ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਦਸੰਬਰ ਮਹੀਨੇ ਵਿਚ ਨੌਕਰੀਆਂ ਦੇ ਵਾਧੇ ਬਾਰੇ ‘ਲੇਬਰ ਫੋਰਸ ਸਰਵੇ’ ਦੀ ਨਵੀਂ ਜਾਣਕਾਰੀ ਬਰੈਂਪਟਨ-ਵਾਸੀਆਂ ਨਾਲ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ‘ਸਟੈਟਿਸਟਿਕਸ ਕੈਨੇਡਾ’ ਵੱਲੋਂ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਂਦੀ ‘ਲੇਬਰ ਫੋਰਸ ਸਰਵੇ’ ਦੀ ਇਹ ਰਿਪੋਰਟ ਦੇਸ਼ ਵਿਚ ਨੌਕਰੀਆਂ ਦੀ ਗਿਣਤੀ, ਰੋਜ਼ਗਾਰ ਦੀ ਦਰ, ਥੋੜ੍ਹੇ ਤੇ ਲੰਮੇਂ ਸਮੇਂ ਵਾਲੀਆਂ ਨੌਕਰੀਆਂ ਦੇ ਝੁਕਾਅ ਅਤੇ ਕੈਨੇਡਾ ਦੀ ਲੇਬਰ ਮਾਰਕੀਟ ਦਾ ਵਿਸਥਾਰ-ਪੂਰਵਕ ਡੂੰਘਾ ਅਧਿਐੱਨ ਪੇਸ਼ ਕਰਦੀ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਇਸ ਸਾਲ ਦਸੰਬਰ ਮਹੀਨੇ ਵਿਚ ਨੌਕਰੀਆਂ ਦੇ ਵਾਧੇ ਨਾਲ ਅਸੀਂ ਬੇਰੋਜ਼ਗਾਰੀ ਦੀ ਦਰ 1.2 ਫ਼ੀਸਦੀ ਘੱਟ ਕੇ ਇਹ 5.7 ਫ਼ੀਸਦੀ ਤੱਕ ਹੁੰਦੀ ਵੇਖੀ ਹੈ ਜਿਹੜੀ ਕਿ ਪਿਛਲੇ 40 ਸਾਲਾਂ ਦੇ ਲੰਮੇਂ ਅਰਸੇ ਵਿਚ ਸੱਭ ਤੋਂ ਘੱਟ ਹੈ ਅਤੇ ਇਹ ਅਰਥ-ਸ਼ਾਸਤਰੀਆਂ ਅਤੇ ਮਾਹਿਰਾਂ ਦੋਹਾਂ ਦੀ ਆਸ ਨੂੰ ਪਿੱਛੇ ਛੱਡ ਗਈ ਹੈ। ਜਦੋਂ ਅਸੀਂ ਲਿਬਰਲ ਪਾਰਟੀ ਦੀ ਸਰਕਾਰ ਬਣਾਈ ਤਾਂ ਅਸੀਂ ਦੇਸ਼-ਵਾਸੀਆਂ ਨਾਲ ਅਸਲ ਤਬਦੀਲੀ ਲਿਆਉਣ ਦੀ ਗੱਲ ਕੀਤੀ ਸੀ ਜਿਸ ਨਾਲ ਦੇਸ਼ ਦੇ ਅਰਥਚਾਰੇ ਵਿਚ ਸੁਧਾਰ ਹੋਵੇਗਾ ਅਤੇ ਮਿਡਲ ਕਲਾਸ ਤੇ ਹੋਰ ਜਿਹੜੇ ਇਸ ਵਿਚ ਸ਼ਾਮਲ ਹੋਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਨਾਲ ਇਸ ਦੇ ਬਾਰੇ ਵਾਇਦਾ ਕੀਤਾ ਸੀ। ਇਹ ਤਬਦੀਲੀ ਹੁਣ ਸਹੀ ਮਾਅਨਿਆਂ ਵਿਚ ਵੇਖਣ ਨੂੰ ਮਿਲ ਰਹੀ ਹੈ।” ਓਨਟਾਰੀਓ ਵਿਚ ਰੋਜ਼ਗਾਰ-ਦਰ ਵਿਚ 2.5% ਵਾਧਾ ਹੋਇਆ ਅਤੇ ਸਾਲ 2017 ਵਿਚ 1,76,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਇਸ ਵਾਧੇ ਵਿਚ ਪੂਰੇ ਸਮੇਂ ਵਾਲੀਆਂ ਨੌਕਰੀਆਂ ਹੀ ਸ਼ਾਮਲ ਸਨ। ਇਸ ਤੋਂ ਪਹਿਲਾਂ 2017 ਵਿਚ ਪਿਛਲੇ ਦਹਾਕੇ ਵਿਚ ਕੈਨੇਡੀਅਨ ਅਰਥਚਾਰੇ ਵਿਚ ਸੱਭ ਤੋਂ ਜ਼ਿਆਦਾ ਤੇਜ਼ੀ ਵੇਖੀ ਗਈ ਜੋ ਕਿ ਜੀ-7 ਦੇਸ਼ਾਂ ਵਿਚ ਸੱਭ ਤੋਂ ਉੱਪਰ ਹੈ।
ਸੋਨੀਆ ਨੇ ਕਿਹਾ,”ਸਾਡੀ ਯੋਜਨਾ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਪ੍ਰੰਤੂ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਸਾਡੀ ਸਰਕਾਰ ਵੱਲੋਂ ਨਵੇਂ ਸਾਲ ਵਿਚ ਛੋਟੇ ਕਾਰੋਬਾਰੀ ਅਦਾਰਿਆਂ ਨੂੰ ਹੋਰ ਪੂੰਜੀ ਨਿਵੇਸ਼ ਕਰਨ, ਉਨ੍ਹਾਂ ਦੇ ਵੱਧਣ-ਫੁੱਲਣ ਅਤੇ ਹੋਰ ਨੌਕਰੀਆਂ ਪੈਦਾ ਕਰਨ ਹਿੱਤ ਸਹਾਇਤਾ ਕਰਨ ਲਈ ਕਈ ਨਵੇਂ ਕਦਮ ਲਏ ਜਾ ਰਹੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਬਿਜ਼ਨੈੱਸ ਟੈਕਸ ਵਿਚ 10% ਦੀ ਕਟੌਤੀ ਸ਼ਾਮਲ ਹੈ ਜਿਹੜੀ ਕਿ 1 ਜਨਵਰੀ 2018 ਤੋਂ ਲਾਗੂ ਹੋ ਗਈ ਹੈ।”
ਮਾਣਯੋਗ ਵਿੱਤ ਮੰਤਰੀ ਬਿਲ ਮੌਰਨਿਊ ਨੇ ਆਪਣੇ ‘ਫ਼ਾਲ ਇਕਨਾਲਿਕ ਅੱਪਡੇਟ’ ਵਿਚ ਕੈਨੇਡਾ ਦੇ ਮਜ਼ਬੂਤ ਅਰਥਚਾਰੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ‘ਕੈਨੇਡਾ ਚਾਈਲਡ ਬੈਨੀਫ਼ਿਟ’ ਵਿਚ ਲੋਕਾਂ ਦੇ ਵੱਧ ਰਹੇ ਵਿਸ਼ਵਾਸ ਕਾਰਨ ਉਨ੍ਹਾਂ ਦੀ ਆਮਦਨ ਵੱਧਣ ਨਾਲ ਘਰੇਲੂ ਖ਼ਰਚਿਆਂ ਵਿਚ ਵਾਧੇ ਦੀ ਸਮਰੱਥਾ ਦੀ ਵੀ ਗੱਲ ਕੀਤੀ।
Home / ਜੀ.ਟੀ.ਏ. ਨਿਊਜ਼ / ਦਸੰਬਰ ‘ਚ 79,000 ਨਵੀਆਂ ਨੌਕਰੀਆਂ ਨਾਲ ਕੈਨੇਡਾ ਵਿਚ ਬੇਰੁਜ਼ਗਾਰੀ ਘੱਟ ਹੋਣ ਦਾ ਪਿਛਲੇ 40 ਸਾਲਾਂ ਦਾ ਟੁੱਟਿਆ ਰਿਕਾਰਡ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …