2.3 C
Toronto
Tuesday, December 23, 2025
spot_img
Homeਘਰ ਪਰਿਵਾਰਆਰਐੱਸਐੱਸ ਜਮਾਤ ਦੇ ਵਿਚਾਰਕ 'ਸਾਵਰਕਰ' ਦੀ ਸੋਚ ਬਨਾਮ ਬਿਲਕਿਸ ਬਾਨੋ ਦੇ ਸਮੂਹਿਕ...

ਆਰਐੱਸਐੱਸ ਜਮਾਤ ਦੇ ਵਿਚਾਰਕ ‘ਸਾਵਰਕਰ’ ਦੀ ਸੋਚ ਬਨਾਮ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰੀਆਂ ਦੀ ਰਿਹਾਈ

ਬਲਜੀਤ ਸਿੰਘ ਖ਼ਾਲਸਾ ਦੀ ਪੁਸਤਕ ‘ਬਲਾਤਕਾਰੀ ਪੁਲਿਸ ਫੋਰਸਾਂ’ ਵਿੱਚ ਇਸ ਕੌੜੀ ਹਕੀਕਤ ਬਾਰੇ ਅਹਿਮ ਇੰਕਸ਼ਾਫ
ਡਾ. ਗੁਰਵਿੰਦਰ ਸਿੰਘ
ਇਨ੍ਹੀਂ ਦਿਨੀਂ ਗੁਜਰਾਤ ਵਾਸੀ ਗਰਭਪਤੀ ਮੁਸਲਿਮ ਔਰਤ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਲਈ ਦੋਸ਼ੀ ਬਲਾਤਕਾਰੀਆਂ ਦੀ ਰਿਹਾਈ ਦਾ ਮਾਮਲਾ ਚਰਚਾ ਵਿੱਚ ਹੈ। 2002 ਵਿਚ ਗੁਜਰਾਤ ਵਿਚ ਹੋਏ ਮੁਸਲਿਮ ਵਿਰੋਧੀ ਕਤਲੇਆਮ ਦੌਰਾਨ ਇਕ ਮੁਸਲਿਮ ਔਰਤ ਬਿਲਕਿਸ ਬਾਨੋ ਦੇ ਦਰਜਨ ਦੇ ਕਰੀਬ ਪਰਿਵਾਰਕ ਮੈਂਬਰਾਂ ਦੀ ਸਮੂਹਿਕ ਹੱਤਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ 11 ਭਾਜਪਾਈਆਂ ਨੂੰ ਗੁਜਰਾਤ ਸਰਕਾਰ ਨੇ ਰਿਹਾਅ ਕਰ ਦਿੱਤਾ ਹੈ। ਇਸ ਵਰਤਾਰੇ ਦੇ ਸੱਚ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਭਾਜਪਾ ਦੇ ਇੱਕ ਵਿਧਾਇਕ ਦਾ ਬਿਆਨ ਕਿ ‘ਬਲਾਤਕਾਰੀ ਬ੍ਰਾਹਮਣ ਹਨ, ਚੰਗੇ ਕਿਰਦਾਰ ਵਾਲੇ ਹਨ’, ਦਰਅਸਲ ਦਾਮੋਦਰ ਬਿਨਾਇਕ ਦੀ ਸੋਚ ਵਿਚੋਂ ਆਇਆ ਹੈ, ਜੋ ਇੱਥੋਂ ਤੱਕ ਲਿਖਦਾ ਹੈ ਕਿ ਦੁਸ਼ਮਣ ਦੀਆਂ ਧੀਆਂ ਭੈਣਾਂ ਮਾਵਾਂ ਨਾਲ ਬਲਾਤਕਾਰ ਕਰਨਾ ਹਿੰਦੂਤਵੀ ਸੋਚ ਦਾ ‘ਇਕ ਜੰਗੀ ਹਥਿਆਰ’ ਹੈ।
ਅੱਜ ਜਦੋਂ ਕਸ਼ਮੀਰ ਤੋਂ ਲੈ ਕੇ ਕੰਨਿਆ- ਕੁਮਾਰੀ ਤੱਕ ਘੱਟ ਗਿਣਤੀਆਂ ਅਤੇ ਸੰਘਰਸ਼ਸ਼ੀਲ ਕੌਮਾਂ ਦੀਆਂ ਧੀਆਂ ਭੈਣਾਂ ਨਾਲ ਜਬਰ- ਜਨਾਹ ਹੋ ਰਹੇ ਹਨ ਜਾਂ ਦੇਸ਼ ਦੇ ਭਗਵੇਂਕਰਨ ਦੇ ਧਾਰਨੀ ਅਖੌਤੀ ਨੇਤਾ ਕਸ਼ਮੀਰੀ ਔਰਤਾਂ ਨੂੰ ‘ਭੋਗਣ ਵਾਲੀ ਵਸਤੂ’ ਤੱਕ ਦੱਸ ਰਹੇ ਹਨ, ਅਜਿਹੇ ਸਮੇਂ ਕਿਤਾਬ ‘ਬਲਾਤਕਾਰੀ ਪੁਲਿਸ ਫੋਰਸਾਂ’ ਵਿੱਚ ਲੇਖਕ ਬਲਜੀਤ ਸਿੰਘ ਖ਼ਾਲਸਾ ਵੱਲੋਂ ਕੀਤੇ ਸਵਰਕਰੀ ਸੋਚ ਦੇ ਖੁਲਾਸੇ ਜਾਨਣੇ ਜ਼ਰੂਰੀ ਹਨ। ਕਿਤਾਬ ਦੀ ਭੂਮਿਕਾ -‘ਬਲਾਤਕਾਰ ਇਕ ਜੰਗੀ ਹਥਿਆਰ’ ਨਿਕੋਲਸ ਡੀ ਕ੍ਰਿਸਟੋਫ ਦੀ ਲਿਖੀ ਹੋਈ ਹੈ, ਜੋ ਲਵਲੀਨ ਜੌਲੀ ਨੇ ਅਨੁਵਾਦ ਕਰਕੇ ਪੇਸ਼ ਕੀਤੀ ਹੈ ਕਿ ਕਿਵੇਂ ਦੁਨੀਆਂ ਭਰ ਵਿੱਚ ਬਲਾਤਕਾਰ ਨੂੰ ‘ਜੰਗੀ ਹਥਿਆਰ’ ਵਜੋਂ ਵਰਤਿਆ ਗਿਆ ਹੈ। ਕਿਤਾਬ ਦੇ ਮੁੱਢਲੇ ਸ਼ਬਦਾਂ ਵਿੱਚ ਬਲਜੀਤ ਸਿੰਘ ਖਾਲਸਾ ਬਲਾਤਕਾਰ ਦੀ ਨੀਤੀ ਬਾਰੇ ਹਿੰਦੂਤਵੀ ਆਰਐੱਸਐੱਸ ਜਮਾਤ ਦੇ ਵਿਚਾਰਕ ‘ਵਿਨਾਇਕ ਦਾਮੋਦਰ ਸਾਵਰਕਰ’ ਦੀ ਕਿਤਾਬ ‘ਭਾਰਤੀ ਇਤਿਹਾਸ ਦੇ ਛੇ ਭਾਵਸ਼ਾਲੀ ਯੁੱਗ’ ਦੇ ਚੈਪਟਰ 8 ਦੇ ਪੈਰਾ 442-443 ਵਿੱਚੋਂ ਲਿਖਦੇ ਹਨ ਕਿ ਕਿਵੇਂ ਸਾਵਰਕਰ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਘੱਟ ਗਿਣਤੀ, ਖਾਸਕਰ ਮੁਸਲਿਮ ਔਰਤਾਂ ਨਾਲ ਬਲਾਤਕਾਰ ਕਰਨਾ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ।
‘ਵਿਨਾਇਕ ਦਾਮੋਦਰ ਸਾਵਰਕਰ’ ਦਾ ਤਰਕ ਹੈ ਕਿ ਯੁੱਧ ਵਿੱਚ ਦੁਸ਼ਮਣ ਦੇ ਨਾਲ ਕਿਸੇ ਵੀ ਤਰਾਂ ਦੀ ਰਿਆਇਤ ਆਤਮ- ਹੱਤਿਆ ਹੈ ਤੇ ਦੁਸ਼ਮਣ ਨੂੰ ਹਰਾਉਣ ਲਈ ਉਸ ਦੀਆਂ ਧੀਆਂ- ਭੈਣਾਂ ਨਾਲ ਜਬਰ- ਜਿਨਾਹ ਵੀ ਜੰਗ ਦਾ ਇੱਕ ਹਥਿਆਰ ਹੈ। 268 ਪੰਨਿਆਂ ਦੀ ਇਸ ਕਿਤਾਬ ਵਿੱਚ ਪੰਜਾਬ, ਕਸ਼ਮੀਰ, ਛੱਤੀਸਗੜ੍ਹ ਮਣੀਪੁਰ, ਉਡੀਸ਼ਾ, ਆਸਾਮ, ਉੱਤਰ ਪ੍ਰਦੇਸ਼ ਆਦਿ ਵੱਖ-ਵੱਖ ਸਟੇਟਾਂ ਵਿੱਚ ਭਾਰਤੀ ਪੁਲਿਸ ਅਤੇ ਹਥਿਆਰਬੰਦ ਬਲਾਂ ਵੱਲੋਂ ਨਿਰਦੋਸ਼ ਅਤੇ ਬੇਵੱਸ -ਲਾਚਾਰ ਔਰਤਾਂ ਨਾਲ ਕੀਤੀ ਜਬਰ ਜਨਾਹ ਦੀ ਕਹਾਣੀ ਦਰਜ ਹੈ। ਪੰਜਾਬ ਪੁਲਿਸ ਦੇ ਮੁਖੀ ਰਹੇ ਬੁਚੜ ਪੁਲਸੀਏ ਅਤੇ ਸਰਕਾਰੀ ਦਰਬਾਰੀ ਲੇਖਕਾਂ ਦੇ ਸ਼ਬਦ ਵਿੱਚ ‘ਟੌਪ ਕੌਪ’ ਕੇ ਪੀ ਐਸ ਗਿੱਲ ਤੋਂ ਲੈ ਕੇ ਭਾਰਤੀ ਫੌਜ ਤੇ ਸੀ ਆਰ ਪੀ ਐੱਫ ਦੇ ਬਲਾਂ ਦੇ ਆਗੂਆਂ ਦੇ, ਰੌਂਗਟੇ ਖੜ੍ਹੇ ਕਰਨ ਵਾਲੇ ਬਲਾਤਕਾਰੀ ਢੰਗ- ਤਰੀਕਿਆਂ ਨੂੰ ਲੇਖਕ ਨੇ ਸੋਨੀ ਸੋਰੀ ਸਮੇਤ ਅਨੇਕਾਂ ਪੀੜਤ ਔਰਤਾਂ ਨਾਲ ਹੋਈ ਧੱਕੇਸ਼ਾਹੀ ਦੇ ਰੂਪ ਵਿੱਚ ਬਿਆਨ ਕੀਤਾ ਹੈ। ਸੰਘਰਸ਼ਸ਼ੀਲ ਕੌਮਾਂ ਦੀਆਂ ਔਰਤਾਂ ਨਾਲ, ਬਲਾਤਕਾਰ ਦੀ ਹਕੂਮਤੀ ਨੀਤੀ ਦਾ ਖੌਫਨਾਕ ਸੱਚ ਪੇਸ਼ ਕਰਨ ਲਈ, ਬਲਜੀਤ ਸਿੰਘ ਖਾਲਸਾ ਨੇ ਅਜਿਹੀ ਰੌਂਗਟੇ ਖੜ੍ਹੇ ਕਰਨ ਵਾਲੀ ਕਿਤਾਬ ਪਾਠਕਾਂ ਦੇ ਹੱਥੀਂ ਸੌਂਪੀ ਹੈ। ‘ਬਲਾਤਕਾਰੀ ਪੁਲਿਸ ਫੋਰਸਾਂ’ ਕਿਤਾਬ ਨੇ ਸੈਂਕੜੇ ਹੀ ਅਜਿਹੀਆਂ ਉਦਾਹਰਨਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਪੁਲਿਸ ਤੇ ਫ਼ੌਜ ਨੇ ਥਾਂ -ਥਾਂ ਬਲਾਤਕਾਰ ਕੀਤੇ। ਕੀ ਉਨ੍ਹਾਂ ਨੂੰ ਵੀ ਉਹੀ ਸਜ਼ਾ ਮਿਲੇਗੀ? ਸੱਚ ਤਾਂ ਇਹ ਹੈ ਕਿ ਉਨ੍ਹਾਂ ਵਿੱਚੋਂ ਬਹੁਤੇ ਤਾਂ ਜੇਲਾਂ ਦੀਆਂ ਸਲਾਖਾਂ ਪਿੱਛੇ ਵੀ ਨਹੀਂ ਗਏ।
ਦੁਖਾਂਤ ਇਸ ਗੱਲ ਦਾ ਹੈ ਕਿ ਦੇਸ਼- ਵਿਦੇਸ਼ ਦੀਆਂ ਸਾਹਿਤ ਸਭਾਵਾਂ ਦੇ ਬਹੁਤ ਸਾਰੇ ਲੇਖਕ ਵੀ ਚੰਨ- ਚਾਨਣੀ ਰਾਤ ਦੀਆਂ ਰੋਮਾਂਟਿਕ ਗੱਲਾਂ ਜਾਂ ਸੱਚ ਤੋਂ ਮੁਨਕਰ ਹੋ ਕੇ ਆਸ਼ਕੀ ਦੀਆਂ ਕਹਾਣੀਆਂ ਲਿਖਣ ਵਿੱਚ ਖੱਚਤ ਹਨ, ਜਿਸ ਕਾਰਨ ਉਨ੍ਹਾਂ ਨੂੰ ਹਕੂਮਤਾਂ ਦਾ ਸੇਕ ਝੱਲਣ ਦੀ ਥਾਂ ਇਨਾਮ ਮਿਲਦੇ ਹਨ, ਜਦਕਿ ਜ਼ੁਲਮ ਦੀ ਦਾਸਤਾਨ ਬਿਆਨ ਕਰਨ ਵਾਲੀਆਂ ਕਿਤਾਬਾਂ ਲਿਖਣਾ ਅੱਜ ਸਮੇਂ ਦੀ ਮੰਗ ਹੈ। ਇਹ ਕਿਤਾਬ ਅੱਜ ਦੇ ਸਮੇਂ, ਕਸ਼ਮੀਰ ਦੀਆਂ ਧੀਆਂ ਭੈਣਾਂ ਪ੍ਰਤੀ ਆ ਰਹੇ ਬਿਆਨਾਂ ਦੀ ਅਸਲੀਅਤ ਜਾਨਣ ਅਤੇ ਗੰਦੀ ਮਨੂੰਵਾਦੀ ਮਾਨਸਿਕਤਾ ਨੂੰ ਸਮਝਣ ਲਈ ਮਹੱਤਵਪੂਰਨ ਹੈ ਅਤੇ ਸਭ ਨੂੰ ਪੜ੍ਹਨੀ ਚਾਹੀਦੀ ਹੈ।
ਮਸਲਾ ਕਿਸੇ ਇੱਕ ਬਿਲਕਿਸ ਬਾਨੋ ਦਾ ਨਹੀਂ, ਸਗੋਂ ਹਜ਼ਾਰਾਂ- ਲੱਖਾਂ ਪੀੜਤ ਦਲਿਤ ਅਤੇ ਘੱਟ ਗਿਣਤੀ ਔਰਤਾਂ ਦਾ ਹੈ, ਜਿਨ੍ਹਾਂ ਨਾਲ ਉੱਚ ਜਾਤੀਏ ਅਤੇ ਸੱਤਾ ਦਾ ਦਲਾਲ ਸੰਘੀ ਲਾਣਾ ਸਾਵਰਕਰੀ ਸੋਚ ਦਾ ਸਹਾਰਾ ਲੈ ਕੇ, ਬਲਾਤਕਾਰ ਨੂੰ ਜੰਗੀ ਹਥਿਆਰ ਵਜੋਂ ਵਰਤਦਿਆਂ, ਇਨਸਾਨੀਅਤ ਦਾ ਕਤਲ ਕਰ ਰਿਹਾ ਹੈ। ਉਨ੍ਹਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਸਮੇਂ ਦੀ ਮੰਗ ਹੈ।

RELATED ARTICLES
POPULAR POSTS