17 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਨੂੰ ਬਿਹਤਰ ਸਿਹਤ ਸੇਵਾਵਾਂ ਦੀ ਜ਼ਰੂਰਤ : ਐਂਡਰੀਆ ਹਾਰਵਥ

ਬਰੈਂਪਟਨ ਨੂੰ ਬਿਹਤਰ ਸਿਹਤ ਸੇਵਾਵਾਂ ਦੀ ਜ਼ਰੂਰਤ : ਐਂਡਰੀਆ ਹਾਰਵਥ

andrea-horwath-listening-problems-of-bramptonians-copy-copyਐਮ.ਪੀ.ਪੀ. ਜਗਮੀਤ ਸਿੰਘ ਦੇ ਦਫ਼ਤਰ
‘ਚ ਦੁਖੀਆਂ ਦੀ ਦਾਸਤਾਨ ਸੁਣੀ
ਬਰੈਂਪਟਨ/ਡਾ.ਝੰਡ : ਲੰਘੇ ਸ਼ੁੱਕਰਵਾਰ 16 ਦਸੰਬਰ ਨੂੰ ਐੱਨ.ਡੀ.ਪੀ. ਨੇਤਾ ਐਂਡਰੀਆ ਹਾਰਵੱਥ ਨੇ ਬਰੈਂਪਟਨ ਗੋਰ ਮਾਲਟਨ ਦੇ ਐੱਮ.ਪੀ.ਪੀ. ਜਗਮੀਤ ਸਿੰਘ ਦੇ ਦਫ਼ਤਰ ਵਿੱਚ ਉਨ੍ਹਾਂ ਨਾਲ ਰਾਊਂਡ-ਟੇਬਲ ਮੀਟਿੰਗ ਦੌਰਾਨ ਬਰੈਂਪਟਨ-ਵਾਸੀਆਂ ਦੀਆਂ ਦਰਦ-ਭਰੀਆਂ ਗਾਥਾਵਾਂ ਸੁਣੀਆਂ ਅਤੇ ਕਿਹਾ ਕਿ ਬਰੈਂਪਟਨ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਸਖ਼ਤ ਲੋੜ ਹੈ। ਸ਼ਾਮੀਂ 4.30 ਵਜੇ ਸ਼ੁਰੂ ਹੋਈ ਲੱਗਭੱਗ ਇੱਕ ਘੰਟਾ ਚੱਲੀ ਇਸ ਮੀਟਿੰਗ ਵਿੱਚ ਉਨ੍ਹਾਂ ਉੱਥੇ ਪੰਜ ਵਿਅੱਕਤੀਆਂ ਦੇ ਦੁੱਖੜੇ ਸੁਣੇ ਅਤੇ ਬਾਅਦ ਵਿੱਚ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ। ਇਸ ਮੀਟਿੰਗ ਦੌਰਾਨ ਇੱਕ ਮੁਸਲਿਮ ਬੀਬੀ ਤਾਹਿਰਾ ਦਾ ਕਹਿਣਾ ਸੀ ਕਿ ਬਰੈਂਪਟਨ ਐਮਰਜੈਂਸੀ ਵਾਰਡ ਵਿੱਚ ਦਰਦ ਨਾਲ ਕੁਰਲਾ ਰਹੇ ਮਰੀਜ਼ਾਂ ਨੂੰ ਸੱਤ-ਅੱਠ ਘੰਟੇ ਉਡੀਕ ਕਰਵਾ ਕੇ ਡਾਕਟਰ ਪਰਚੀ ‘ਤੇ ‘ਟਾਇਲਾਨੌਲ’ ਲਿਖ ਕੇ ਹੱਥ ਫੜਾ ਦਿੰਦੇ ਹਨ। ਉਸ ਨੇ ਆਪਣੇ ਪਤੀ ਦੇ ਕੇਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਸ ਦੀ ਸੱਜੀ ਵੱਖੀ ਵਿੱਚ ਸਖ਼ਤ ਦਰਦ ਹੋਣ ‘ਤੇ ਉਸ ਨੂੰ ਐਮਰਜੈਂਸੀ ਵਿੱਚ ਲਿਆਂਦਾ ਗਿਆ ਗਿਆ ਅਤੇ ਭਾਰੀ ਉਡੀਕ ਤੋਂ ਬਾਅਦ ਮੌਕੇ ‘ਤੇ ਮੌਜੂਦ ਡਾਕਟਰ ਇਸ ਨੂੰ ਮਾਮੂਲੀ ਦਰਦ ਦੱਸਦਿਆਂ ਹੋਇਆਂ ਜਦ ‘ਟਾਇਲਾਨੌਲ’ ਲਿਖ ਕੇ ਦੇਣ ਲੱਗਾ ਤਾਂ ਉਸ ਨੇ ਇਸ ਦਰਦ ਦੀ ਡਾਕਟਰੀ ਜਾਂਚ ਕਰਾਉਣ ਦੀ ਜ਼ਿਦ ਕੀਤੀ। ਸਕੈਨਿੰਗ ਵਗ਼ੈਰਾ ਤੋਂ ਬਾਅਦ ਉਹ ਗਾਲ-ਬਲੈਡਰ ਵਿੱਚ ਪੱਥਰੀਆਂ ਦਾ ਕੇਸ ਨਿੱਕਲਿਆ ਜਿਸ ਵਿੱਚ ਓਪਰੇਸ਼ਨ ਤੋਂ ਬਾਅਦ ਗਾਲ-ਬਲੈਡਰ ਨੂੰ ਰੀਮੂਵ ਕਰਨਾ ਪਿਆ।
ਏਸੇ ਤਰ੍ਹਾਂ ਅਫ਼ਰੀਕੀ ਮੂਲ ਦੇ ਜੈਸਨ ਨੇ ਆਪਣੀ ਮਾਂ ਨੂੰ ਐਮਰਜੈਂਸੀ ਹਾਲਤ ਵਿੱਚ ਹਸਪਤਾਲ ਲਿਆਉਣ ਬਾਰੇ ਦੱਸਿਆ ਜਿਸ ਨੂੰ ਸਾਹ ਬੜੀ ਮੁਸ਼ਕਲ ਨਾਲ ਆਉਣ ਕਾਰਨ ਆਕਸੀਜਨ ਦੀ ਤੁਰਤ ਜ਼ਰੂਰਤ ਸੀ ਜੋ ਉਸ ਸਮੇਂ ਉੱਥੇ ਮੌਜੂਦ ਨਹੀਂ ਸੀ। ਉਸ ਨੂੰ ਖ਼ੁਦ ਆਪ ਆਕਸੀਜਨ ਦਾ ਪ੍ਰਬੰਧ ਕਰਨਾ ਪਿਆ। ਡਾਕਟਰੀ ਜਾਂਚ ਉਪਰੰਤ ਉਸ ਦੀ ਮਾਂ ਨੂੰ ਫ਼ੌਰੀ ਡਾਇਲਸਿਜ਼ ਦੀ ਜ਼ਰੂਰਤ ਪਈ ਜਿਸ ਦੌਰਾਨ ਉਸ ਦਾ ਬੀ.ਪੀ.ਬਹੁਤ ਹੀ ਘੱਟ ਹੋ ਗਿਆ ਅਤੇ ਉਹ ਇਸ ਦੁਨੀਆਂ ਵਿੱਚ ਨਾ ਰਹੀ। ਜੈਸਨ ਨੇ ਕਿਹਾ ਕਿ ਜੇਕਰ ਉਸ ਦੀ ਮਾਂ ਦਾ ਇਲਾਜ ਸਮੇਂ-ਸਿਰ ਹੋ ਜਾਂਦਾ ਤਾਂ ਸ਼ਾਇਦ ਉਹ ਬਚ ਹੀ ਜਾਂਦੀ। ਆਪਣੀ ਮੌਤ ਦਾ ਕਾਰਨ ਉਸ ਨੇ ਐਮਰਜੈਂਸੀ ਵਾਰਡ ਵਿੱਚ ਦੇਰ ਨਾਲ ਆਉਣ ਵਾਲੀ ਵਾਰੀ ਅਤੇ ਉੱਥੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਦੱਸਿਆ।
ਮੀਟਿੰਗ ਦੌਰਾਨ ਗੁਰਪਿੰਦਰ ਸਿੰਘ ਚਾਹਲ ਅਤੇ ਹਾਕਮ ਸੰਧੂ ਵੱਲੋਂ ਬਿਆਨ ਕੀਤੇ ਗਏ ਕੇਸ ਲੱਗਭੱਗ ਇੱਕੋ ਜਿਹੇ ਬਰੈਂਪਟਨ ਵਿੱਚ ‘ਹੋਮ-ਕੇਅਰ’ ਦੇ ਬਾਰੇ ਸਨ। ਗੁਰਪਿੰਦਰ ਚਾਹਲ ਦਾ ਕਹਿਣਾ ਸੀ ਕਿ ਉਸ ਦੇ ਪਿਤਾ ਜੀ ਬਿਰਧ ਅਵਸਥਾ ਵਿੱਚ ਉਸ ਦੇ ਨਾਲ ਵੁੱਡਬਰਿੱਜ/ਹਾਈਵੇਅ-27 ਦੇ ਨੇੜੇ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਹੋਮ-ਕੇਅਰ ਦੀ ਸੁਵਿਧਾ ਦਿੱਤੀ ਜਾ ਰਹੀ ਸੀ। ਕੁਝ ਸਮੇਂ ਬਾਅਦ ਉਹ ਨੇੜੇ ਹੀ ਰਹਿੰਦੇ ਉਨ੍ਹਾਂ ਦੇ ਛੋਟੇ ਭਰਾ ਕੋਲ ਰਹਿਣ ਲਈ ਚਲੇ ਗਏ ਜੋ ਦੂਸਰੇ ਰਿਜਨ ਵਿੱਚ ਪੈਂਦਾ ਸੀ। ਉਨ੍ਹਾਂ ਦੀ ਹੋਮ ਕੇਅਰ ਵਾਲੀ ਫ਼ਾਈਲ ਉੱਥੇ ਤਬਦੀਲ ਹੋ ਗਈ ਅਤੇ ਉਨ੍ਹਾਂ ਨੂੰ ਇਹ ਸੁਵਿਧਾ ਮਿਲਦੀ ਰਹੀ। ਸਾਲ ਕੁ ਬਾਅਦ ਛੋਟੇ ਭਰਾ ਨੂੰ ਨੌਕਰੀ ਦੇ ਸਿਲਸਿਲੇ ਵਿੱਚ ਅਮਰੀਕਾ ਮੂਵ ਹੋਣਾ ਪੈ ਗਿਆ ਅਤੇ ਪਿਤਾ ਜੀ ਫਿਰ ਉਸ ਕੋਲ ਹੀ ਰਹਿਣ ਲੱਗੇ। ਜਦੋਂ ਉਨ੍ਹਾਂ ਦੀ ਫ਼ਾਈਲ ਮੁੜ ਪਹਿਲੇ ਹਸਪਤਾਲ ਵਿੱਚ ਲੈ ਕੇ ਗਏ ਤਾਂ ਉੱਥੋਂ ਦੇ ਪ੍ਰਬੰਧਕ ਕਹਿਣ ਲੱਗੇ ਕਿ ਉਨ੍ਹਾਂ ਦਾ ਕੇਸ ਵੇਟਿੰਗ ਵਿੱਚ ਰੱਖਣਾ ਪਵੇਗਾ ਕਿਉਂਕਿ ਉਨ੍ਹਾਂ ਕੋਲ ਸੀਮਤ ਸਾਧਨ ਹੋਣ ਕਰਕੇ ਉਹ ਇਹ ਸੁਵਿਧਾ ਤੁਰੰਤ ਨਹੀਂ ਦੇ ਸਕਦੇ। ਇੰਜ ਹੀ, ਹਾਕਮ ਸਿੰਘ ਸੰਧੂ ਦੇ ਪਿਤਾ ਜੀ ਦੇ ਪੰਜਾਬ (ਭਾਰਤ) ਵਿੱਚ ਕੁਝ ਲੰਮਾ ਸਮਾਂ ਗ਼ੁਜ਼ਾਰਨ ਬਾਅਦ ਜਦੋਂ ਇੱਥੇ ਵਾਪਸ ਆਏ ਤਾਂ ਉਨ੍ਹਾਂ ਨੂੰ ਇਹ ਸੁਵਿਧਾ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦਾ ਕੇਸ ਵੀ ਵੇਟਿੰਗ ਵਿੱਚ ਰੱਖਿਆ ਗਿਆ। ਏਸੇ ਤਰ੍ਹਾਂ ਅਮਰਜੀਤ ਸਿੰਘ ਸੰਧੂ ਨੇ ਵੀ ਆਪਣਾ ਦੁੱਖੜਾ ਐਂਡਰੀਆ ਅੱਗੇ ਰੋਇਆ ਜੋ ਦਵਾਈਆਂ ਦੀਆਂ ਵੱਧਦੀਆਂ ਕੀਮਤਾਂ ਦੇ ਬਾਰੇ ਸੀ।
ਦੁਖਿਆਰਿਆਂ ਦੀ ਵਿਥਿਆਵਾਂ ਸੁਣਨ ਤੋਂ ਬਾਅਦ ਐਂਡਰੀਆ ਹਾਰਵੱਥ ਦਾ ਕਹਿਣਾ ਸੀ ਕਿ ਬਰੈਂਪਟਨ ਦੇ ਸਿਵਿਕ ਹਸਪਤਾਲ ਦਾ ਐਮਰਜੈਂਸੀ ਵਾਰਡ ਦੇਸ਼ ਦਾ ਸੱਭ ਤੋਂ ਵੱਧ ਰੁੱਝਾ ਹੋਇਆ ਵਾਰਡ ਹੈ ਅਤੇ ਅਸਲੀਅਤ ਵਿੱਚ ਇਹ ਇੰਜ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਰੈਂਪਟਨ ਸ਼ਹਿਰ ਬੜੀ ਤੇਜ਼ੀ ਨਾਲ ਵੱਧ ਫੁੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਬਹੁਤ ਸਾਰੇ ਵਿਅੱਕਤੀ ਇੱਥੇ ਰਹਿਣਾ ਪਸੰਦ ਕਰ ਰਹੇ ਹਨ। ਪਰ ਸੂਬੇ ਦੀ ਲਿਬਰਲ ਸਰਕਾਰ ਉਸ ਅਨੁਪਾਤ ਨਾਲ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਨਹੀਂ ਕਰ ਰਹੀ। ਇਸ ਸਮੇਂ ‘ਹੋਮ-ਕੇਅਰ’ ਲਈ 1,000 ਤੋਂ ਉੱਪਰ ਲੋਕ ਉਡੀਕ-ਲਾਈਨ ਵਿੱਚ ਲੱਗੇ ਹੋਏ ਹਨ। ਪਿਛਲੇ ਛੇ ਹਫ਼ਤਿਆਂ ਵਿੱਚ ਸੂਬਾ ਸਰਕਾਰ ਵੱਲੋਂ ਬੜੀ ਮੁਸ਼ਕਲ ਨਾਲ ਮਰੀਜ਼ਾਂ ਲਈ ਕੁਝ ਫੰਡ ਜਾਰੀ ਕੀਤੇ ਗਏ ਹਨ।
ਇਸ ਦੌਰਾਨ ਹਾਰਵੱਥ ਨੇ ਹੋਰ ਕਿਹਾ ਕਿ ਓਨਟਾਰੀਓ ਐੱਨ.ਡੀ.ਪੀ. ਹਸਪਤਾਲਾਂ ਲਈ ਲੋੜੀਂਦੀ ਫੰਡਿੰਗ ਉਪਲੱਭਧ ਕਰਾਉਣ ਲਈ ਵਚਨਬੱਧ ਹੈ ਅਤੇ ਲਿਬਰਲ ਸਰਕਾਰ ਨੂੰ ਹਸਪਤਾਲਾਂ ਵਿੱਚੋਂ ਨਰਸਾਂ ਨੂੰ ਫ਼ਾਇਰ ਕਰਨ ‘ਤੇ ਰੋਕ ਲਾਉਣ ਲਈ ਵੀ ਕਹਿ ਰਹੀ ਹੈ। ਪਾਰਟੀ ਮਹਿਸੂਸ ਕਰਦੀ ਹੈ ਕਿ ਇਨ੍ਹਾਂ ਦੋ ਕਦਮਾਂ ਨਾਲ ਸਰਕਾਰ ਵੱਲੋਂ ਓਨਟਾਰੀਓ-ਵਾਸੀਆਂ ਨੂੰ ਹੋਰ ਕੁਝ ਹੱਦ ਤੀਕ ਵਧੇਰੇ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ ਜੋ ਕਿ ਸਰਕਾਰ ਵੱਲੋਂ ਕਮਿਊਨਿਟੀਆਂ ਨੂੰ ਦੇਣੀਆਂ ਬਣਦੀਆਂ ਹਨ। ਇਸ ਪੱਤਰਕਾਰ ਦੇ ਇੱਕ ਸਵਾਲ ਦੇ ਜੁਆਬ ਵਿੱਚ ਐਂਡਰੀਆ ਨੇ ਦੱਸਿਆ ਸੂਬੇ ਦੇ ਲੱਗਭੱਗ ਸਾਰੇ ਹੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੀ ਘਾਟ ਹੈ ਪਰ ਬਰੈਂਪਟਨ ਸਿਵਿਕ ਹਸਪਤਾਲ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੈ।
ਐੱਮ.ਪੀ.ਪੀ. ਜਗਮੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਰੈਂਪਟਨ ਵਿੱਚ ਇੱਕ ਹੋਰ ਮੈਡੀਕਲ ਸੈਂਟਰ ਖੁੱਲ੍ਹ ਰਿਹਾ ਹੈ। ਇਹ ਚੰਗੀ ਗੱਲ ਹੈ ਪਰ ਇਸ ਦੇ ਨਾਲ ਬੁਰੀ ਗੱਲ ਇਹ ਹੈ ਕਿ ਉੱਥੇ ਮਰੀਜ਼ਾਂ ਲਈ ਐਮਰਜੈਂਸੀ ਸੇਵਾਵਾਂ ਉਪਲੱਭਧ ਨਹੀਂ ਹੋਣਗੀਆਂ ਅਤੇ ਨਾ ਹੀ ਇਹ ਮੈਡੀਕਲ ਸੈਂਟਰ ਹਫ਼ਤੇ ਦੇ ਸੱਤੇ ਦਿਨ ਚੌਵੀ ਘੰਟੇ ਸਿਹਤ ਸੇਵਾਵਾਂ ਦੇਵੇਗਾ। ਇਸ ਦਾ ਸਿੱਧਾ ਭਾਵ ਇਹ ਹੈ ਕਿ ਉਹ ਬਰੈਂਪਟਨ ਸਿਵਿਕ ਹਸਪਤਾਲ ਦਾ ਭਾਰ ਨਹੀਂ ਵੰਡਾ ਸਕੇਗਾ। ਇਹ ਲਿਬਰਲ ਸਰਕਾਰ ਦੀ ਘਟੀਆ ਪਲੈਨਿੰਗ ਦਾ ਨਤੀਜਾ ਹੈ। ਉਨ੍ਹਾਂ ਹੋਰ ਕਿਹਾ ਕਿ ਰੁੱਝੀਆਂ ਹੋਈਆਂ ਐਮਰਜੈਂਸੀ ਸੇਵਾਵਾਂ ਦੇ ਨਾਲ-ਨਾਲ ਬਰੈਂਪਟਨ ਸਿਵਿਕ ਹਸਪਤਾਲ ਸਾਲ 2013 ਦੇ ਅਖ਼ੀਰ ਤੋਂ ਸੁਰੱਖਿਅਤ ਭਰਪੂਰਤਾ ਦੀ ਸੀਮਾ ਤੋਂ ਵੀ ਅੱਗੇ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਹੋਰ ਮਰੀਜ਼ਾਂ ਦੇ ਇਲਾਜ ਲਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਆਡੀਟਰ ਜਨਰਲ ਦੀ ਸਾਲ 2016 ਦੀ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਓਨਟਾਰੀਓ ਦੇ 60% ਮੈਡੀਕਲ ਵਾਰਡ ਆਪਣੀ ਸੁਰੱਖਿਅਤ ਸਮਰੱਥਾ ਤੋਂ ਉੱਪਰ 85% ਤੋਂ ਵਧੇਰੇ ਭਰੇ ਹੋਏ ਹਨ।

RELATED ARTICLES
POPULAR POSTS