Breaking News
Home / ਜੀ.ਟੀ.ਏ. ਨਿਊਜ਼ / ਟੋਰੀ ਵੱਲੋਂ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਬਿਲਕਲ ਸਹੀ : ਫਰੀਲੈਂਡ

ਟੋਰੀ ਵੱਲੋਂ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਬਿਲਕਲ ਸਹੀ : ਫਰੀਲੈਂਡ

ਟੋਰਾਂਟੋ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਆਪਣੀ ਸਟਾਫ ਮੈਂਬਰ ਦੇ ਨਾਲ ਪਿੱਛੇ ਜਿਹੇ ਮੁੱਕੇ ਅਫੇਅਰ ਦੀ ਗੱਲ ਸਵੀਕਾਰਨ ਤੋਂ ਬਾਅਦ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਵੱਲੋਂ ਅਸਤੀਫਾ ਦੇਣ ਦਾ ਫੈਸਲਾ ਬਿਲਕੁਲ ਸਹੀ ਹੈ।
ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਦੇਰ ਰਾਤ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਟੋਰੀ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਕਈ ਹੋਰਨਾਂ ਟੋਰਾਂਟੋ ਵਾਸੀਆਂ ਵਾਂਗ ਹੀ ਇਹ ਖਬਰ ਸੁਣ ਕੇ ਉਨ੍ਹਾਂ ਨੂੰ ਕਾਫੀ ਹੈਰਾਨੀ ਹੋਈ। ਯੂਨੀਵਰਸਿਟੀ-ਰੋਜਡੇਲ, ਓਨਟਾਰੀਓ ਦੀ ਨੁਮਾਇੰਦਗੀ ਕਰਨ ਵਾਲੀ ਫਰੀਲੈਂਡ ਨੇ ਆਖਿਆ ਕਿ ਆਪਣੇ ਵੱਲੋਂ ਕੀਤੀ ਗਈ ਗਲਤੀ ਨੂੰ ਸਵੀਕਾਰ ਕੇ ਤੇ ਉਸ ਭੁੱਲ ਲਈ ਅਹੁਦਾ ਛੱਡਣ ਦਾ ਫੈਸਲਾ ਲੈ ਕੇ ਟੋਰੀ ਵੱਲੋਂ ਸਹੀ ਕਦਮ ਚੁੱਕਿਆ ਜਾ ਰਿਹਾ ਹੈ।
ਲੰਘੇ ਸ਼ੁੱਕਰਵਾਰ ਨੂੰ ਟੋਰੀ ਨੇ ਆਪਣੀ ਕੀਤੀ ਗਲਤੀ ਲਈ ਮੁਆਫੀ ਮੰਗ ਕੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਪਰ ਅਜੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਨਹੀਂ ਗਿਆ ਹੈ। ਇਸ ਦੌਰਾਨ ਫਰੀਲੈਂਡ ਨੇ ਉਨ੍ਹਾਂ ਖਬਰਾਂ ਦਾ ਖੰਡਨ ਵੀ ਕੀਤਾ ਜਿਨ੍ਹਾਂ ਵਿੱਚ ਇਹ ਆਖਿਆ ਗਿਆ ਸੀ ਕਿ ਟੋਰੀ ਨੂੰ ਅਸਤੀਫਾ ਦੇਣ ਤੋਂ ਰੋਕਣ ਲਈ ਸਿਆਸੀ ਆਗੂਆਂ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤੇ ਫਰੀਲੈਂਡ ਵੀ ਉਨ੍ਹਾਂ ਵਿੱਚੋਂ ਇੱਕ ਹੈ। ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ਉੱਤੇ ਲਿਬਰਲ ਕਾਕਸ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਜਾਂਦੇ ਸਮੇਂ ਫਰੀਲੈਂਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੇ ਉਨ੍ਹਾਂ ਨੂੰ ਕਿਸੇ ਗੱਲ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਹੋਵੇ ਤਾਂ ਉਨ੍ਹਾਂ ਨੂੰ ਆਪ ਉਹ ਗੱਲ ਆਖਣ ਵਿੱਚ ਕੋਈ ਦਿੱਕਤ ਨਹੀਂ ਹੈ।
ਟੋਰੀ ਦੀ ਥਾਂ ਖੱਬੇ ਪੱਖੀ ਸੋਚ ਵਾਲਾ ਮੇਅਰ ਟੋਰਾਂਟੋ ਲਈ ਨਹੀਂ ਹੋਵੇਗਾ ਸਹੀ : ਫੋਰਡ
ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਜੌਹਨ ਟੋਰੀ ਦੇ ਮੇਅਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਕਿਸੇ ਖੱਬੇ ਪੱਖੀ ਸੋਚ ਵਾਲੇ ਨੂੰ ਮੇਅਰ ਚੁਣ ਲਿਆ ਜਾਵੇਗਾ ਤੇ ਇਹ ਸਿਟੀ ਲਈ ਕੋਈ ਚੰਗੀ ਗੱਲ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਲੀਡਰਸ਼ਿਪ ਵਿੱਚ ਤਬਦੀਲੀ ਦਾ ਇਹ ਕੋਈ ਢੁਕਵਾਂ ਸਮਾਂ ਨਹੀਂ ਹੈ। ਬਰੈਂਪਟਨ ਵਿੱਚ ਗੱਲਬਾਤ ਕਰਦਿਆਂ ਫੋਰਡ ਨੇ ਆਖਿਆ ਕਿ ਜੇ ਖੱਬੇ ਪੱਖੀ ਸੋਚ ਵਾਲਾ ਕੋਈ ਮੇਅਰ ਇਸ ਸਮੇਂ ਬਣਦਾ ਹੈ ਤਾਂ ਬਹੁਤ ਗੜਬੜ ਹੋ ਜਾਵੇਗੀ। ਇਹ ਟਿੱਪਣੀ ਟੋਰੀ ਵੱਲੋਂ ਅਫੇਅਰ ਸਾਹਮਣੇ ਆਉਣ ਤੋਂ ਬਾਅਦ ਅਸਤੀਫਾ ਦੇਣ ਦੇ ਕੀਤੇ ਐਲਾਨ ਮਗਰੋਂ ਕੀਤੀ ਗਈ। 2023 ਦੇ ਸਿਟੀ ਬਜਟ ਉੱਤੇ ਵੋਟਾਂ ਪੈਣ ਤੋਂ ਬਾਅਦ ਟੋਰੀ ਵੱਲੋਂ ਅਸਤੀਫਾ ਦੇਣ ਦੀ ਗੱਲ ਆਖੀ ਗਈ ਸੀ। ਕਈ ਸਾਲਾਂ ਤੋਂ ਫੋਰਡ ਤੇ ਟੋਰੀ ਇੱਕ ਦੂਜੇ ਦੇ ਪੱਕੇ ਸਹਿਯੋਗੀ ਰਹੇ ਹਨ।

 

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …