2.8 C
Toronto
Saturday, January 10, 2026
spot_img
Homeਜੀ.ਟੀ.ਏ. ਨਿਊਜ਼ਬੱਸ ਡੇਅਕੇਅਰ ਦੀ ਇਮਾਰਤ ਨਾਲ ਟਕਰਾਈ, 2 ਬੱਚਿਆਂ ਦੀ ਮੌਤ

ਬੱਸ ਡੇਅਕੇਅਰ ਦੀ ਇਮਾਰਤ ਨਾਲ ਟਕਰਾਈ, 2 ਬੱਚਿਆਂ ਦੀ ਮੌਤ

ਮਾਂਟਰੀਅਲ/ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ਸਵੇਰੇ ਮਾਂਟਰੀਅਲ ਦੇ ਉੱਤਰ ਵੱਲ ਸਥਿਤ ਇੱਕ ਡੇਅਕੇਅਰ ਦੀ ਇਮਾਰਤ ਵਿੱਚ ਸਿਟੀ ਬੱਸ ਟਕਰਾ ਜਾਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ।
ਇਸ ਸਬੰਧ ਵਿੱਚ ਬੱਸ ਦੇ 51 ਸਾਲਾ ਡਰਾਈਵਰ ਨੂੰ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਹਾਦਸੇ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ ਲੱਗਦਾ ਹੈ।
ਸੋਸਾਇਟੀ ਡੀ ਟਰਾਂਸਪੋਰਟ ਡੀ ਲਵਾਲ (ਐਸਟੀਐਲ) ਬੱਸ ਦੇ ਡਰਾਈਵਰ ਦੀ ਪਛਾਣ ਪਇਏਰ ਨੀ ਸੇਟ-ਅਮਾਂਡ ਵਜੋਂ ਹੋਈ ਹੈ। ਉਸ ਨੂੰ ਮੌਕੇ ਉੱਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਇਸ ਸਮੇਂ ਕਤਲ ਦੀ ਕੋਸ਼ਿਸ਼ ਕਰਨ, ਗੁੱਸੇ ਵਿੱਚ ਆ ਕੇ ਹਮਲਾ ਕਰਨ ਤੇ ਸ਼ਰੀਰਕ ਨੁਕਸਾਨ ਪਹੁੰਚਾਉਣ ਲਈ ਹਮਲਾ ਕਰਨ ਵਰਗੇ ਨੌਂ ਚਾਰਜਿਜ਼ ਉਸ ਉੱਤੇ ਲਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਇੱਕ ਬੱਚੇ ਨੂੰ ਤਾਂ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੂਜੇ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਦੋਵਾਂ ਬੱਚਿਆਂ ਦੀ ਉਮਰ ਚਾਰ ਸਾਲ ਸੀ।
ਛੇ ਹੋਰਨਾਂ ਬੱਚਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਸ ਹਾਦਸੇ ਕਾਰਨ ਸ਼ੌਕ ਲੱਗਣ ਕਰਕੇ ਇੱਕ ਵਿਅਕਤੀ ਨੂੰ ਵੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:30 ਵਜੇ 911 ਉੱਤੇ ਇਸ ਹਾਦਸੇ ਦੇ ਸਬੰਧ ਵਿੱਚ ਕਾਲ ਆਈ। ਇਸ ਸਮੇਂ ਹੀ ਆਮ ਤੌਰ ਉੱਤੇ ਮਾਪੇ ਆਪਣੇ ਬੱਚਿਆਂ ਨੂੰ ਡੇਅਕੇਅਰ ਵਿੱਚ ਛੱਡਦੇ ਹਨ। ਇੱਕ ਚਸ਼ਮਦੀਦ ਮਾਰੀਓ ਸਿਰੌਇਸ ਨੇ ਦੱਸਿਆ ਕਿ ਉਹ ਗੁਆਂਢ ਵਿੱਚ ਹੀ ਰਹਿੰਦਾ ਹੈ ਤੇ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਉਸ ਨੇ ਮਸ਼ਕੂਕ ਨੂੰ ਭੱਜਣ ਤੋਂ ਰੋਕਣ ਵਿੱਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਜਾਣਬੁੱਝ ਕੇ ਕੀਤਾ ਗਿਆ। ਡਰਾਈਵਰ ਨੇ ਬੱਸ ਸਿੱਧਾ ਲਿਜਾ ਕੇ ਡੇਅਕੇਅਰ ਵਿੱਚ ਮਾਰੀ।
ਇਸ ਦੌਰਾਨ ਲਵਾਲ ਦੇ ਮੇਅਰ ਸਟੀਫਨ ਬੌਇਰ ਨੇ ਆਖਿਆ ਕਿ ਇਹ ਡਰਾਈਵਰ ਪਿਛਲੇ ਦਸ ਸਾਲਾਂ ਤੋਂ ਟਰਾਂਜ਼ਿਟ ਏਜੰਸੀ ਨਾਲ ਕੰਮ ਕਰ ਰਿਹਾ ਸੀ ਤੇ ਉਸ ਦਾ ਰਿਕਾਰਡ ਕਾਫੀ ਸਾਫ ਸੀ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਲਵਾਲ ਵਾਸੀਆਂ ਦੇ ਨਾਲ ਹਨ ਤੇ ਆਸ ਕਰਦੇ ਹਨ ਕਿ ਸਭ ਠੀਕ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਉਹ ਇਸ ਘਟਨਾ ‘ਤੇ ਨਜ਼ਰ ਰੱਖ ਰਹੇ ਹਨ। ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਆਖਿਆ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪਰਿਵਾਰਾਂ ਨੂੰ ਜਿਸ ਕਿਸਮ ਦੀ ਮਦਦ ਦੀ ਲੋੜ ਹੋਵੇਗੀ ਉਹ ਦੇਣਗੇ।

RELATED ARTICLES
POPULAR POSTS