ਸਰਕਾਰ ਵੱਲੋਂ ਦਿੱਤੀਆਂ ਕਈ ਪ੍ਰਮੁੱਖ ਸਹੂਲਤਾਂ ਬਾਰੇ ਵੀ ਦਿੱਤੀ ਜਾਣਕਾਰੀ
ਬਰੈਂਪਟਨ : ਸਾਲ 2022 ਦੀਆਂ ਛੁੱਟੀਆਂ ਦਾ ਇਹ ਸਮਾਂ ਸਾਡੇ ਸਾਰਿਆਂ ਲਈ ਬੜਾ ਖ਼ਾਸ ਤੇ ਖ਼ੁਸ਼ੀਆਂ ਭਰਪੂਰ ਹੈ। ਇਸ ਮੌਕੇ ਮੈਂ ਆਪਣੇ ਪਰਿਵਾਰ ਅਤੇ ਟੀਮ ਵੱਲੋਂ ਬਰੈਂਪਟਨ-ਵਾਸੀਆਂ ਅਤੇ ਸਮੂਹ ਕੈਨੇਡਾ-ਵਾਸੀਆਂ ਨੂੰ ਮੈਰੀ ਕ੍ਰਿਸਮਸ, ਹੈਪੀ ਹੌਲੀਡੇਜ਼ ਅਤੇ ਹੈਪੀ ਨਿਊ ਯੀਅਰ ਕਹਿੰਦੀ ਹਾਂ ਅਤੇ ਆਸ ਕਰਦੀ ਹਾਂ ਕਿ ਨਵਾਂ ਸਾਲ 2023 ਸਾਡੇ ਸਾਰਿਆਂ ਲਈ ਖ਼ੁਸ਼ੀਆਂ-ਖੇੜੇ ਲਿਆਏ। ਤੁਸੀਂ ਭਾਵੇਂ ਬਰੈਂਪਟਨ ਡਾਊਨ ਟਾੳੈਨ ਦੇ ਗੇਜ ਪਾਰਕ ਵਿੱਚ ਸਕੇਟਿੰਗ ਕਰ ਰਹੇ ਹੋਵੋ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ-ਮਿੱਤਰਾਂ ਨਾਲ ਮਿਲ ਬੈਠ ਕੇ ਖ਼ੁਸ਼ੀਆਂ ਸਾਂਝੀਆਂ ਕਰ ਰਹੇ ਹੋਵੋ, ਮੈਂ ਸਮੂਹ ਬਰੈਂਪਟਨ-ਵਾਸੀਆਂ ਨੂੰ ਚਾਵਾਂ ਤੇ ਖ਼ੁਸ਼ੀਆਂ ਭਰਪੂਰ ਹੈਪੀ ਹੌਲੀਡੇਜ਼ ਸੀਜ਼ਨ ਕਹਿੰਦੀ ਹਾਂ।
ਅਸੀਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਵਿਚ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਆਰਥਿਕ ਅਤੇ ਹੋਰ ਕਈ ਕਿਸਮ ਦੀ ਸਮਾਜਿਕ ਸਹਾਇਤਾ ਦੀ ਜ਼ਰੂਰਤ ਹੈ। ਏਸੇ ਲਈ ਕੈਨੇਡਾ ਸਰਕਾਰ ਉਨ੍ਹਾਂ ਲਈ ਅਤੇ ਹੋਰ ਕੈਨੇਡਾ-ਵਾਸੀਆਂ ਲਈ ਸਖ਼ਤ ਮਿਹਨਤ ਕਰ ਰਹੀ ਹੈ। ਇਸ ਮੰਤਵ ਲਈ ਸਰਕਾਰ ਵੱਲੋਂ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚੋਂ ਇਹ ਪ੍ਰਮੁੱਖ ਹਨ : ਮਹਿੰਗਾਈ ਦਾ ਮੁਕਾਬਲਾ ਕਰਨ ਲਈ ਅਤੇ ਰਹਿਣ-ਸਹਿਣ ਦੇ ਮਿਆਰ ਨੂੰ ਸਥਿਰ ਰੱਖਣ ਲਈ ਕੈਨੇਡਾ ਚਾਈਲਡ ਬੈਨੀਫ਼ਿਟ , ਜੀ.ਐੱਸ.ਟੀ. ਕਰੈਡਿਟ , ਕੈਨੇਡਾ ਪੈੱਨਸ਼ਨ ਪਲੈਨ , ਓਲਡ ਏਜ ਸਕਿਉਰਿਟੀ ਅਤੇ ਗਰੰਟੀਡ ਇਨਕਮ ਸਪਲੀਮੈਂਟ ਵਰਗੀਆਂ ਕਈ ਲੋਕ-ਭਲਾਈ ਸਕੀਮਾਂ ਚੱਲ ਰਹੀਆਂ ਹਨ। ਕੈਨੇਡਾ ਸਟੂਡੈਂਟ ਕਰਜ਼ਾ ਸਕੀਮ ਅਧੀਨ ਵਿਦਿਆਰਥੀਆਂ ਵੱਲੋਂ ਪੜ੍ਹਾਈ ਲਈ ਲਏ ਗਏ ਕਰਜ਼ੇ ਦੀ ਮੁੜ ਅਦਾਇਗੀ ਉਦੋਂ ਤੱਕ ਅੱਗੇ ਪਾ ਦਿੱਤੀ ਗਈ ਹੈ ਜਦੋਂ ਤੀਕ ਉਹ 40,000 ਡਾਲਰ ਪ੍ਰਤੀ ਮਹੀਨਾ ਕਮਾਉਣ ਦੇ ਯੋਗ ਨਹੀਂ ਹੋ ਜਾਂਦੇ। ਕੈਨੇਡਾ ਡੈਂਟਲ ਬੈਨੀਫ਼ਿਟ ਅਧੀਨ 90,000 ਡਾਲਰ ਸਲਾਨਾ ਕਮਾਉਣ ਵਾਲੇ ਯੋਗ ਪਰਿਵਾਰਾਂ ਨੂੰ ਦੰਦਾਂ ਦੀ ਸੰਭਾਲ ਲਈ ਫ਼ਾਇਦਾ ਹੋਵੇਗਾ। ਇਸ ਸਕੀਮ ਹੇਠ ਉਹ ਆਪਣੇ ਬਾਰਾਂ ਸਾਲ ਤੱਕ ਦੇ ਦੋ ਬੱਚਿਆਂ ਲਈ 1300 ਡਾਲਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਦੋ ਸਾਲ ਲਈ ਲਾਭ ਉਠਾ ਸਕਦੇ ਹਨ।
11 ਮਿਲੀਅਨ ਕੈਨੇਡੀਅਨ ਘਰਾਂ ਦੇ ਮਾਲਕਾਂ ਲਈ ਜੀ.ਐੱਸ.ਟੀ. ਕਰੈਡਿਟ ਛੇ ਮਹੀਨੇ ਲਈ ਦੁਗਣਾ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਯੋਗ ਪਰਿਵਾਰਾਂ ਨੇ ਇਹ ਰਕਮ ਵਸੂਲ ਵੀ ਕਰ ਲਈ ਹੈ ਜੋ ਕਿ ਚਾਰ ਜੀਆਂ ਦੇ ਪਰਿਵਾਰ ਲਈ 467 ਡਾਲਰ ਵਾਧੂ ਸਹਾਇਤਾ ਬਣਦੀ ਹੈ। ਕੈਨੇਡਾ ਹਾਊਸਿੰਗ ਬੈਨੀਫ਼ਿਟ ਅਧੀਨ ਅਰਜ਼ੀ-ਧਾਰਕਾਂ ਨੂੰ 500 ਡਾਲਰ ਦੇ ਹਿਸਾਬ ਨਾਲ ਟੈਕਸ-ਫ਼ਰੀ ਅਦਾਇਗੀ ਕੀਤੀ ਗਈ ਹੈ।
ਸਾਡੀ ਸਰਕਾਰ ਇਹ ਭਲੀ-ਭਾਂਤ ਜਾਣਦੀ ਹੈ ਕਿ ਉਸ ਨੂੰ ਕੈਨੇਡਾ-ਵਾਸੀਆਂ ਲਈ ਹੋਰ ਬਹੁਤ ਕੁਝ ਕਰਨਾ ਬਣਦਾ ਹੈ ਅਤੇ ਉਹ ਇਸ ਦੇ ਲਈ ਨਵੇਂ ਸਾਲ ਵਿਚ ਅਜਿਹੇ ਹੋਰ ਵੀ ਯਤਨ ਜਾਰੀ ਰੱਖੇਗੀ। ਨਵੇਂ ਸਾਲ 2023 ਲਈ ਬਹੁਤ ਸਾਰੀਆਂ ਮੁਬਾਰਕਾਂ ਅਤੇ ਸ਼ੁਭ-ਕਾਮਨਾਵਾਂ! ਇਹ ਸਾਡੇ ਸਾਰਿਆਂ ਲਈ ਨਵੀਆਂ ਆਸਾਂ, ਉਮੀਦਾਂ ਅਤੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ!