Breaking News
Home / ਜੀ.ਟੀ.ਏ. ਨਿਊਜ਼ / ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ ਮਾਲਟਨ-ਰੈਕਸਡੇਲ ਦਾ ਮਹਾਨ ਨਗਰ ਕੀਰਤਨ

ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ ਮਾਲਟਨ-ਰੈਕਸਡੇਲ ਦਾ ਮਹਾਨ ਨਗਰ ਕੀਰਤਨ

ਰੈਕਸਡੇਲ/ਬਿਊਰੋ ਨਿਊਜ਼
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਘੇ ਐਤਵਾਰ 6 ਮਈ ਨੂੰ ਬਰੈਂਪਟਨ, ਮਿਸੀਸਾਗਾ ਅਤੇ ਰੈਕਸਡੇਲ ਏਰੀਏ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਮਹਾਨ ਨਗਰ-ਕੀਰਤਨ ਗੁਰਦੁਆਰਾ ਸਾਹਿਬ ਮਾਲਟਨ ਤੋਂ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਤੱਕ ਸਜਾਇਆ ਗਿਆ। ਇਹ ਨਗਰ-ਕੀਰਤਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਆਕਾਸ਼-ਗੁੰਜਾਊ ਜੈਕਾਰਿਆਂ ਅਤੇ ਨਗਾਰਿਆਂ ਦੀ ਦੂਰ-ਦੂਰ ਤੱਕ ਸੁਣਾਈ ਦਿੰਦੀ ਆਵਾਜ਼ ਨਾਲ ਮਾਲਟਨ ਗੁਰੂਘਰ ਤੋਂ ਬਾਅਦ ਦੁਪਹਿਰ ਲੱਗਭੱਗ ਸਵਾ ਕੁ ਇਕ ਵਜੇ ਆਰੰਭ ਹੋਇਆ ਅਤੇ ਮੌਰਨਿੰਗ ਸਟਾਰ ਤੋਂ ਹੁੰਦਾ ਹੋਇਆ ਨਿਰਧਾਰਿਤ ਰੂਟ ਉੱਪਰ ਆਪਣੀ ਮੰਜ਼ਲ ਤੈਅ ਕਰਦਾ ਹੋਇਆ ਫਿੰਚ ਐਵੀਨਿਊ ਅਤੇ ਵੈੱਸਟ ਡਰਾਈਵ ਦਾ ਆਪਣਾ ਆਖ਼ਰੀ ਪੜਾਅ ਮੁਕਾਉਂਦਾ ਹੋਇਆਂ ਸ਼ਾਮ ਨੂੰ ਸਾਢੇ ਕੁ ਛੇ ਵਜੇ ਰੈਕਸਡੇਲ ਗੁਰੂਘਰ ਵਿਖੇ ਪਹੁੰਚਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਸ ਦਾ ਸੁਆਗ਼ਤ ਕਰਨ ਲਈ ਬੜੀ ਤੀਬਰਤਾ ਨਾਲ ਇੰਤਜ਼ਾਰ ਕਰ ਰਹੀਆਂ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿਚ ਸਜਾਏ ਗਏ ਇਸ ਨਗਰ-ਕੀਰਤਨ ਜਿਸ ਦੀ ਅਗਵਾਈ ਪੰਥ ਦੇ ਪੰਜ-ਨਿਸ਼ਾਨਚੀ ਅਤੇ ਪੰਜ-ਪਿਆਰੇ ਕਰ ਰਹੇ ਸਨ, ਵਿਚ ਬਹੁਤ ਸਾਰੇ ਫਲੋਟ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਵਿਚ ‘1699 ਦੀ ਇਤਿਹਾਸਕ ਵਿਸਾਖੀ ਦੌਰਾਨ ਅੰਮ੍ਰਿਤ-ਸੰਚਾਰ’,’ਪ੍ਰਣਾਮ ਸ਼ਹੀਦਾਂ ਨੂੰ’, ‘ਦੋਹਾਂ ਸੰਸਾਰ-ਯੁੱਧਾਂ ਵਿਚ ਸਿੱਖ-ਫ਼ੌਜੀਆਂ ਦਾ ਯੋਗਦਾਨ’,’ਕੈਨੇਡਾ ਵਿਚ ਸਿੱਖਾਂ ਦਾ ਯੋਗਦਾਨ’, ਆਦਿ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਕਈ ਸਕੂਲੀ ਬੈਂਡ, ਗ਼ੱਤਕਾ-ਪਾਰਟੀਆਂ ਅਤੇ ਕਈ ਸ਼ਬਦੀ-ਜੱਥੇ ਵੀ ਮੌਜੂਦ ਸਨ। ਕੁਝ ਕੁ ਨੌਜੁਆਨ ‘ਖ਼ਾਲਿਸਤਾਨ’ ਅਤੇ ਕੈਨੇਡਾ ਦੇ ਕੌਮੀ ਝੰਡੇ ਫੜੀ ਵੀ ਸ਼ਾਮਲ ਸਨ। ਸੰਗਤਾਂ ਵਿਚ ਸ਼ਾਮਲ ਬਹੁਤ ਸਾਰੇ ਲੋਕਾਂ ਨੇ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਸਨ, ਬੀਬੀਆਂ ਨੇ ਕੇਸਰੀ ਦੁਪੱਟੇ ਲਏ ਹੋਏ ਸਨ ਅਤੇ ਕਈ ਨੌਜੁਆਨ ਤੇ ਬੱਚੇ ਆਪਣੇ ਸਿਰਾਂ ਉੱਪਰ ਕੇਸਰੀ ਪਟਕੇ ਸਜਾਏ ਹੋਏ ਇਸ ਦੇ ਨਾਲ ਚੱਲ ਰਹੇ ਸਨ।
ਰੈਕਸਡੇਲ ਗੁਰੂਘਰ ਵਿਚ ਦੁਪਹਿਰ ਤੋਂ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਖੁੱਲ੍ਹੇ ਵਿਹੜੇ ਅਤੇ ਪਾਰਕਿੰਗ ਏਰੀਏ ਵਿਚ ਸਜਾਏ ਗਏ ਦੀਵਾਨ ਵਿਚ ਢਾਡੀ ਜੱਥਿਆਂ ਵੱਲੋਂ 1699 ਦੀ ਇਤਿਹਾਸਕ ਵਿਸਾਖੀ ਦੌਰਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦੀ ਸਾਜਨਾ ਦਾ ਇਤਿਹਾਸਕ ਪ੍ਰਸੰਗ ਅਤੇ ਹੋਰ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਈ ਰਾਜਸੀ ਨੇਤਾ ਵੀ ਆਪਣੀਆਂ ਹਾਜ਼ਰੀਆਂ ਲੁਆ ਰਹੇ ਸਨ ਅਤੇ ਓਨਟਾਰੀਓ ਸੂਬਾਈ ਚੋਣਾਂ ਦਾ ਦਿਨ 7 ਜੂਨ ਨੇੜੇ ਹੋਣ ਕਰਕੇ ਉਨ੍ਹਾਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ ਕੁਝ ਵਧੇਰੇ ਸੀ। ਇਨ੍ਹਾਂ ਵਿਚ ਫ਼ੈੱਡਰਲ ਮੰਤਰੀ ਕ੍ਰਿਸਟੀ ਡੰਕਨ, ਐੱਨ.ਡੀ.ਪੀ .ਆਗੂ ਜਗਮੀਤ ਸਿੰਘ, ਪੀ.ਸੀ.ਪਾਰਟੀ ਦੇ ਆਗੂ ਡੱਗ ਫੋਰਡ, ਰੈਕਸਡੇਲ ਏਰੀਏ ਵਿੱਚੋਂ ਚੋਣ ਲੜ ਰਹੇ ਸ਼ਫ਼ੀਕ ਕਾਦਰੀ ਤੇ ਕਈ ਹੋਰ ਕਈ ਸ਼ਾਮਲ ਸਨ। ਉਨ੍ਹਾਂ ਤੋਂ ਇਲਾਵਾ ਮੌਜੂਦਾ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਜੋ ਇਸ ਵਾਰ ਰਿਜਨਲ ਕਾਊਂਸਲਰ ਲਈ ਚੋਣ ਮੈਦਾਨ ਵਿਚ ਹਨ, ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਮਾਲਟਨ ਗੁਰੂਘਰ ਤੋਂ ਨਗਰ-ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਮਾਲਟਨ ਗੁਰੂਘਰ ਵਿਖੇ ਵੀ ਕਈ ਰਾਜਸੀ ਨੇਤਾਵਾਂ ਨੇ ਇਸ ਖ਼ੂਬਸੂਰਤ ਮੌਕੇ ਦਾ ਲਾਭ ਉਠਾਇਆ ਜਿਨ੍ਹਾਂ ਵਿਚ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ, ਓਨਟਾਰੀਓ ਐੱਨ.ਡੀ.ਪੀ. ਆਗੂ ਐਂਡਰੀਆ ਹਾਰਵੱਥ, ਐੱਮ.ਪੀ.ਰੂਬੀ ਸਹੋਤਾ, ਐੱਮ.ਪੀ. ਸੋਨੀਆ ਸਿੱਧੂ, ਬਰੈਂਪਟਨ ਦੀ ਮੇਅਰ ਲਿੰਡਾ ਜੈਫ਼ਰੀ, ਐੱਮ.ਪੀ.ਪੀ.ਲਈ ਬਰੈਂਪਟਨ ਈਸਟ ਤੋਂ ਉਮੀਦਵਾਰ ਗੁਰ ਰਤਨ ਸਿੰਘ, ਬਰੈਂਪਟਨ ਨੌਰਥ ਤੋਂ ਮੁੜ ਉਮੀਦਵਾਰ ਹਰਿੰਦਰ ਮੱਲ੍ਹੀ ਅਤੇ ਕਈ ਹੋਰ ਨੇਤਾ ਸ਼ਾਮਲ ਸਨ।
ਇਸ ਨਗਰ-ਕੀਰਤਨ ਦੌਰਾਨ ਮਾਲਟਨ ਗੁਰੂਘਰ ਸਾਹਿਬ, ਨਗਰ-ਕੀਰਤਨ ਦੇ ਸਮੁੱਚੇ ਰੂਟ ਅਤੇ ਰੈਕਸਡੇਲ ਗੁਰੂਘਰ ਦੇ ਖੁੱਲ੍ਹੇ ਵਿਹੜੇ ਵਿਚ ਸੰਗਤਾਂ ਦੇ ਖਾਣ-ਪੀਣ ਲਈ ਬੇ-ਸ਼ੁਮਾਰ ਸਟਾਲ ਲਗਾਏ ਗਏ ਸਨ ਜਿਨ੍ਹਾਂ ਉੱਪਰ ਵੱਖ-ਵੱਖ ਮਠਿਆਈਆਂ, ਪਕੌੜਿਆਂ, ਚਾਹ, ਤਰ੍ਹਾਂ ਤਰ੍ਹਾਂ ਦੇ ਜੂਸ, ਕੋਲਡ-ਡਰਿੰਕਸ ਆਦਿ ਤੋਂ ਲੈ ਕੇ ਪੂਰੀ-ਛੋਲੇ, ਭੰਗੂਰ-ਕੜਾਹ, ਕੜ੍ਹੀ-ਚੌਲ, ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਤੱਕ ਛੱਤੀ-ਪ੍ਰਕਾਰ ਦੇ ਭੋਜਨ ਮੌਜੂਦ ਸਨ। ਪਰ ਇਨ੍ਹਾਂ ਸਤਰਾਂ ਦੇ ਲੇਖਕ ਦੇ ਇਹ ਵੇਖਣ ਵਿਚ ਆਇਆ ਕਿ ਲੋਕ ਬਹੁਤ ਸਾਰੀ ਗਿਣਤੀ ਵਿਚ ਇਹ ਭੋਜਨ ਅੱਧ-ਪਚੱਧਾ ਖਾ ਕੇ ਬਾਕੀ ਆਪਣੀਆਂ ਪਲੇਟਾਂ ਦੇ ਵਿੱਚੇ ਹੀ ਛੱਡ ਕੇ ਉਸ ਨੂੰ ‘ਗਾਰਬੇਜ’ ਕਰ ਰਹੇ ਸਨ ਜੋ ਬੇਹੱਦ ਦੁੱਖਦਾਈ ਮਹਿਸੂਸ ਹੋ ਰਿਹਾ ਸੀ। ਜਿੱਥੇ ਸੰਗਤਾਂ ਨੂੰ ਇਹ ਚਾਹੀਦਾ ਹੈ ਕਿ ਉਹ ਲੋੜ ਅਨੁਸਾਰ ਹੀ ਇਹ ਭੋਜਨ ਆਪਣੀਆਂ ਪਲੇਟਾਂ ਵਿੱਚ ਪੁਆਉਣ, ਉੱਥੇ ਵਰਤਾਵਿਆਂ ਲਈ ਵੀ ਇਹ ਜ਼ਰੂਰੀ ਹੈ ਕਿ ਉਹ ਬਹੁਤੇ ‘ਖੁੱਲ੍ਹੇ ਗੱਫੇ’ ਨਾ ਵਰਤਾਉਣ। ਇਨ੍ਹਾਂ ਨਗਰ-ਕੀਰਤਨਾਂ ਦੌਰਾਨ ਸੰਗਤਾਂ ਵੱਲੋਂ ‘ਵੇਸਟ’ ਕੀਤੇ ਜਾਂਦੇ ਖਾਧ-ਪਦਾਰਥਾਂ ਦੀ ਗੱਲ ਪਿਛਲੇ ਕੁਝ ਸਮੇਂ ਤੋਂ ਕਮਿਊਨਿਟੀ ਅਤੇ ਮੀਡੀਏ ਵਿਚ ਬੜੀ ਚਰਚਾ ਚੱਲ ਰਹੀ ਹੈ ਅਤੇ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਖਾਧ-ਪਦਾਰਥਾਂ (ਫ਼ੂਡ) ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾਵੇ ਤਾਂ ਜੋ ਇਹ ਲੋੜਵੰਦਾਂ ਦੇ ਮੂੰਹ ਵਿਚ ਪੈ ਸਕਣ।
ਇਸ ਵਾਰ ਇਸ ਨਗਰ-ਕੀਰਤਨ ਵਿਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵੀ ਚੋਖੀ ਗਿਣਤੀ ਵੇਖਣ ਵਿਚ ਆਈ ਅਤੇ ਉਨ੍ਹਾਂ ਵਿੱਚੋਂ ਕਈ ਇਸ ਵਿਚ ਸੇਵਾਦਾਰਾਂ ਵਜੋਂ ਵੱਖ-ਵੱਖ ਸੇਵਾਵਾਂ ਵੀ ਨਿਭਾਅ ਰਹੇ ਸਨ। ਕਈ ਸਟਾਲਾਂ ਉੱਪਰ ਉਹ ‘ਵਰਤਾਵਿਆਂ’ ਦੀ ਡਿਊਟੀ ਭੁਗਤਾਅ ਰਹੇ ਸਨ ਅਤੇ ਕਈ ਗਾਰਬੇਜ ਇਕੱਠਾ ਕਰਕੇ ਇਸ ਨੂੰ ਵੱਡੇ ਬਿੰਨ ਵਿਚ ਪਾ ਰਹੇ ਸਨ। ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਦਾ ਇਕ ਵੱਡਾ ਗਰੁੱਪ ‘ਜੱਥਾ ਸ਼ੈਰੀਡਨ’ ਦੇ ਨਾਂ ਹੇਠ ਇਹ ਸੇਵਾਵਾਂ ਨਿਭਾਅ ਰਿਹਾ ਸੀ। ਇਹ ਬੜੀ ਚੰਗੀ ਗੱਲ ਹੈ ਕਿ ਪੰਜਾਬ ਤੋਂ ਆਏ ਇਨ੍ਹਾਂ ਵਿਦਿਆਰਥੀਆਂ ਨੇ ਉੱਥੋਂ ਦੀਆਂ ਚੰਗੀਆਂ ਕਦਰਾਂ-ਕੀਮਤਾਂ ਦਾ ਇੱਥੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਦਸੰਬਰ 2017 ਵਿਚ ਸ਼ੈਰੀਡਨ ਕਾਲਜ ਵਿਚ ਹੋਈ ਵਿਦਿਆਰਥੀਆਂ ਦੀ ਆਪਸੀ ਲੜਾਈ ਦੇ ਦਾਗ਼ ਨੂੰ ਕੁਝ ਹੱਦ ਤੱਕ ਧੋਣ ਦੀ ਕੋਸ਼ਿਸ਼ ਕੀਤੀ ਹੈ। ਮਾਲਟਨ ਗੁਰੂਘਰ ਦੇ ਸਾਹਮਣੇ ਸਜਾਇਆ ਗਿਆ ‘ਖ਼ਾਲਸਾ ਏਡ’ ਦਾ ਸਟਾਲ ਅਤੇ ਰੈਕਸਡੇਲ ਗੁਰੂਘਰ ਵਿਖੇ ਸਜਾਏ ਗਏ ਡਰੱਗ ਅਵੇਅਰਨੈੱਸ ਸੁਸਾਇਟੀ ਅਤੇ ‘ਅਮਰ ਆਰਟਸ ਫ਼ਾਰ ਲਾਈਫ਼’ ਵੱਲੋਂ ਅੰਗਦਾਨ ਸਬੰਧੀ ਜਾਣਕਾਰੀ ਦੇਣ ਵਾਲੇ ਸਟਾਲ ਵੀ ਲੋਕਾਂ ਦੀ ਖਿੱਚ ਦਾ ਕਾਰਨ ਬਣ ਰਹੇ ਸਨ ਅਤੇ ਕਈ ਵਿਅੱਕਤੀ ਉੱਥੇ ਜਾਣਕਾਰੀ ਪ੍ਰਾਪਤ ਕਰਦੇ ਵੇਖੇ ਗਏ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …