ਓਨਟਾਰੀਓ/ਬਿਊਰੋ ਨਿਊਜ਼ : ਦੱਖਣੀ ਓਨਟਾਰੀਓ ਤੋਂ ਲਿਬਰਲਾਂ ਦੀ ਨੁਮਾਇੰਦਗੀ ਕਰਨ ਵਾਲੀ ਸਾਬਕਾ ਐਮਪੀ ਕਿੰਮ ਰੱਡ ਦਾ ਦੇਹਾਂਤ ਹੋ ਗਿਆ।
ਕੋਬਰਗ, ਓਨਟਾਰੀਓ ਵਿੱਚ ਸਥਿਤ ਹੌਸਪਿਸ (ਆਸ਼ਰਮ) ਵਿੱਚ ਮੰਗਲਵਾਰ ਨੂੰ ਰੱਡ ਦੀ ਓਵੇਰੀਅਨ ਕੈਂਸਰ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਆਨਲਾਈਨ ਜਾਰੀ ਕੀਤੀ ਗਈ ਉਨ੍ਹਾਂ ਦੇ ਦੇਹਾਂਤ ਦੀ ਖਬਰ ਵਿੱਚ ਦਿੱਤੀ ਗਈ। 66 ਸਾਲਾ ਰੱਡ ਨੇ 2015 ਤੋਂ 2019 ਤੱਕ ਨਵੇਂ ਹਲਕੇ ਨੌਰਥੰਬਰਲੈਂਡ ਪੀਟਰਬਰੋ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਦੀ ਪਾਰਲੀਆਮੈਂਟਰੀ ਸਕੱਤਰ ਵਜੋਂ ਸੇਵਾ ਨਿਭਾਈ। ਉਹ ਪਾਰਲੀਆਮੈਂਟਰੀ ਹੈਲਥ ਰਿਸਰਚ ਕਾਕਸ ਦੀ ਚੇਅਰ ਵੀ ਰਹੀ ਤੇ ਉਨ੍ਹਾਂ ਹਾਊਸ ਆਫ ਕਾਮਨਜ ਦੀ ਵਿੱਤ ਤੇ ਕੁਦਰਤੀ ਵਸੀਲਿਆਂ ਬਾਰੇ ਕਮੇਟੀ ਵਿੱਚ ਵੀ ਸੇਵਾ ਨਿਭਾਈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੱਡ ਦੇ ਪਰਿਵਾਰ ਤੇ ਦੋਸਤਾਂ ਨਾਲ ਦੁੱਖ ਸਾਂਝਾ ਕੀਤਾ ਤੇ ਆਖਿਆ ਕਿ ਉਨ੍ਹਾਂ ਨੂੰ ਕੈਨੇਡੀਅਨਜ਼ ਦੀ ਅਣਥੱਕ ਸੇਵਾ ਕਰਨ ਵਾਲੀ ਆਗੂ ਵਜੋਂ ਚੇਤੇ ਰੱਖਿਆ ਜਾਵੇਗਾ। ਟਰੂਡੋ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਨ੍ਹਾਂ ਨੇ ਕਿਫਾਇਤੀ ਘਰਾਂ, ਪਿੰਡਾਂ ਵਿੱਚ ਬ੍ਰੌਡਬੈਂਡ ਤੇ ਹੈਲਥ ਕੇਅਰ ਵਰਗੇ ਅਹਿਮ ਮੁੱਦਿਆਂ ਉੱਤੇ ਕੰਮ ਕੀਤਾ। ਕੁਦਰਤੀ ਵਸੀਲਿਆਂ ਬਾਰੇ ਮੰਤਰੀ ਦੀ ਪਾਰਲੀਆਮੈਂਟਰੀ ਸਕੱਤਰ ਰਹਿੰਦਿਆਂ ਉਹ ਕੈਨੇਡੀਅਨ ਐਨਰਜੀ ਵਰਕਰਜ ਲਈ ਖੜ੍ਹੀ ਹੋਈ ਤੇ ਕਲਾਈਮੇਟ ਐਕਸਨ ਲਈ ਵੀ ਹੰਭਲਾ ਮਾਰਿਆ।
ਕਰੀਨਾ ਗੋਲਡ ਸਮੇਤ ਕਈ ਲਿਬਰਲ ਕੈਬਨਿਟ ਮੰਤਰੀਆਂ ਨੇ ਸ਼ੋਸ਼ਲ ਮੀਡੀਆ ਉੱਤੇ ਪਾਈਆਂ ਪੋਸਟ ਵਿੱਚ ਰੱਡ ਨੂੰ ਸਰਧਾਂਜਲੀ ਦਿੱਤੀ। ਟਰੂਡੋ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਰੱਡ ਨੂੰ ਕਮਿਊਨਿਟੀ ਲੀਡਰਸਿਪ ਲਈ ਮਾਨਤਾ ਦੇਣ ਵਾਸਤੇ ਆਰਬੀਸੀ ਕੈਨੇਡੀਅਨ ਵੁਮਨ ਐਂਟਰਪ੍ਰਿਨਿਓਰ ਐਵਾਰਡ ਨਾਲ ਵੀ ਨਿਵਾਜਿਆ ਗਿਆ ਸੀ। ਇਸ ਤੋਂ ਇਲਾਵਾ ਉਹ ਕੋਬਰਗ ਦੇ ਚਾਈਲਡ ਕੇਅਰ ਸੈਂਟਰ ਦੀ ਸਹਿ ਬਾਨੀ ਵੀ ਸੀ।ਰੱਡ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਤੀ ਟੌਮ, ਦੋ ਬੇਟੀਆਂ ਐਲੀਸਨ ਤੇ ਸਟੈਫਨੀ ਅਤੇ ਚਾਰ ਗ੍ਰੈਂਡ ਚਿਲਡਰਨ ਹਨ।