ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕੀਤੇ ਜਾਣ ਦੀ ਦੁਨੀਆ ਭਰ ਦੇ ਆਗੂਆਂ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਹੈ। ਵੀਰਵਾਰ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ। ਟਰੂਡੋ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਹ ਸਰਾਸਰ ਯੂਕਰੇਨ ਦੀ ਪ੍ਰਭੂਸੱਤਾ ਤੇ ਟੈਰੇਟੋਰੀਅਲ ਅਖੰਡਤਾ ਦੀ ਉਲੰਘਣਾ ਹੈ।ਕੈਨੇਡਾ ਨੇ ਮੰਗ ਕੀਤੀ ਕਿ ਰੂਸ ਨੂੰ ਫਰੀ ਤੌਰ ਉੱਤੇ ਅਜਿਹੀਆਂ ਹਰਕਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤੇ ਆਪਣੀ ਫੌਜ ਨੂੰ ਯੂਕਰੇਨ ਤੋਂ ਵਾਪਿਸ ਸੱਦ ਲੈਣਾ ਚਾਹੀਦਾ ਹੈ। ਯੂਕਰੇਨ ਦੀ ਖੁਦਮੁਖ਼ਤਿਆਰੀ ਦਾ ਆਦਰ ਕਰਨਾ ਚਾਹੀਦਾ ਹੈ ਤੇ ਯੂਕਰੇਨ ਦੇ ਲੋਕਾਂ ਨੂੰ ਵੀ ਆਪਣਾ ਭਵਿੱਖ ਆਪ ਤੈਅ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਇਸ ਕਦਮ ਨੂੰ ਉਕਸਾਉਣ ਵਾਲਾ ਤੇ ਨਾਜਾਇਜ਼ ਕਰਾਰ ਦਿੱਤਾ। ਬਾਇਡਨ ਨੇ ਇਹ ਵੀ ਆਖਿਆ ਕਿ ਪੂਰੀ ਦੁਨੀਆਂ ਦੀਆਂ ਪ੍ਰਾਰਥਨਾਵਾਂ ਯੂਕਰੇਨ ਦੇ ਲੋਕਾਂ ਨਾਲ ਹਨ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਇਹ ਕਾਰਵਾਈ ਮਿਲ ਰਹੀਆਂ ਧਮਕੀਆਂ ਦੇ ਏਵਜ ਵਿੱਚ ਕੀਤੀ ਗਈ ਹੈ ਤੇ ਉਸ ਦੇਸ਼ ਉੱਤੇ ਕਬਜਾ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਟਰੂਡੋ ਤੇ ਬਾਇਡਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਜੀ-7 ਦੇਸ਼ਾਂ ਨਾਲ ਜਲਦ ਹੀ ਮੀਟਿੰਗ ਕੀਤੀ ਜਾਵੇਗੀ ਤੇ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਲਈ ਨਾਟੋ ਭਾਈਵਾਲਾਂ ਨਾਲ ਵੀ ਤਾਲਮੇਲ ਕੀਤਾ ਜਾਵੇਗਾ।