Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪਾਬੰਦੀਆਂ ‘ਚ ਢਿੱਲ ਨਾ ਦਿੱਤੀ ਜਾਵੇ : ਟਰੂਡੋ

ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪਾਬੰਦੀਆਂ ‘ਚ ਢਿੱਲ ਨਾ ਦਿੱਤੀ ਜਾਵੇ : ਟਰੂਡੋ

ਪ੍ਰਧਾਨ ਮੰਤਰੀ ਨੇ ਪ੍ਰੀਮੀਅਰਜ਼ ਤੇ ਮੇਅਰਜ਼ ਨੂੰ ਪਬਲਿਕ ਹੈਲਥ ਦੀ ਹਿਫਾਜ਼ਤ ਲਈ ਕੀਤੀ ਅਪੀਲ
ਓਟਵਾ/ਬਿਊਰੋ ਨਿਊਜ਼ : ਦੇਸ਼ ਭਰ ਵਿੱਚ ਕਰੋਨਾ ਵਾਇਰਸ ਦੇ ਵਧ ਰਹੇ ਰਿਕਾਰਡ ਪ੍ਰਭਾਵ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਫੀ ਚਿੰਤਤ ਹਨ।
ਜਸਟਿਨ ਟਰੂਡੋ ਵੱਲੋਂ ਪ੍ਰੀਮੀਅਰਜ਼ ਤੇ ਮੇਅਰਜ਼ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਬਲਿਕ ਹੈਲਥ ਦੀ ਹਿਫਾਜ਼ਤ ਲਈ ਹੁਣੇ ਕਾਰਵਾਈ ਕਰਨ ਤੇ ਸਿਰਫ ਅਰਥਚਾਰੇ ਲਈ ਕੁੱਝ ਇਲਾਕਿਆਂ ਵਿੱਚ ਲਾਈਆਂ ਪਾਬੰਦੀਆਂ ਵਿੱਚ ਢਿੱਲ ਨਾ ਦੇਣ। ਟਰੂਡੋ ਨੇ ਆਖਿਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲੋਕਾਂ ਲਈ ਸਹਿਯੋਗ ਵਿੱਚ ਸਾਡੇ ਵੱਲੋਂ ਕੋਈ ਕਮੀ ਰਹਿ ਗਈ ਹੈ ਤਾਂ ਸਾਨੂੰ ਦੱਸਿਆ ਜਾਵੇ। ਅਸੀਂ ਪਹਿਲੇ ਦਿਨ ਤੋਂ ਲੈ ਕੇ ਜਿਸ ਤਰ੍ਹਾਂ ਤੁਹਾਡੇ ਨਾਲ ਕੰਮ ਕਰਦੇ ਆਏ ਹਾਂ ਉਸ ਤਰ੍ਹਾਂ ਅੱਗੇ ਵੀ ਕਰਦੇ ਰਹਾਂਗੇ।
ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਨੇ ਇਸ ਔਖੀ ਘੜੀ ਵਿੱਚ ਕੈਨੇਡੀਅਨਾਂ ਦੀ ਹਰ ਪੱਖੋਂ ਮਦਦ ਕਰਨ ਦਾ ਜਿਹੜਾ ਵਾਅਦਾ ਕੀਤਾ ਹੈ ਅਸੀਂ ਉਸ ਨੂੰ ਹਰ ਹਾਲ ਨਿਭਾਵਾਂਗੇ, ਫਿਰ ਭਾਵੇਂ ਇਸ ਲਈ ਕਿੰਨਾ ਸਮਾਂ ਹੀ ਕਿਉਂ ਨਾ ਲੱਗੇ। ਮੈਨੀਟੋਬਾ ਵਿੱਚ ਫਰਸਟ ਨੇਸ਼ਨਜ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਤੋਂ ਬਾਅਦ ਫੈਡਰਲ ਸਰਕਾਰ ਐਂਟੀ ਕਰੋਨਾਵਾਇਰਸ ਕੋਸ਼ਿਸ਼ਾਂ ਲਈ 61 ਮਿਲੀਅਨ ਡਾਲਰ ਹੋਰ ਖਰਚ ਰਹੀ ਹੈ। ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਤਰ ਦਾ ਕਹਿਣਾ ਹੈ ਕਿ ਇਸ ਸਮੇਂ ਕਰੋਨਾ ਵਾਇਰਸ ਨਾਲ ਨਿਪਟਣ ਲਈ ਪ੍ਰੋਵਿੰਸ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ ਤੇ ਉਨ੍ਹਾਂ ਵੱਲੋਂ ਵੱਧ ਰਹੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸੋਸ਼ਲ ਤੇ ਧਾਰਮਿਕ ਇੱਕਠਾ ਦੇ ਨਾਲ ਨਾਲ ਰੈਸਟੋਰੈਂਟਸ, ਮਿਊਜ਼ੀਅਮਜ਼, ਥਿਏਟਰਜ਼ ਤੇ ਮਨੋਰੰਜਨ ਦੀਆਂ ਹੋਰ ਗਤੀਵਿਧੀਆਂ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਟਰੂਡੋ ਨੂੰ ਕਰੋਨਾ ਵੈਕਸੀਨ 2021 ਤੱਕ ਮਿਲਣ ਦੀ ਉਮੀਦ
ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕਰੋਨਾ ਵੈਕਸੀਨ ਨਵੇਂ ਸਾਲ 2021ਤੱਕ ਕੈਨੇਡਾ ਨੂੰ ਮਿਲ ਜਾਵੇਗੀ। ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਜਿਸ ਤਰ੍ਹਾਂ ਕਈ ਪ੍ਰੋਵਿੰਸਾਂ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਨਹੀਂ ਲੱਗਦਾ ਕਿ ਵੈਕਸੀਨ ਮਿਲਣ ਤੋਂ ਬਾਅਦ ਵੀ ਇਸ ਵਾਇਰਸ ਉੱਤੇ ਫੌਰੀ ਤੌਰ ਉੱਤੇ ਠੱਲ੍ਹ ਪਾਈ ਜਾ ਸਕੇ। ਟਰੂਡੋ ਨੇ ਆਖਿਆ ਕਿ ਫਾਈਜ਼ਰ ਵੱਲੋਂ ਤਿਆਰ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਕਾਫੀ ਸਫਲ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਹੌਸਲਾ ਮਿਲਿਆ ਹੈ ਪਰ ਇਸ ਦੌਰਾਨ ਜੇ ਕਿਸੇ ਨੂੰ ਵਾਇਰਸ ਹੁੰਦਾ ਹੈ ਤਾਂ ਉਸ ਦੀ ਮਦਦ ਕਰਨੀ ਔਖੀ ਹੋਵੇਗੀ। ਓਟਵਾ ਵਿੱਚ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਹੋਰ ਵੈਕਸੀਨ ਤਿਆਰ ਕਰਨ ਵਾਲੀਆਂ ਕੰਪਨੀਆਂ ਵੱਲੋਂ ਵੀ ਬਿਹਤਰ ਨਤੀਜਿਆਂ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਾਡੇ ਵਿਗਿਆਨੀ ਸਖ਼ਤ ਮਿਹਨਤ ਕਰ ਰਹੇ ਹਨ ਜਿਸ ਕਾਰਨ ਸਾਡੀ ਆਸ ਪੱਕੀ ਹੋਈ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …