ਹੁਣ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ‘ਚੋਂ ਨਹੀਂ ਕੱਢਿਆ ਜਾਵੇਗਾ
ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਿੱਲ ਸੀ-6 ਸਮੇਤ ਇੰਮੀਗ੍ਰੇਸ਼ਨ ਕਾਨੂੰਨਾਂ ਵਿੱਚ ਲਿਆਂਦੀਆਂ ਹਨ ਵੱਡੀਆਂ ਤਬਦੀਲੀਆਂ
ਮਿੱਸੀਸਾਗਾ/ਪਰਵਾਸੀ ਬਿਊਰੋ
ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟਿਜ਼ਨਸ਼ਿਪ ਮੰਤਰੀ ਅਹਿਮਦ ਹੂਸੈਨ, ਨੇ ‘ਰੇਡੀਓ ਪਰਵਾਸੀ’ ‘ਤੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਇਹ ਐਲਾਨ ਕੀਤਾ ਕਿ ਪਿਛਲੀ ਕੰਸਰਵੇਟਿਵ ਸਰਕਾਰ ਦੌਰਾਨ ਪਾਸ ਕੀਤੇ ਗਏ ਬਿੱਲ ਸੀ-6 ਨੂੰ ਹੁਣ ਬਦਲ ਦਿੱਤਾ ਗਿਆ ਹੈ ਅਤੇ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਵਿਅਕਤੀ ਨੂੰ ਕੈਨੇਡਾ ਚੋਂ ਬਾਹਰ ਨਹੀਂ ਕੱਢਿਆ ਜਾ ਸਕੇਗਾ। ਕੈਨੇਡਾ ਵਿੱਚ ਅੱਤਵਾਦ ਦੇ ਦੋਸ਼ ਵਿੱਚ ਸਜ਼ਾ ਯਾਫਤਾ ਵਿਅਕਤੀ ਨੂੰ ਵੀ ਕੈਨੇਡੀਅਨ ਕਾਨੂੰਨ ਮੁਤਾਬਕ ਕੈਨੇਡਾ ਵਿੱਚ ਰੱਖ ਕੇ ਹੀ ਸਜ਼ਾ ਦਿੱਤੀ ਜਾਵੇਗੀ।
ਵਰਨਣਯੋਗ ਹੈ ਕਿ ਪਿਛਲੀ ਹਾਰਪਰ ਸਰਕਾਰ ਨੇ ਕਾਨੂੰਨ ਬਣਾਇਆ ਸੀ ਕਿ ਜੇਕਰ ਕਿਸੇ ਵਿਅਕਤੀ ਕੋਲ ਦੋਹਰੀ ਨਾਗਰਿਕਤਾ ਹੈ ਅਤੇ ਉਸ ਵਿਰੁੱਧ ਅੱਤਵਾਦ ਦੇ ਦੋਸ਼ ਅਧੀਨ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਕੈਨੇਡੀਅਨ ਨਾਗਰਿਕ ਹੋਣ ਦੇ ਬਾਵਜੂਦ ਵੀ ਦੇਸ਼ ਚੋਂ ਬਾਹਰ ਕੱਢਿਆ ਜਾ ਸਕਦਾ ਹੈ।
ਮੰਤਰੀ ਹੂਸੈਣ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਹਰ ਇਕ ਕੈਨੇਡੀਅਨ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਹੈ ਅਤੇ ਕਿਸੇ ਵੀ ਦੋਸ਼ ਅਧੀਨ ਚਾਰਜ ਹੋਣ ਤੇ ਉਸ ਨੂੰ ਕੈਨੇਡਾ ਵਿੱਚ ਰਹਿ ਕੇ ਮੁਲਕ ਦੇ ਬਾਕੀ ਲੋਕਾਂ ਵਾਂਗ ਹੀ ਸਜ਼ਾ ਭੁਗਤਨੀ ਪਵੇਗੀ। ਅਸੀਂ ਦੋਹਰੇ ਕਾਨੂੰਨ ਨਹੀਂ ਬਣਾ ਸਕਦੇ।
ਉਨ੍ਹਾਂ ਨਾਲ ਹੀ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਸਿਟਿਜ਼ਨਸ਼ਿਪ ਦੇ ਟੈਸਟ ਲਈ ਉਮਰ 18 ਸਾਲ ਤੋਂ ਘਟਾ ਕੇ 14 ਸਾਲ ਅਤੇ 54 ਸਾਲ ਤੋਂ ਵਧਾ ਕੇ 64 ਸਾਲ ਕਰ ਦਿੱਤੀ ਗਈ ਸੀ, ਜੋ ਮੁੜ ਤੋਂ 18 ਸਾਲ ਤੋਂ 54 ਸਾਲ ਤੱਕ ਕਰ ਦਿੱਤੀ ਜਾਵੇਗੀ।
ਰਜਿੰਦਰ ਸੈਣੀ ਹੋਰਾਂ ਨੇ ਮੁੜ ਤੋਂ ਮੰਤਰੀ ਦੇ ਧਿਆਨ ਵਿੱਚ ਚੰਡੀਗੜ੍ਹ ਵਿੱਚ ਸਥਿਤ ਕੈਨੇਡੀਅਨ ਕਾਂਸਲੇਟ ਦਫਤਰ ਵਿੱਚ ਵੀਜ਼ਾ ਅਰਜ਼ੀਆਂ ਰਿਜੈਕਟ ਹੋਣ ਦਾ ਮੁੱਦਾ ਉਠਾਇਆ। ਮੰਤਰੀ ਨੇ ਮੰਨਿਆ ਕਿ ਕਿਸੇ ਵੇਲੇ ਇਨ੍ਹਾਂ ਅਰਜ਼ੀਆਂ ਦੀ ਸਫਲਤਾ ਦਰ ਸਿਰਫ਼ 45% ਸੀ, ਜੋ ਹੁਣ ਵਧ ਕੇ 65-70% ਹੋ ਗਈ ਹੈ। ਪਰੰਤੂ ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਬਰੈਂਪਟਨ ਇਲਾਕੇ ਦੇ ਸਾਰੇ ਐਮਪੀ ਹੁਣ ਖੁਸ਼ ਹਨ ਕਿ ਹੁਣ ਵੱਧ ਲੋਕਾਂ ਦੇ ਵੀਜ਼ੇ ਲੱਗ ਰਹੇ ਹਨ। ਉਨ੍ਹਾਂ ਨਾਲ ਹੀ ਵਾਅਦਾ ਕੀਤਾ ਕਿ ਇਸ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।
ਅੰਤ ਵਿੱਚ ਉਨ੍ਹਾਂ ਨੇ ਅਦਾਰਾ ਪਰਵਾਸੀ ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ‘ਦੀ ਕੈਨੇਡੀਅਨ ਪਰਵਾਸੀ’ ਅੰਗਰੇਜ਼ੀ ਅਖ਼ਬਾਰ ਸ਼ੁਰੂ ਕਰਨ ਦੀਆਂ ਮੁਬਾਰਕਾਂ ਵੀ ਦਿੱਤੀਆਂ।
ਹੁਣ ਸਿਟੀਜ਼ਨਸ਼ਪ ਹਾਸਲ ਕਰਨਾ ਹੋਵੇਗਾ ਹੋਰ ਵੀ ਅਸਾਨ
ਇਮੀਗਰੇਸ਼ਨ ਅਤੇ ਸਿਟੀਜਨਸ਼ਪ ਮੰਤਰੀ ਅਹਿਮਦ ਹੁਸੈਨ ਨੇ ‘ਪਰਵਾਸੀ ਰੇਡੀਓ’ ਰਾਹੀਂ ਇਹ ਖ਼ਬਰ ਵੀ ਸਾਂਝੀ ਕੀਤੀ ਕਿ ਬੜੀ ਜਲਦੀ ਇਹ ਕਾਨੂੰਨ ਵੀ ਲਾਗੂ ਹੋ ਜਾਵੇਗਾ ਕਿ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਮੁੜ ਤੋਂ ਹੁਣ ਪੰਜ ਸਾਲ ਵਿੱਚੋਂ ਤਿੰਨ ਸਾਲ ਦਾ ਸਮਾਂ ਪੂਰਾ ਕਰਨਾ ਹੋਵੇਗਾ, ਜੋ ਕਿ ਪਿਛਲੀ ਸਰਕਾਰ ਨੇ ਛੇ ਸਾਲਾਂ ਦੇ ਸਟੇਅ ਦੌਰਾਨ ਕੁੱਲ ਚਾਰ ਸਾਲ ਰਹਿਣਾ ਕਰ ਦਿੱਤਾ ਸੀ। ਇਸ ਵਿੱਚ ਇਕ ਹੋਰ ਤਰਮੀਮ ਇਹ ਵੀ ਕੀਤੀ ਜਾ ਰਹੀ ਹੈ ਕਿ ਦੋ ਸਾਲ ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰਨ ਵਾਲੇ ਲੋਕਾਂ ਦਾ ਸਮਾਂ ਵੀ ਸਿਟਿਜ਼ਨਸ਼ਿਪ ਲਈ ਅੱਧਾ ਭਾਵ ਇਕ ਸਾਲ ਜੋੜ ਲਿਆ ਜਾਵੇਗਾ, ਜਿਸ ਨਾਲ ਕੈਨੇਡਾ ਵਿੱਚ ਆਏ ਵਿਦਿਆਰਥੀਆਂ ਅਤੇ ਵਰਕ ਪਰਮਟਿ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …