ (ਕਿਚਨਰ ਸੈਂਟਰ), ਸੁੱਖ ਧਾਲੀਵਾਲ (ਸਰੀ ਨਿਊਟਨ), ਰੂਬੀ ਸਹੋਤਾ (ਬਰੈਂਪਟਨ ਨੌਰਥ), ਨਵਦੀਪ ਸਿੰਘ ਬੈਂਸ (ਮਿਸੀਸਾਗਾ-ਮਾਲਟਨ), ਸੋਨੀਆ ਸਿੱਧੂ (ਬਰੈਂਪਟਨ), ਅੰਜੂ ਢਿੱਲੋਂ (ਲਛੀਨ ਲਾਸਾਲ), ਗਗਨ ਸਿਕੰਦ (ਮਿਸੀਸਾਗਾ ਸਟਰੀਟ), ਬਰਦੀਸ਼ ਚੱਗਰ (ਵਾਟਰਲੂ), ਮਨਿੰਦਰ ਸਿੰਘ ਸਿੱਧੂ (ਬਰੈਂਪਟਨ ਈਸਟ), ਅਨੀਤਾ ਅਨੰਦ (ਓਕਵਿਲ)।ਐਨਡੀਪੀ ਦੇ ਪੰਜਾਬੀ ਸੰਸਦ ਮੈਂਬਰ: ਜਗਮੀਤ ਸਿੰਘ (ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ)। ਕੰਸਰਵੇਟਿਵ ਪਾਰਟੀ ਦੇ ਪੰਜਾਬੀ ਸੰਸਦ ਮੈਂਬਰ : ਟਿਮ ਉੱਪਲ (ਐਡਮਿੰਟਨ-ਮਿੱਲਵੁੱਡਜ਼/ਅਲਬਰਟਾ), ਜਸਰਾਜ ਸਿੰਘ ਹੱਲਣ (ਕੈਲਗਰੀ ਮੈਕਾਲ/ਅਲਬਰਟਾ), ਬੌਬ ਸਰੋਏ (ਮਾਰਖਮ ਯੂਨੀਅਨਵਿਲ/ਓਨਟਾਰੀਓ), ਜੈਗ ਸਹੋਤਾ (ਕੈਲਗਰੀ ਸਕਾਈਵਿਊ/ਅਲਬਰਟਾ)।
ਐਂਡ੍ਰਿਊ ਸ਼ੀਅਰ ਵਿਰੋਧੀ ਧਿਰ ਦੇ ਆਗੂ ਵਜੋਂ ਨਿਭਾਉਣਗੇ ਭੂਮਿਕਾ
ਟੋਰਾਂਟੋ : ਕੰਸਰਵੇਟਿਵ ਪਾਰਟੀ ਦੇ ਆਗੂ ਐਂਡ੍ਰਿਊ ਵਿਰੋਧੀ ਧਿਰ ਵਜੋਂ ਮੁੱਖ ਭੂਮਿਕਾ ਨਿਭਾਉਣੇ। ਸ਼ੀਅਰ ਨੇ ਕਿਹਾ ਕਿ ਜੇਕਰ ਲਿਬਰਲ ਘੱਟ ਗਿਣਤੀ ਸਰਕਾਰ ਸਮੇਂ ਤੋਂ ਪਹਿਲਾਂ ਹੀ ਡਿੱਗ ਜਾਂਦੀ ਹੈ ਤਾਂ ਉਹ ਅਗਲੀਆਂ ਚੋਣਾਂ ਲਈ ਤਿਆਰੀ ਕਰਨਗੇ। ਸ਼ੀਅਰ ਨੇ ਅਹੁਦੇ ਛੱਡਣ ਬਾਰੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਉਹ ਪਾਰਟੀ ਦਾ ਅਹੁਦਾ ਨਹੀਂ ਛੱਡਣਗੇ ਅਤੇ ਦੇਸ਼ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਜਿਹੜੇ ਹਲਕਿਆਂ ਤੋਂ ਵੋਟਾਂ ਹਾਸਲ ਹੋਈਆਂ ਹਨ ਉਹ ਉਨ੍ਹਾਂ ਹਲਕਿਆਂ ਉੱਤੇ ਧਿਆਨ ਕੇਂਦਰਿਤ ਕਰਨਗੇ। ਰੇਜਾਈਨਾ ਵਿੱਚ ਸ਼ੀਅਰ ਨੇ ਕਿਹਾ ਕਿ ਕੰਸਰਵੇਟਿਵ ਲਹਿਰ ਬਹੁਤ ਹੀ ਦਮਦਾਰ ਰਹੀ। ਉਨ੍ਹਾਂ ਆਖਿਆ ਕਿ ਕੰਸਰਵੇਟਿਵ ਪਾਰਟੀ ਨੂੰ ਕਈ ਥਾਂਵਾਂ ਉੱਤੇ ਵੋਟਾਂ ਤੇ ਸੀਟਾਂ ਦੇ ਮਾਮਲੇ ਵਿੱਚ ਲੀਡ ਮਿਲੀ ਹੈ ਜਦਕਿ ਲਿਬਰਲਾਂ ਦੇ ਸਮਰਥਨ ਨੂੰ ਖੋਰਾ ਲੱਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਕਾਕਸ ਵਿੱਚ ਹੁਣ 22 ਐਮਪੀਜ਼ ਦਾ ਵਾਧਾ ਹੋਇਆ ਹੈ, ਉਨ੍ਹਾਂ ਨੂੰ 121 ਸੀਟਾਂ ਮਿਲੀਆਂ ਹਨ ਤੇ ਉਨ੍ਹਾਂ ਦੀ ਪਾਰਟੀ ਨੂੰ 6.2 ਮਿਲੀਅਨ ਵੋਟਾਂ ਭਾਵ 34.4 ਫੀ ਸਦੀ ਵੋਟਾਂ ਹਾਸਲ ਹੋਈਆਂ ਹਨ। ਦੂਜੇ ਪਾਸੇ ਲਿਬਰਲਾਂ ਨੂੰ 5.9 ਮਿਲੀਅਨ ਵੋਟਾਂ ਪਈਆਂ ਹਨ ਜਿਸ ਤੋਂ ਮਤਲਬ ਹੈ ਕਿ ਉਨ੍ਹਾਂ ਨੂੰ 33.1 ਫੀ ਸਦੀ ਵੋਟਾਂ ਹਾਸਲ ਹੋਈਆਂ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …