Breaking News
Home / ਜੀ.ਟੀ.ਏ. ਨਿਊਜ਼ / ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਲਈ ਪ੍ਰਦਰਸ਼ਨ 6 ਫ਼ਰਵਰੀ ਨੂੰ

ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਲਈ ਪ੍ਰਦਰਸ਼ਨ 6 ਫ਼ਰਵਰੀ ਨੂੰ

‘ਫ਼ਾਰਮਰਜ਼ ਸਪੋਰਟ ਗਰੁੱਪ ਬਰੈਂਪਟਨ’ ਵੱਲੋਂ ਕਿਸਾਨ ਆਗੂਆਂ ਬਾਰੇ ਕੂੜ ਪ੍ਰਚਾਰ ਦੀ ਭਰਪੂਰ ਨਿਖੇਧੀ
ਬਰੈਂਪਟਨ/ਡਾ. ਝੰਡ : ਪ੍ਰੋ. ਜਗੀਰ ਸਿੰਘ ਕਾਹਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਟੋਰਾਂਟੋ ਦੀਆਂ ਇਕ ਦਰਜਨ ਲੋਕ-ਪੱਖੀ ਜੱਥੇਬੰਦੀਆਂ ‘ਤੇ ਆਧਾਰਿਤ ‘ਫ਼ਾਰਮਰਜ਼ ਸਪੋਰਟ ਗਰੁੱਪ’ ਵੱਲੋਂ ਆਪਣੀ ਤਾਜ਼ਾ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ 6 ਫ਼ਰਵਰੀ ਨੂੰ ਹਾਈਵੇਅ-10 ਅਤੇ ਬੋਵੇਰਡ ਡਰਾਈਵ ਦੇ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਵਿਚ ਸਥਿਤ ਭਾਰਤ ਸਰਕਾਰ ਦੇ ਪਾਸਪੋਰਟ ਦਫ਼ਤਰ ਦੇ ਸਾਹਮਣੇ ਬਾਅਦ ਦੁਪਹਿਰ ਦੋ ਵਜੇ ਤੋਂ ਚਾਰ ਵਜੇ ਤੱਕ ਰੋਸ-ਪ੍ਰਦਰਸ਼ਨ ਕੀਤਾ ਜਾਏਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਗਰੁੱਪ ਸੰਯੁਕਤ ਕਿਸਾਨ ਮੋਰਚੇ ਦੇ ਹਰੇਕ ਐੱਕਸ਼ਨ ਦੇ ਸੱਦੇ ‘ਤੇ ਫੁੱਲ ਚੜ੍ਹਾਉਂਦਾ ਆ ਰਿਹਾ ਹੈ ਅਤੇ 6 ਫ਼ਰਵਰੀ ਵਾਲਾ ਇਹ ਰੋਸ-ਪ੍ਰਦਰਸ਼ਨ ਵੀ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ‘ਭਾਰਤ-ਬੰਦ’ ਦੇ ਹੁੰਗਾਰੇ ਵੱਲੋਂ ਕੀਤਾ ਜਾ ਰਿਹਾ ਹੈ। ਗਰੁੱਪ ਵੱਲੋਂ ਇਸ ਸਬੰਧੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਆਗੂ ਵੱਖ-ਵੱਖ ਪ੍ਰਸਾਰ ਮਾਧਿਅਮਾਂ ਰੇਡੀਓ, ਟੀ.ਵੀ., ਵੱਟਸਐਪ, ਫ਼ੇਸਬੁੱਕ, ਆਦਿ ਉੱਪਰ ਪ੍ਰਚਾਰ ਕਰ ਰਹੇ ਹਨ। ਇਸ ਮੀਟਿੰਗ ਵਿਚ ਇਕ ਮਤਾ ਪਾਸ ਕਰਕੇ ਇਹ ਅਪੀਲ ਕੀਤੀ ਗਈ ਹੈ ਕਿ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਚੜ੍ਹਦੀ-ਕਲਾ ਵਿਚ ਰੱਖਣ ਲਈ ਇਸ ਸਬੰਧੀ ਹਾਂ-ਪੱਖੀ ਪ੍ਰਚਾਰ ਕੀਤਾ ਜਾਵੇ। ਏਸੇ ਮਤੇ ਵਿਚ ਹੀ ਕਿਸਾਨ ਮੋਰਚੇ ਦੇ ਵਿਰੋਧੀ ਤੱਤਾਂ ਵੱਲੋਂ ਕਿਸਾਨ ਆਗੂਆਂ ਬਾਰੇ ਕੀਤੇ ਜਾ ਰਹੇ ਕੂੜ-ਪ੍ਰਚਾਰ ਦੀ ਭਰਪੂਰ ਨਿਖੇਧੀ ਕੀਤੀ ਗਈ ਹੈ ਅਤੇ ਇਸ ਨੂੰ ਤੁਰੰਤ ਬੰਦ ਕਰਕੇ ਲੋਕਾਂ ਨੂੰ ਅਤੇ ਭਾਰਤ ਸਰਕਾਰ ਨੂੰ ਕਿਸਾਨ ਮੰਗਾਂ ‘ਤੇ ਕੇਂਦ੍ਰਿਤ ਹੋਣ ਦੀ ਅਪੀਲ ਕੀਤੀ ਗਈ ਹੈ। ਗਰੁੱਪ ਵੱਲੋਂ ਜੀ.ਟੀ.ਏ. ਦੇ ਕਿਸਾਨ ਸੰਘਰਸ਼ ਦੇ ਹਮਾਇਤੀ ਲੋਕਾਂ ਅਤੇ ਗਰੁੱਪ ਵਿਚ ਸ਼ਾਮਲ ਸਮੂਹ ਜੱਥੇਬੰਦੀਆਂ ਦੇ ਮੈਂਬਰਾਂ ਅਤੇ ਹਮਦਰਦਾਂ ਨੂੰ 6 ਫ਼ਰਵਰੀ ਦਿਨ ਸ਼ਨੀਵਾਰ ਨੂੰ ਹੋ ਰਹੇ ਇਸ ਰੋਸ-ਪ੍ਰਦਰਸ਼ਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਂਦੀ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਨੂੰ ਕੈਨੇਡਾ ਸਰਕਾਰ ਦੀਆਂ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਬੇਨਤੀ ਕੀਤੀ ਜਾਂਦੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …