ਬਾਜ਼ੀ ਫਿਰ ਪੰਜਾਬੀਆਂ ਦੇ ਹੱਥ
ਪਿਛਲੀ ਵਾਰ ਬਣੇ ਸਨ ਪੰਜਾਬੀ ਮੂਲ ਦੇ 18 ਐਮ ਪੀ ਇਸ ਵਾਰ ਅੰਕੜਾ 20 ਤੋਂ ਟੱਪਣ ਦੀ ਸੰਭਾਵਨਾ
ਟੋਰਾਂਟੋ/ਬਿਊਰੋ ਨਿਊਜ਼
ਫੈਡਰਲ ਚੋਣਾਂ 2019 ਲਈ ਚੋਣ ਮੈਦਾਨ ਭਖਦਾ ਜਾ ਰਿਹਾ ਹੈ। ਇਸ ਭਖ ਰਹੇ ਚੋਣ ਪਿੜ ਵਿਚ ਇਕ ਵਾਰ ਫਿਰ ਪੰਜਾਬੀ ਮੂਲ ਦੇ ਉਮੀਦਵਾਰ ਜਿੱਥੇ ਸਰਗਰਮ ਦਿਖ ਰਹੇ ਹਨ, ਉਥੇ ਇਸ ਵਾਰ ਕੈਨੇਡਾ ਦੀ ਸੰਸਦ ਵਿਚ ਉਨ੍ਹਾਂ ਦੇ ਵੱਧ ਗਿਣਤੀ ਵਿਚ ਦਾਖਲ ਹੋਣ ਦੀ ਉਮੀਦ ਬੱਝ ਗਈ ਹੈ।
ਜ਼ਿਕਰਯੋਗ ਹੈ ਕਿ ਸਾਲ 2015 ਵਿਚ 338 ਸੀਟਾਂ ‘ਤੇ ਹੋਈਆਂ ਚੋਣਾਂ ਦੌਰਾਨ ਪੰਜਾਬੀ ਮੂਲ ਦੇ 18 ਐਮ ਪੀ ਚੁਣੇ ਗਏ ਸਨ। ਜਿਨ੍ਹਾਂ ਵਿਚੋਂ 16 ਲਿਬਰਲ ਪਾਰਟੀ ਅਤੇ 2 ਕੰਸਰਵੇਟਿਵ ਪਾਰਟੀ ਦੇ ਐਮ ਪੀ ਸਨ।
ਇਸ ਵਾਰ ਐਨਡੀਪੀ ਵੱਲੋਂ ਹਾਲ ਹੀ ਵਿਚ ਪਾਰਲੀਮੈਂਟ ਦੀ ਚੋਣ ਜਿੱਤਣ ਵਾਲੇ ਜਗਮੀਤ ਸਿੰਘ ਜੋ ਕਿ ਪਾਰਟੀ ਦੇ ਲੀਡਰ ਵੀ ਹਨ, ਉਨ੍ਹਾਂ ਦੀ ਆਮਦ ਨਾਲ ਪੰਜਾਬੀ ਭਾਈਚਾਰੇ ‘ਚ ਹੋਰ ਉਤਸ਼ਾਹ ਵਧਿਆ ਹੈ, ਜਿਸ ਤੋਂ ਸਾਫ਼ ਹੈ ਕਿ ਇਸ ਵਾਰ ਪੰਜਾਬੀ ਮੂਲ ਦੇ ਉਮੀਦਵਾਰ ਲਿਬਰਲ ਤੇ ਕੰਸਰਵੇਟਿਵ ਪਰਟੀ ਦੇ ਨਾਲ-ਨਾਲ ਐਨਡੀਪੀ ਵੱਲੋਂ ਵੀ ਚੋਣ ਪਿੜ ਵਿਚ ਨਿੱਤਰਨਗੇ। ਮਿਲ ਰਹੀ ਜਾਣਕਾਰੀ ਅਨੁਸਾਰ ਪਿਛਲੀ ਵਾਰ ਪੰਜਾਬੀ ਮੂਲ ਦੇ ਐਮ ਪੀ ਚੁਣੇ ਜਾਣ ਦੀ ਗਿਣਤੀ ਜਿੱਥੇ 18 ਸੀ, ਉਥੇ ਇਸ ਵਾਰ ਇਹ ਪੂਰਨ ਸੰਭਾਵਨਾ ਹੈ ਕਿ ਪੰਜਾਬ ਸੰਸਦ ਮੈਂਬਰਾਂ ਦੀ ਕੈਨੇਡੀਅਨ ਪਾਰਲੀਮੈਂਟ ਵਿਚ ਗਿਣਤੀ 20 ਤੋਂ ਵੀ ਟੱਪ ਜਾਵੇ। ਪੰਜਾਬੀ ਮੂਲ ਦੇ ਚਾਰੋ ਮੰਤਰੀ ਵੀ ਮੁੜ ਚੋਣ ਮੈਦਾਨ ਵਿਚ ਹਨ।
ਸਿੱਧਾ ਮੁਕਾਬਲਾ ਲਿਬਰਲ ਤੇ ਕੰਸਰਵੇਟਿਵ ਵਿਚਾਲੇ
ਆਉਂਦੀਆਂ ਫੈਡਰਲ ਚੋਣਾਂ ‘ਚ ਬੇਸ਼ੱਕ 6 ਪ੍ਰਮੁੱਖ ਸਿਆਸੀ ਦਲਾਂ ਵਿਚਾਲੇ ਮੁਕਾਬਲਾ ਹੋਣਾ ਹੈ ਪਰ ਇਹ ਵੀ ਸਪੱਸ਼ਟ ਰੂਪ ਵਿਚ ਦਿਖਾਈ ਦੇ ਰਿਹਾ ਹੈ ਕਿ ਸੱਤਾ ਦਾ ਮੁੱਖ ਮੁਕਾਬਲਾ ਲਿਬਰਲ ਅਤੇ ਕੰਸਰਵੇਟਿਵ ਵਿਚਾਲੇ ਹੀ ਹੋਣ ਦੇ ਪੂਰੇ ਆਸਾਰ ਹਨ। ਜਿਹੜੀਆਂ ਛੇ ਪਾਰਟੀਆਂ ਵਿਚਾਰ ਚੋਣ ਮੁਕਾਬਲੇ ਹੋਣੇ ਹਨ ਉਨ੍ਹਾਂ ਵਿਚ ਲਿਬਰਲ, ਕੰਸਰਵੇਟਿਵ, ਐਨਡੀਪੀ, ਗਰੀਨ ਪਾਰਟੀ, ਪੀਪਲ ਪਾਰਟੀ ਤੇ ਬਲਾਕ ਕਿਊਬਕ ਦਾ ਨਾਮ ਸ਼ਾਮਲ ਹੈ। ਤਾਜ਼ਾ ਸਰਵੇ ਅਨੁਸਾਰ ਜਿੱਥੇ ਐਨਡੀਪੀ ਦਾ ਪਹਿਲਾਂ ਦੇ ਮੁਕਾਬਲੇ ਆਧਾਰ ਵਧਿਆ ਹੈ, ਉਥੇ ਲਿਬਰਲ ਅਤੇ ਕੰਸਰਵੇਟਿਵ ਬਿਲਕੁਲ ਬਰਾਬਰ ਚਲਦਿਆਂ ਹੋਇਆਂ ਮੁੱਖ ਮੁਕਾਬਲੇ ਵਿਚ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …