Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਕਰੋਨਾ ਕਾਰਨ 8 ਹਜ਼ਾਰ ਮੌਤਾਂ

ਕੈਨੇਡਾ ‘ਚ ਕਰੋਨਾ ਕਾਰਨ 8 ਹਜ਼ਾਰ ਮੌਤਾਂ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਫੈਲਾਅ ਦੀ ਦਰ ਬੀਤੇ ਦੋ ਹਫ਼ਤਿਆਂ ਤੋਂ ਘਟ ਰਹੀ ਹੈ ਅਤੇ ਤਾਲਾਬੰਦੀ ਨੂੰ ਪੜਾਅਵਾਰ ਖੋਲ੍ਹਿਆ ਜਾ ਰਿਹਾ ਹੈ। ਪਾਜ਼ੀਟਿਵ ਹੋਏ ਮਰੀਜ਼ਾਂ ਵਿਚੋਂ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਰਹੇ ਹਨ। ਪਰਵਾਸੀ ਅਖਬਾਰ ਵਿਚ ਖਬਰ ਲਿਖੇ ਜਾਣ ਤੱਕ ਕੈਨੇਡਾ ਵਿਚ ਕਰੋਨਾ ਪੀੜਤ ਕੁਲ ਮਰੀਜ਼ਾਂ ਦਾ ਅੰਕੜਾ 97472 ਤੱਕ ਪਹੁੰਚ ਗਿਆ ਸੀ। ਜਿਨ੍ਹਾਂ ਵਿਚੋਂ 57000 ਤੋਂ ਵੱਧ ਠੀਕ ਹੋ ਚੁੱਕੇ ਹਨ ਪਰ ਮੌਤਾਂ ਦਾ ਅੰਕੜਾ 8 ਹਜ਼ਾਰ ਤੱਕ ਅੱਪੜ ਚੁੱਕਾ ਹੈ। ਖਬਰ ਪ੍ਰਕਾਸ਼ਿਤ ਕਰਨ ਵੇਲੇ 7996 ਵਿਅਕਤੀ ਕਰੋਨਾ ਕੈਨੇਡਾ ‘ਚ ਜਾਨ ਗੁਆ ਚੁੱਕੇ ਸਨ। ਜ਼ਿਆਦਾ ਮੌਤਾਂ ਬਜ਼ੁਰਗਾਂ ਦੀਆਂ ਦਰਜ ਕੀਤੀਆਂ ਗਈਆਂ ਹਨ। ਬੀਤੇ ਦਿਨੀਂ ਉਨਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਦਾ ਭਤੀਜਾ ਅਤੇ ਟੋਰਾਂਟੋ ਦੇ ਵਾਰਡ 1 ਦਾ ਸਿਟੀ ਕੌਂਸਲਰ ਮਾਈਕਲ ਫੋਰਡ (26) ਵੀ ਪਾਜ਼ੀਟਿਵ ਪਾਇਆ ਗਿਆ। ਮਾਈਕਲ ਨੇ ਕਿਹਾ ਕਿ ਟੈਸਟ ਦਾ ਨਤੀਜਾ ਪਤਾ ਲੱਗਾ ਸੀ ਅਤੇ ਉਹ ਇਕਾਂਤਵਾਸ ਵਿਚ ਲੋੜੀਂਦੇ ਪ੍ਰਹੇਜ਼ ਕਰ ਰਹੇ ਹਨ। ਪੰਜਾਬੀਆਂ ਦੇ ਗੜ ਵਾਲੇ ਇਲਾਕੇ ਮਾਲਟਨ ਵਿਚ ਕੋਰੋਨਾ ਤੋਂ ਨਿਜ਼ਾਤ ਪਾ ਚੁੱਕੇ ਇਕ ਵਿਅਕਤੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਕੋਵਿਡ-19 ਤੋਂ ਠੀਕ ਹੋਣ ਲਈ ਪ੍ਰਹੇਜ਼ ਹੀ ਕਾਰਗਰ ਹੈ। ਨੱਕ ਅਤੇ ਗਲ ਦਾ ਰੇਸ਼ਾ ਲਗਾਤਾਰ ਸਾਫ ਕਰਕੇ ਵਾਇਰਸ ਦੀ ਲਾਗ ਨੂੰ ਫੇਫੜਿਆਂ ਵਿਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਜੇ ਲਾਗ ਫੇਫੜਿਆਂ ਅੰਦਰ ਦਾਖ਼ਲ ਹੋ ਜਾਵੇ ਤਦ ਸਾਹ ਰੁਕਣ ਲੱਗਦਾ ਹੈ ਅਤੇ ਬਚਾਅ ਔਖਾ ਹੋ ਜਾਂਦਾ ਹੈ। ਇਸੇ ਕਰਕੇ 14 ਦਿਨਾਂ ਦਾ ਇਕਾਂਤਵਾਸ ਹੁੰਦਾ ਹੈ ਜਿਸ ਦੌਰਾਨ ਮਰੀਜ਼ ਆਪਣੇ ਵਲੋਂ ਪ੍ਰਹੇਜਾਂ (ਨੱਕ ਤੇ ਗਲਾ ਸਾਫ ਕਰੀ ਜਾਣਾ, ਭਾਫ ਲੈਣਾ ਵਗੈਰਾ) ਨਾਲ ਲਾਗ ਨੂੰ ਫੇਫੜਿਆਂ ਤੱਕ ਪੁੱਜਣ ਤੋਂ ਪਹਿਲਾਂ ਬਾਹਰ ਕੱਢ ਸਕਦੇ ਹਨ ਅਤੇ ਠੀਕ ਹੋ ਜਾਂਦੇ ਹਨ। ਉਨਟਾਰੀਓ ਵਿਚ 31000 ਤੋਂ ਵੱਧ ਲੋਕ ਪਾਜ਼ੀਟਿਵ ਹੋਏ ਸਨ ਜਿਨ੍ਹਾਂ ਵਿਚੋਂ 25000 ਦੇ ਕਰੀਬ ਤੰਦਰੁਸਤ ਹੋ ਚੁੱਕੇ ਹਨ ਪਰ 2475 ਮੌਤਾਂ ਹੋਈਆਂ ਹਨ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …