Breaking News
Home / ਜੀ.ਟੀ.ਏ. ਨਿਊਜ਼ / 21 ਫਰਵਰੀ ਨੂੰ ਹੜਤਾਲ ਕਾਰਨ ਓਨਟਾਰੀਓ ਦੇ ਵਿਦਿਆਰਥੀ ਰਹਿਣਗੇ ਘਰਾਂ ‘ਚ

21 ਫਰਵਰੀ ਨੂੰ ਹੜਤਾਲ ਕਾਰਨ ਓਨਟਾਰੀਓ ਦੇ ਵਿਦਿਆਰਥੀ ਰਹਿਣਗੇ ਘਰਾਂ ‘ਚ

ਟੋਰਾਂਟੋ/ਬਿਊਰੋ ਨਿਊਜ਼ : ਆਉਂਦੀ 21 ਫਰਵਰੀ ਨੂੰ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਓਨਟਾਰੀਓ ਦੇ ਦੋ ਮਿਲੀਅਨ ਵਿਦਿਆਰਥੀ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣਗੇ। ਜੂਨੀਅਰ ਕਿੰਡਰਗਾਰਟਨ ਤੋਂ 12ਵੀਂ ਕਲਾਸ ਦੇ ਇੰਗਲਿਸ਼ ਤੇ ਫਰੈਂਚ ਭਾਸ਼ਾ ਦੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਦਾ ਅਸਰ 1.4 ਮਿਲੀਅਨ ਐਲੀਮੈਂਟਰੀ ਵਿਦਿਆਰਥੀਆਂ ਤੇ 500,000 ਹਾਈ ਸਕੂਲ ਵਿਦਿਆਰਥੀਆਂ ਉੱਤੇ ਪਵੇਗਾ। ਇਹ ਸਾਰੇ ਵਿਦਿਆਰਥੀ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਸਿਲਸਿਲੇਵਾਰ ਜਾਂ ਇੱਕ ਰੋਜ਼ਾ ਹੜਤਾਲਾਂ ਦੇ ਚੱਲ ਰਹੇ ਦੌਰ ਕਾਰਨ ਪਹਿਲਾਂ ਤੋਂ ਹੀ ਪ੍ਰਭਾਵਿਤ ਹਨ।
ਸਿਆਸੀ ਰਣਨੀਤੀਕਾਰ ਜਿੰਮ ਵਾਰਨ ਨੇ ਆਖਿਆ ਕਿ ਇਸ ਚੱਲ ਰਹੇ ਸੰਘਰਸ਼ ਵਿੱਚ ਤਾਪਮਾਨ ਹੁਣ ਮੀਡੀਅਮ ਤੋਂ ਹਾਈ ਹੋਣ ਜਾ ਰਿਹਾ ਹੈ ਤੇ ਇਸ ਨਾਲ ਫੋਰਡ ਸਰਕਾਰ ਉੱਤੇ ਅਧਿਆਪਕਾਂ ਨਾਲ ਮਸਲਾ ਸੁਲਝਾਉਣ ਲਈ ਹੋਰ ਦਬਾਅ ਪਵੇਗਾ। ਵਾਰਨ ਨੇ ਆਖਿਆ ਕਿ ਸਕੂਲ ਯੀਅਰ ਖ਼ਤਮ ਹੋਣ ਵੱਲ ਜਿਵੇਂ ਅਸੀਂ ਵੱਧ ਰਹੇ ਹਾਂ ਉਸ ਨਾਲ ਸਰਕਾਰ ਉੱਤੇ ਵੀ ਇਹ ਦਬਾਅ ਵੱਧ ਰਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬੱਚੇ ਗ੍ਰੇਡਜ਼ ਹਾਸਲ ਕਰ ਸਕਣ।
ਵਾਰਨ ਨੇ ਆਖਿਆ ਕਿ ਭਾਵੇਂ ਯੂਨੀਅਨਾਂ ਵੱਲੋਂ ਸਰਕਾਰ ਨੂੰ ਹੌਲੀ ਹੌਲੀ ਸੇਕ ਪਹੁੰਚਾਉਣ ਦੀ ਰਣਨੀਤੀ ਉੱਤੇ ਕੰਮ ਕੀਤਾ ਜਾ ਰਿਹਾ ਹੈ ਪਰ ਜੇ ਮਾਪਿਆਂ ਨੂੰ ਲੱਗਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਨਾਲ ਖਿਲਵਾੜ ਹੋ ਰਿਹਾ ਹੈ ਤਾਂ ਅਧਿਆਪਕ ਮਾਪਿਆਂ ਦਾ ਸਮਰਥਨ ਗੁਆ ਬੈਠਣਗੇ। ਵਾਰਨ ਨੇ ਅੱਗੇ ਆਖਿਆ ਕਿ ਤੁਸੀਂ ਉਨ੍ਹਾਂ ਲੋਕਾਂ ਦਾ ਸਮਰਥਨ ਨਹੀਂ ਗੁਆਉਣਾ ਚਾਹੋਂਗੇ ਜਿਹੜੇ ਤੁਹਾਡੇ ਭੱਤਿਆਂ ਦੀ ਅਦਾਇਗੀ ਕਰਦੇ ਹਨ।
ਇਸ ਨਾਲ ਇਹ ਖਤਰਾ ਹੈ ਕਿ ਮਾਪੇ ਵੀ ਉਨ੍ਹਾਂ ਦੇ ਉਲਟ ਹੋ ਕੇ ਫੋਰਡ ਕੈਂਪ ਵਿੱਚ ਜਾ ਰਲਣਗੇ। ਇਹ ਖਬਰ ਉਦੋਂ ਆਈ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਐਲੀਮੈਂਟਰੀ ਅਧਿਆਪਕਾਂ ਵੱਲੋਂ ਡਾਊਨਟਾਊਨ ਟੋਰਾਂਟੋ ਹੋਟਲ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ ਜਿੱਥੇ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਭਾਸ਼ਣ ਦੇ ਰਹੇ ਸਨ।

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …